ਵਣ ਨਿਗਮ ''ਚ ਪ੍ਰਮੋਸ਼ਨ ਗੜਬੜੀ, ਉਛਲਿਆ ਸਾਧੂ ਸਿੰਘ ਧਰਮਸੋਤ ਦਾ ਨਾਂ

Monday, Aug 31, 2020 - 01:55 PM (IST)

ਵਣ ਨਿਗਮ ''ਚ ਪ੍ਰਮੋਸ਼ਨ ਗੜਬੜੀ, ਉਛਲਿਆ ਸਾਧੂ ਸਿੰਘ ਧਰਮਸੋਤ ਦਾ ਨਾਂ

ਚੰਡੀਗੜ੍ਹ (ਅਸ਼ਵਨੀ) : ਵਜ਼ੀਫ਼ਾ ਘੋਟਾਲੇ 'ਤੇ ਪੈਦਾ ਹੋਏ ਵਿਵਾਦ ਦੇ ਵਿਚ ਵਣ ਨਿਗਮ 'ਚ ਇਕ ਨਵੀਂ 'ਪ੍ਰਮੋਸ਼ਨ ਗੜਬੜੀ' ਸਾਹਮਣੇ ਆ ਗਈ ਹੈ। ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮਿਟਡ 'ਚ ਪਿਛਲੇ ਦਿਨੀਂ ਨਿਯਮ-ਕਾਇਦਿਆਂ ਨੂੰ ਤਾਕ 'ਤੇ ਰੱਖ ਕੇ ਤਾਬੜਤੋੜ ਪ੍ਰਮੋਸ਼ੰਸ ਕੀਤੀਆਂ ਗਈਆਂ ਹਨ। ਧਰਮਸੋਤ ਇਸ ਕਾਰਪੋਰੇਸ਼ਨ 'ਚ ਚੇਅਰਮੈਨ ਹਨ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਧਰਮਸੋਤ ਦੇ ਇਸ਼ਾਰੇ 'ਤੇ ਹੀ ਵਿਭਾਗੀ ਨਿਯਮ-ਕਾਇਦਿਆਂ ਨੂੰ ਤਾਕ 'ਤੇ ਰੱਖ ਕੇ ਪ੍ਰਮੋਸ਼ਨ ਵੰਡੀ ਗਈ। ਖ਼ਾਸ ਗੱਲ ਇਹ ਹੈ ਕਿ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਹਰਿੰਦਰ ਸਿੰਘ ਗਰੇਵਾਲ 31 ਅਗਸਤ, 2020 ਨੂੰ ਰਿਟਾਇਰ ਹੋਣ ਵਾਲੇ ਹਨ ਅਤੇ ਰਿਟਾਇਰਮੈਂਟ ਤੋਂ ਠੀਕ ਪਹਿਲਾਂ ਉਨ੍ਹਾਂ ਦੇ ਹੁਕਮ 'ਤੇ ਹੀ ਜਲਦਬਾਜ਼ੀ 'ਚ ਪ੍ਰਮੋਸ਼ੰਸ ਦੇ ਪੱਤਰ ਵੰਡੇ ਗਏ ਹਨ। ਨਿਗਮ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮਿਟਡ ਦੀ ਵਿਭਾਗੀ ਤਰੱਕੀ ਕਮੇਟੀ ਨੇ 19 ਅਗਸਤ, 2020 ਨੂੰ ਬੈਠਕ ਕੀਤੀ ਸੀ, ਜਿਸ 'ਚ ਸਿਰਫ਼ ਸੀਨੀਅਰਤਾ ਦੇ ਆਧਾਰ 'ਤੇ ਹੀ ਫੀਲਡ ਸੁਪਰਵਾਈਜ਼ਰ ਨੂੰ ਸਿੱਧੇ ਪ੍ਰੋਜੈਕਟ ਅਫ਼ਸਰ ਤਾਇਨਾਤ ਕਰਨ ਨੂੰ ਹਰੀ ਝੰਡੀ ਦਿਖਾਈ ਗਈ। ਇਸ ਆਧਾਰ 'ਤੇ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਹਰਿੰਦਰ ਸਿੰਘ ਗਰੇਵਾਲ ਨੇ 25 ਅਗਸਤ ਨੂੰ ਫੀਲਡ ਸੁਪਰਵਾਈਜ਼ਰਾਂ ਨੂੰ ਸਿੱਧੇ ਪ੍ਰੋਜੈਕਟ ਅਫ਼ਸਰ ਬਣਾਉਣ ਦਾ ਪੱਤਰ ਜਾਰੀ ਕਰ ਦਿੱਤਾ। ਉਧਰ, ਬਾਈਲਾਜ ਦੀ ਗੱਲ ਕਰੀਏ ਤਾਂ ਫੀਲਡ ਸੁਪਰਵਾਈਜ਼ਰ ਨੂੰ ਪਹਿਲਾਂ ਡਿਪਟੀ ਪ੍ਰੋਜੈਕਟ ਅਫ਼ਸਰ ਪ੍ਰਮੋਸ਼ਨ ਮਿਲਦੀ ਹੈ ਅਤੇ 7 ਸਾਲ ਡਿਪਟੀ ਪ੍ਰੋਜੈਕਟ ਅਫ਼ਸਰ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਉਸ ਨੂੰ ਪ੍ਰੋਜੈਕਟ ਅਫ਼ਸਰ ਬਣਾਇਆ ਜਾ ਸਕਦਾ ਹੈ। ਇਸ ਦੇ ਠੀਕ ਉਲਟ, ਬਾਈਲਾਜ ਨੂੰ ਨਜ਼ਰਅੰਦਾਜ ਕਰਦਿਆਂ ਤਮਾਮ ਫੀਲਡ ਸੁਪਰਵਾਈਜ਼ਰਾਂ ਨੂੰ ਸਿੱਧੇ ਪ੍ਰੋਜੈਕਟ ਅਫ਼ਸਰ ਪ੍ਰਮੋਟ ਕਰਨ ਦੇ ਪੱਤਰ ਜਾਰੀ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰ ਰਹੇ ਨੇ ਅਕਾਲੀ: ਬਲਜਿੰਦਰ ਕੌਰ

