ਖ਼ੁਦ ਨੂੰ ਗੋਲਡੀ ਬਰਾੜ ਦੱਸ ਫਗਵਾੜਾ ਦੇ ਸਨਅਤਕਾਰ ਕੁੰਦੀ ਨੂੰ ਕੀਤਾ ਫ਼ੋਨ, ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ
Saturday, Jul 02, 2022 - 10:50 PM (IST)
ਫਗਵਾੜਾ (ਜਲੋਟਾ)-ਸ਼ਹਿਰ ਦੇ ਇਕ ਉੱਘੇ ਸਨਅਤਕਾਰ ਜਤਿੰਦਰ ਕੁੰਦੀ ਨੂੰ ਮੋਬਾਇਲ ਫੋਨ ’ਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਇਸ ਬਾਰੇ ਗੱਲਬਾਤ ਕਰਦਿਆਂ ਸਨਅਤਕਾਰ ਜਤਿੰਦਰ ਕੁੰਦੀ ਨੇ ਕਿਹਾ ਕਿ ਉਸ ਨੂੰ ਅੱਜ ਫੋਨ ਨੰਬਰ 994408088798 ਤੋਂ ਕਾਲ ਆਈ ਸੀ, ਜਿਸ ’ਚ ਖੁਦ ਨੂੰ ਗੈਂਗਸਟਰ ਗੋਲਡੀ ਬਰਾੜ ਦੱਸਣ ਵਾਲੇ ਵਿਅਕਤੀ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਸਿੱਧੀਆਂ ਧਮਕੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਧਮਕੀਆਂ ਮਿਲੀਆਂ ਹਨ ਪਰ ਅੱਜ ਤਾਂ ਉਸ ਵੇਲੇ ਹੱਦ ਹੋ ਗਈ, ਜਦੋਂ ਉਸ ਨੂੰ ਸਿੱਧੇ ਤੌਰ ’ਤੇ ਜਾਨੋਂ ਮਾਰਨ ਦੀ ਹੀ ਧਮਕੀ ਦਿੰਦੇ ਹੋਏ ਖ਼ੁਦ ਨੂੰ ਗੈਂਗਸਟਰ ਗੋਲਡੀ ਬਰਾੜ ਦੱਸ ਰਹੇ ਵਿਅਕਤੀ ਨੇ ਕਿਹਾ ਕਿ ਉਹ ਜਿੱਥੇ ਮਰਜ਼ੀ ਭੱਜ ਲਵੇ, ਉਹ ਉਸ ਨੂੰ ਜਿਊਂਦਾ ਨਹੀਂ ਛੱਡਣਗੇ।
ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, ਬਿਜਲੀ ਬਿੱਲਾਂ ਨੂੰ ਲੈ ਕੇ ਕੀਤਾ ਨਵਾਂ ਐਲਾਨ
ਉਕਤ ਵਿਅਕਤੀ ਨੇ ਕਿਹਾ ਕਿ ਚੰਗਾ ਹੋਵੇਗਾ ਕਿ ਉਹ ਉਨ੍ਹਾਂ ਵੱਲੋਂ ਰੱਖੀਆਂ ਗਈਆਂ ਮੰਗਾਂ ਪੂਰੀਆਂ ਕਰ ਦੇਵੇ, ਨਹੀਂ ਤਾਂ ਇਸ ਦੇ ਗੰਭੀਰ ਅੰਜਾਮ ਭੁਗਤਣ ਲਈ ਤਿਆਰ ਰਹੋ। ਸਨਅਤਕਾਰ ਜਤਿੰਦਰ ਕੁੰਦੀ ਨੇ ਦੱਸਿਆ ਕਿ ਇਸ ਧਮਕੀ ਭਰੇ ਫੋਨ ਤੋਂ ਬਾਅਦ ਉਨ੍ਹਾਂ ਵੱਲੋਂ ਲਿਖਤੀ ਤੌਰ ’ਤੇ ਫਗਵਾੜਾ ਦੇ ਐੱਸ. ਪੀ. ਹਰਿੰਦਰਪਾਲ ਸਿੰਘ ਨੂੰ ਸਾਰੇ ਮਾਮਲੇ ਸਬੰਧੀ ਜਾਣੂ ਕਰਵਾ ਆਪਣੇ ਲਈ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਗੱਲਬਾਤ ਕਰਦਿਆਂ ਲਘੂ ਉਦਯੋਗ ਭਾਰਤੀ ਦੇ ਪ੍ਰਧਾਨ ਪੰਕਜ ਗੌਤਮ ਨੇ ਕਿਹਾ ਕਿ ਲਘੂ ਉਦਯੋਗ ਭਾਰਤੀ ਸਮੇਤ ਫਗਵਾੜਾ ਦੇ ਸਾਰੇ ਸਨਅਤਕਾਰ ਪੂਰੀ ਤਰ੍ਹਾਂ ਨਾਲ ਡਟ ਕੇ ਆਪਣੇ ਸਨਅਤਕਾਰ ਭਰਾ ਜਤਿੰਦਰ ਕੁੰਦੀ ਨਾਲ ਖੜ੍ਹੇ ਹਨ ਅਤੇ ਲਘੂ ਉਦਯੋਗ ਭਾਰਤੀ ਮੰਗ ਕਰਦੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਪੁਲਸ ਕੇਸ ਦਰਜ ਹੋਵੇ ਅਤੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਜੇਲ ਦੀਆਂ ਸਲਾਖਾਂ ਦੇ ਪਿੱਛੇ ਧੱਕਿਆ ਜਾਵੇ।
ਇਹ ਖ਼ਬਰ ਵੀ ਪੜ੍ਹੋ : ਮੂੰਗੀ ਕਾਸ਼ਤਕਾਰਾਂ ਨੂੰ ਹੋਏ ਨੁਕਸਾਨ ਦੀ ਪੂਰਤੀ ਨੂੰ ਲੈ ਕੇ CM ਭਗਵੰਤ ਮਾਨ ਨੇ ਕੀਤਾ ਅਹਿਮ ਐਲਾਨ