ਨਕੋਦਰ ''ਚ ਲੱਖਾਂ ਦਾ ਕਾਰੋਬਾਰ ਕਰ ਰਹੇ ਨੇ ''ਦੇਹ ਵਪਾਰੀ''

08/10/2019 4:46:00 PM

ਨਕੋਦਰ (ਪਾਲੀ) : ਸਥਾਨਕ ਸ਼ਹਿਰ ਅਤੇ ਇਲਾਕੇ 'ਚ ਸਮੇਂ ਦੇ ਨਾਲ ਹੁਣ ਹਾਈਟੈਕ ਹੋ ਚੁੱਕਿਆ ਜਿਸਮ-ਮਾਫੀਆ ਦਾ ਗੋਰਖਧੰਦਾ ਵੀ ਲੱਖਾਂ ਦਾ ਕਾਰੋਬਾਰ ਕਰ ਰਿਹਾ ਹੈ। ਸ਼ਹਿਰ ਦੀਆਂ ਬਹੁਤ ਸਾਰੀਆਂ ਪਾਸ਼ ਕਾਲੋਨੀਆਂ 'ਚ ਆਪਣਾ ਫਨ ਫੈਲਾ ਚੁੱਕਿਆ ਇਹ ਜਿਸਮ-ਮਾਫੀਆ ਹਰ ਵਰਗ ਦੀ ਡਿਮਾਂਡ 'ਤੇ ਸੈਕਸ ਵਰਕਰ ਮੁਹੱਈਆ ਕਰਵਾ ਕੇ ਜਿੱਥੇ ਮੋਟੀ ਰਕਮ ਬਟੋਰ ਰਿਹਾ ਹੈ, ਉਥੇ ਲੰਬੇ ਚੱਲਣ ਵਾਲੇ ਗਾਹਕਾਂ ਦਾ ਰਾਜ਼ਦਾਰ ਹੋਣ ਦੇ ਨਾਲ-ਨਾਲ ਉਨ੍ਹਾਂ ਦੀਆਂ ਪੁਜ਼ੀਸ਼ਨਾਂ ਦਾ ਵੀ ਲਾਭ ਲੈ ਰਿਹਾ ਹੈ। ਆਲਮ ਇਹ ਹੈ ਕਿ ਸਿਆਸਤਦਾਨਾਂ ਦੀ ਸਰਪ੍ਰਸਤੀ 'ਚ ਬੈਠਾ ਇਹ ਜਿਸਮ-ਮਾਫੀਆ ਧੰਦੇ ਦੇ ਸ਼ੌਕੀਨਾਂ, ਰਈਸਜ਼ਾਦਿਆਂ ਅਤੇ ਗਲਤ ਰਾਹ ਪਈ ਨੌਜਵਾਨ ਪੀੜ੍ਹੀ ਨੂੰ ਦੋਵਾਂ ਹੱਥਾਂ ਨਾਲ ਲੁੱਟ ਰਿਹਾ ਹੈ। ਇਨ੍ਹਾਂ ਦੀ ਲਪੇਟ 'ਚ ਆ ਕੇ ਕਈ ਤਾਂ ਆਪਣਾ ਕੰਮ-ਕਾਜ ਅਤੇ ਘਰ ਤਕ ਤਬਾਹ ਕਰ ਚੁੱਕੇ ਹਨ ਅਤੇ ਕਈ ਅੱਜ ਵੀ ਇਨ੍ਹਾਂ ਦੀ ਗ੍ਰਿਫਤ ਵਿਚ ਫਸੇ ਤਬਾਹੀ ਵਲ ਵੱਧ ਰਹੇ ਹਨ। ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨ ਵਲੋਂ ਇਸ 'ਤੇ ਨੁਕੇਲ ਨਾ ਕੱਸੀ ਗਈ ਤਾਂ ਕਈਆਂ ਨੂੰ ਕੰਗਾਲ ਅਤੇ ਬਰਬਾਦ ਕਰ ਚੁੱਕਿਆ ਇਹ ਜਿਸਮ-ਮਾਫੀਆ ਪਤਾ ਨਹੀ ਕਿੰਨੇ ਕੁ ਘਰਾਂ ਨੂੰ ਆਪਣਾ ਸ਼ਿਕਾਰ ਬਣਾਵੇਗਾ।
ਸ਼ਹਿਰ ਦੇ ਕਈ ਹੋਟਲ, ਹੋਟਲਾਂ, ਗੈਸਟ ਹਾਊਸਾਂ, ਪਾਸ਼ ਕਾਲੋਨੀਆਂ ਸਮੇਤ ਪਾਰਲਰਾਂ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦੇ ਕਿੱਸੇ ਹਰ ਕਿਸੇ ਦੀ ਜ਼ੁਬਾਨ 'ਤੇ ਚੱਲ ਰਹੇ ਹਨ, ਜਿਸ ਕਰ ਕੇ ਦੂਜੇ ਸ਼ਹਿਰਾਂ ਤੋਂ ਇਸ ਧੰਦੇ ਦੇ ਸ਼ੌਕੀਨ ਲੋਕ ਮੌਜ-ਮਸਤੀ ਕਰਨ ਲਈ ਅਕਸਰ ਇਥੇ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਧੰਦੇ ਦੇ ਗਾਹਕਾਂ ਨੂੰ ਪੂਰਾ ਵਿਸ਼ਵਾਸ ਦੁਆਇਆ ਜਾਂਦਾ ਹੈ ਕਿ ਉਹ ਬੇਖੌਫ ਹੋ ਕੇ ਆਉਣ ਕਿਉਂਕਿ ਇਥੇ ਕੋਈ ਸਮੱਸਿਆ ਨਹੀਂ ਆਵੇਗੀ। ਇਸ ਕਰ ਕੇ ਇਹ ਧੰਦਾ ਸ਼ਹਿਰ ਵਿਚ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਉਕਤ ਧੰਦੇ ਨਾਲ ਜੁੜੇ ਲੋਕ ਆਪਣੇ ਰਾਜਨੀਤਕ ਆਗੂਆਂ ਦੀ ਸ਼ਹਿ 'ਤੇ ਧੰਦੇ ਨੂੰ ਅੰਜਾਮ ਦੇ ਰਹੇ ਹਨ ਤੇ ਪੁਲਸ ਦੇ ਕੁੱਝ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਪੂਰੀ ਸੈਟਿੰਗ ਹੈ।