11 ਫੀਲਡ ਸੁਪਰਵਾਈਜ਼ਰਾਂ ਨੂੰ ਦਿੱਤੀ ਗਈ ਪ੍ਰਮੋਸ਼ਨ 
ਇਕ ਹਫ਼ਤੇ ਦੇ ਅੰਦਰ-ਅੰਦਰ ਨਿਗਮ 'ਚ 9 ਫੀਲਡ ਸੁਪਰਵਾਈਜ਼ਰਾਂ ਨੂੰ ਪ੍ਰੋਜੈਕਟ ਅਫ਼ਸਰ ਅਤੇ 2 ਫੀਲਡ ਸੁਪਰਵਾਈਜ਼ਰਾਂ ਨੂੰ ਡਿਪਟੀ ਪ੍ਰੋਜੈਕਟ ਅਫ਼ਸਰ ਦੀ ਪ੍ਰਮੋਸ਼ਨ ਦਿੱਤੀ ਗਈ ਹੈ। ਉਥੇ ਹੀ, ਦੱਸਿਆ ਜਾ ਰਿਹਾ ਹੈ ਕਿ 2 ਹੋਰ ਫੀਲਡ ਸੁਪਰਵਾਈਜ਼ਰਾਂ ਨੂੰ ਪ੍ਰਮੋਸ਼ਨ 'ਤੇ ਵੀ ਚਰਚਾ ਹੋਈ ਸੀ ਪਰ ਵਿਭਾਗੀ ਜਾਂਚ ਜਾਂ ਹੋਰ ਕਾਰਣਾਂ ਕਾਰਨ ਉਨ੍ਹਾਂ ਦਾ ਮਾਮਲਾ ਸੀਲਡ ਕਵਰ ਰੱਖਿਆ ਗਿਆ ਹੈ।

ਭਵਿੱਖ ਦੀ ਪ੍ਰਮੋਸ਼ਨ ਵੀ ਹੁਣੇ ਕਰ ਦਿੱਤੀ ਗਈ
ਹੈਰਾਨੀ ਵਾਲੀ ਗੱਲ ਇਹ ਹੈ ਕਿ ਪ੍ਰਮੋਸ਼ਨ ਦੇ ਜੋ ਪੱਤਰ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿਚ 4 ਫੀਲਡ ਸੁਪਰਵਾਈਜ਼ਰ ਅਜਿਹੇ ਹਨ, ਜਿਨ੍ਹਾਂ ਨੂੰ ਭਵਿੱਖ ਵਿਚ ਖਾਲੀ ਹੋਣ ਵਾਲੀ ਜਗ੍ਹਾ ਦੇ ਬਦਲੇ 'ਚ ਹੁਣੇ ਤਲੋਂ ਪ੍ਰਮੋਸ਼ਨ ਦੇ ਦਿੱਤੀ ਗਈ ਹੈ। ਇਨ੍ਹਾਂ ਵਿਚੋਂ 2 ਫੀਲਡ ਸੁਪਰਵਾਈਜ਼ਰਾਂ ਨੂੰ ਪ੍ਰੋਜੈਕਟ ਅਫ਼ਸਰ ਪ੍ਰਮੋਟ ਕੀਤਾ ਗਿਆ ਹੈ ਅਤੇ 2 ਫੀਲਡ ਸੁਪਰਵਾਈਜ਼ਰਾਂ ਨੂੰ ਡਿਪਟੀ ਪ੍ਰੋਜੈਕਟ ਅਫ਼ਸਰ ਪ੍ਰਮੋਟ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭੁਪਿੰਦਰ ਸਿੰਘ ਨਾਮ ਦੇ ਫੀਲਡ ਸੁਪਰਵਾਈਜ਼ਰ ਨੂੰ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਉਸ ਦੀ ਪ੍ਰਮੋਸ਼ਨ ਦੇ ਹੁਕਮ 1 ਦਸੰਬਰ, 2020 ਤੋਂ ਲਾਗੂ ਹੋਣਗੇ ਪਰ ਤਰੱਕੀ ਮਗਰੋਂ ਕਰਮਚਾਰੀ ਬਤੌਰ ਪ੍ਰੋਜੈਕਟ ਅਫ਼ਸਰ ਮੌਜੂਦਾ ਸਮੇਂ ਵਿਚ ਨਿਯੁਕਤੀ ਵਾਲੀ ਜਗ੍ਹਾ 'ਤੇ ਕੰਮ ਕਰਦਾ ਰਹੇਗਾ। ਇਸੇ ਕੜੀ 'ਚ ਅੰਮ੍ਰਿਤਪਾਲ ਸਿੰਘ ਅਤੇ ਜੋਗਿੰਦਰ ਸਿੰਘ ਨਾਮ ਦੇ ਫੀਲਡ ਸੁਪਰਵਾਈਜ਼ਰਾਂ ਤੋਂ ਡਿਪਟੀ ਪ੍ਰੋਜੈਕਟ ਅਫ਼ਸਰ ਪ੍ਰਮੋਟ ਹੋਣ ਦੇ ਹੁਕਮ 1 ਦਸੰਬਰ, 2020 ਤੋਂ ਲਾਗੂ ਹੋਣ ਦਾ ਪੱਤਰ ਜਾਰੀ ਕੀਤਾ ਗਿਆ ਹੈ। ਉਥੇ ਹੀ, ਸੁਖਜਿੰਦਰ ਸਿੰਘ ਨੂੰ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਉਸ ਦੇ ਹੁਕਮ 1 ਸਤੰਬਰ, 2020 ਤੋਂ ਲਾਗੂ ਹੋਣਗੇ।

