ਸਿੱਖਿਆ ਵਿਭਾਗ ''ਚ ਤਰੱਕੀਆਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਮੋਸ਼ਨ ਸੈੱਲ ਦੇ ਗਠਨ ਨੂੰ ਮਨਜ਼ੂਰੀ

Thursday, Jun 15, 2023 - 09:21 PM (IST)

ਸਿੱਖਿਆ ਵਿਭਾਗ ''ਚ ਤਰੱਕੀਆਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਮੋਸ਼ਨ ਸੈੱਲ ਦੇ ਗਠਨ ਨੂੰ ਮਨਜ਼ੂਰੀ

ਚੰਡੀਗੜ੍ਹ (ਬਿਊਰੋ) : ਸਕੂਲ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਪੁਰਾਣੀ ਮੰਗ ਦਾ ਨਿਬੇੜਾ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਵੱਖਰੇ ਪ੍ਰਮੋਸ਼ਨ ਸੈੱਲ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਬੈਂਸ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਸਕੂਲ ਸਿੱਖਿਆ ਵਿਭਾਗ ਦੀ ਜ਼ਿੰਮਵਾਰੀ ਸੰਭਾਲੀ ਹੈ, ਉਦੋਂ ਤੋਂ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਮੁਲਾਜ਼ਮ ਤੇ ਅਧਿਕਾਰੀ ਤੋਂ ਸਮੇਂ ਸਿਰ ਤਰੱਕੀਆਂ ਨਾ ਹੋਣ ਦੀ ਸਭ ਤੋਂ ਵੱਧ ਸ਼ਿਕਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਸ਼ਿਕਾਇਤ ਦਾ ਪੱਕਾ ਨਿਬੇੜਾ ਕਰਦਿਆਂ ਵਿਭਾਗ ਦੇ ਵੱਖ-ਵੱਖ ਕਾਡਰਾਂ ਦੀਆਂ ਤਰੱਕੀਆਂ ਦੇ ਕੰਮ ਨੂੰ ਸੁਚਾਰੂ ਢੰਗ ਅਤੇ ਸਮੇਂ ਸਿਰ ਨੇਪਰੇ ਚਾੜ੍ਹਨ ਵਾਸਤੇ ਸੈਕੰਡਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਦਫ਼ਤਰ ਵਿਖੇ ਪ੍ਰਮੋਸ਼ਨ ਸੈੱਲ ਦਾ ਗਠਨ ਕਰਦਿਆਂ ਸਹਾਇਕ ਡਾਇਰੈਕਟਰ ਸ਼੍ਰੀਮਤੀ ਰਿਤੂ ਬਾਲਾ ਨੂੰ ਸੈੱਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੁਲਸ ਟੋਅ ਵੈਨ ਨੇ ਕਰ 'ਤਾ ਕਾਰਾ, ਭੰਨ੍ਹ ਦਿੱਤੀ ਬਰੇਜ਼ਾ, ਜਾਣੋ ਪੂਰਾ ਮਾਮਲਾ

ਸਿੱਖਿਆ ਮੰਤਰੀ ਨੇ ਦੱਸਿਆ ਕਿ ਇਹ ਸੈੱਲ ਈਟੀਟੀ/ਨਾਨ ਟੀਚਿੰਗ/ਸੀ ਐਂਡ ਵੀ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ/ਹੈੱਡ ਮਾਸਟਰ ਤਰੱਕੀ, ਲੈਕਚਰਾਰ/ ਵੋਕੇਸ਼ਨਲ ਮਾਸਟਰ/ ਹੈੱਡਮਾਸਟਰ ਤੋਂ ਪ੍ਰਿੰਸੀਪਲ ਡਿਪਟੀ ਡੀਈਓ ਤਰੱਕੀ, ਪ੍ਰਿੰਸੀਪਲ/ਡਿਪਟੀ ਡੀਈਓ ਤੋਂ ਸਹਾਇਕ ਡਾਇਰੈਕਟਰ/ਡੀਈਓ, ਸਹਾਇਕ ਡਾਇਰੈਕਟਰ/ਡੀਈਓ ਤੋਂ ਡਿਪਟੀ ਡਾਇਰੈਕਟਰ, ਡਿਪਟੀ ਡਾਇਰੈਕਟਰ ਤੋਂ ਸੰਯੁਕਤ ਡਾਇਰੈਕਟਰ ਅਤੇ ਸੰਯੁਕਤ ਡਾਇਰੈਕਟਰ ਤੋਂ ਡਾਇਰੈਕਟਰ ਐਲੀਮੈਂਟਰੀ ਸਿੱਖਿਆ ਦੀਆਂ ਤਰੱਕੀਆਂ ਦੇ ਨਾਲ-ਨਾਲ ਸਾਰੇ ਕਾਡਰਾਂ ਦੀਆਂ ਸੀਨੀਆਰਤਾ ਸੂਚੀਆਂ, ਰੋਸਟਰ ਰਜਿਸਟਰ ਬਣਾਉਣ ਸਬੰਧੀ ਕੰਮ ਅਤੇ ਅਦਾਲਤੀ ਕੇਸਾਂ ਦੀ ਪੈਰਵਾਈ ਬਾਰੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ, ਉੱਥੇ ਹੀ ਮੁਲਾਜ਼ਮਾਂ ਦੀ ਬਿਹਤਰੀ ਵਾਸਤੇ ਵੀ ਲਗਾਤਾਰ ਯਤਨਸ਼ੀਲ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News