ਘੰਟਿਆਂ ਦੇ ਹਿਸਾਬ ਨਾਲ ਵਸੂਲੇ ਜਾਂਦੇ ਨੇ ਪੈਸੇ
ਸ਼ਹਿਰ ਦੇ ਉਕਤ ਹੋਟਲਾਂ, ਗੈਸਟ ਹਾਊਸ, ਪਾਸ਼ ਕਾਲੋਨੀਆਂ, ਪਾਰਲਰਾਂ 'ਚ ਮੌਜ-ਮਸਤੀ ਕਰਨ ਲਈ ਆਉਣ ਵਾਲੇ ਜੋੜਿਆਂ ਤੋਂ ਕਮਰੇ ਦਾ ਚਾਰਜ ਜਿੱਥੇ ਘੰਟਿਆਂ ਦੇ ਹਿਸਾਬ ਨਾਲ ਕਰ ਰਿਹਾ ਹੈ।

ਪੁਲਸ ਪ੍ਰਸ਼ਾਸਨ ਚੁੱਕੇ ਸਖਤ ਕਦਮ
ਸ਼ਹਿਰ ਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਪਾਸੇ ਸਖਤ ਕਦਮ ਚੁੱਕੇ ਤਾਂ ਜੋ ਬਰਬਾਦ ਹੋ ਰਹੇ ਘਰਾਂ ਦੇ ਨਾਲ-ਨਾਲ ਸਮਾਜ ਵਿਚ ਆਪਣਾ ਰੁਤਬਾ ਗੁਆ ਚੁੱਕੀਆਂ ਔਰਤਾਂ ਨੂੰ ਵੀ ਵਾਪਸ ਆਉਣ ਦਾ ਮੌਕਾ ਮਿਲ ਸਕੇ।

ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਹੋਈ ਵਾਇਰਲ ਹੋਈ ਵੀਡੀਓ ਨੇ ਲਾਈ ਚਰਚਾ 'ਤੇ ਮੋਹਰ
ਨਕੋਦਰ 'ਚ ਹਾਈ ਪ੍ਰੋਫਾਈਲ ਤਰੀਕੇ ਨਾਲ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਦੇਹ ਵਪਾਰ ਦੀ ਖੇਡ ਦੇ ਰੰੰਗੀਨ ਮਿਜ਼ਾਜੀ ਧੰਦੇ ਦੇ ਕਿੱਸੇ ਭਾਵੇਂ ਪਿਛਲੇ ਕਾਫੀ ਸਮੇਂ ਤੋਂ ਖੂਬ ਚਰਚਾ 'ਚ ਸਨ ਪਰ ਇਸ ਚਰਚਾ 'ਤੇ ਮੋਹਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਇਕ ਵੀਡੀਓ ਨੇ ਲਗਾ ਦਿੱਤੀ।

ਉਕਤ ਵੀਡੀਓ ਸ਼ਹਿਰ ਦੇ ਇਕ ਪਾਸ਼ ਕਾਲੋਨੀ ਵਿਚ ਸਥਿਤ ਪਾਰਲਰ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਦੁਕਾਨਦਾਰ ਪਾਰਲਰ ਵਿਚ ਕੰਮ ਕਰਨ ਵਾਲੀਆਂ ਦੋ ਲੜਕੀਆਂ ਦੀ ਕੁੱਟ-ਮਾਰ ਕਰ ਕੇ ਦੋਸ਼ ਲਗਾ ਰਿਹਾ ਹੈ ਕਿ ਲੜਕੀਆਂ ਪਾਰਲਰ ਦੀ ਆੜ 'ਚ ਗਲਤ ਕੰਮ ਕਰ ਰਹੀਆਂ ਹਨ। ਜਿਨ੍ਹਾਂ ਨੂੰ ਉਨ੍ਹਾਂ ਵਲੋਂ ਇਤਰਾਜ਼ਯੋਗ ਹਾਲਤ ਵਿਚ ਫੜਿਆ ਗਿਆ ਹੈ ਪਰ ਲੜਕੇ ਮੌਕੇ ਤੋਂ ਫਰਾਰ ਹੋ ਗਏ। ਵੀਡੀਓ 'ਚ ਲੜਕੀਆਂ ਵੀਡੀਓ ਬਣਾਉਣ ਵਾਲੇ ਉਕਤ ਵਿਅਕਤੀ ਦੀਆਂ ਕਾਫੀ ਮਿੰਨਤਾਂ ਤਰਲੇ ਕਰ ਰਹੀਆਂ ਹਨ। ਉਕਤ ਮਾਮਲੇ ਨੂੰ ਲੈ ਕੇ ਸਿਟੀ ਪੁਲਸ ਨੂੰ ਇਕ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ।

ਇਸ ਸਬੰਧੀ ਜਦੋਂ ਸਿਟੀ ਥਾਣਾ ਮੁਖੀ ਮੁਹੰਮਦ ਜ਼ਮੀਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਦੋਸ਼ੀ ਪਾਇਆ ਗਿਆ , ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਵਿਚ ਗਲਤ ਕੰਮ ਕਰਨ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
 


Anuradha

Content Editor

Related News