ਇਹ ਵੀ ਪੜ੍ਹੋ : ਜਲੰਧਰ: ਬੰਗਾਲੀ ਡਾਕਟਰ ਦੇ ਕਲੀਨਿਕ 'ਚ ਇਲਾਜ ਕਰਵਾਉਣ ਆਈ ਔਰਤ ਦੀ ਮੌਤ, ਪਰਿਵਾਰ ਵੱਲੋਂ ਹੰਗਾਮਾ

ਫੀਲਡ ਸੁਪਰਵਾਈਜ਼ਰਾਂ ਨੂੰ ਦਿੱਤੀ ਗਈ ਪ੍ਰਮੋਸ਼ਨ ਉਨ੍ਹਾਂ ਦੀ 20 ਸਾਲ ਦੀ ਨੌਕਰੀ ਨੂੰ ਧਿਆਨ ਵਿਚ ਰੱਖ ਕੇ ਦਿੱਤੀ ਗਈ ਹੈ। ਅਨੁਭਵ ਦੇ ਹਿਸਾਬ ਨਾਲ ਉਹ ਪ੍ਰੋਜੈਕਟ ਅਫ਼ਸਰ ਦੇ ਅਹੁਦੇ 'ਤੇ ਪ੍ਰਮੋਸ਼ਨ ਦੇ ਹੱਕਦਾਰ ਹਨ ਅਤੇ ਇਸ ਦੇ ਆਧਾਰ 'ਤੇ ਉਨ੍ਹਾਂ ਨੂੰ ਪ੍ਰਮੋਟ ਕੀਤਾ ਗਿਆ ਹੈ। ਜਿੱਥੇ ਤੱਕ ਮਾਮਲਾ ਭਵਿੱਖ ਦੀ ਪ੍ਰਮੋਸ਼ਨ ਦਾ ਹੈ ਤਾਂ ਤਰੱਕੀ ਕਮੇਟੀ ਦੀ ਬੈਠਕ ਵਾਰ-ਵਾਰ ਤਾਂ ਬੁਲਾਈ ਨਹੀਂ ਜਾ ਸਕਦੀ। ਇਸ ਲਈ ਕਮੇਟੀ ਨੇ ਭਵਿੱਖ ਵਿਚ ਹੋਣ ਵਾਲੀ ਰਿਟਾਇਰਮੈਂਟ ਨੂੰ ਧਿਆਨ ਵਿਚ ਰੱਖਦਿਆਂ ਮੌਜੂਦਾ ਕਰਮਚਾਰੀ ਨੂੰ ਹੁਣੇ ਤਰੱਕੀ ਦੇ ਦਿੱਤੀ ਹੈ ਤਾਂ ਕਿ ਜਦੋਂ ਅਹੁਦਾ ਖਾਲੀ ਹੋਵੇ ਤਾਂ ਉਹ ਉਸ ਦੀ ਜਗ੍ਹਾ ਪ੍ਰੋਜੈਕਟ ਅਫ਼ਸਰ ਦੇ ਤੌਰ 'ਤੇ ਕੰਮ ਕਰੇ। -ਹਰਿੰਦਰ ਸਿੰਘ ਗਰੇਵਾਲ, ਮੈਨੇਜਿੰਗ ਡਾਇਰੈਕਟਰ, ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮਿਟਡ।


author

Anuradha

Content Editor

Related News