ਡੇਂਗੂ ਨਾਲ ਜਲੰਧਰ ਦੇ ਮਸ਼ਹੂਰ ਪ੍ਰੋਫੈਸਰ ਰਿਪਨ ਸਰਨਾ ਦੀ ਮੌਤ

Sunday, Sep 16, 2018 - 04:28 PM (IST)

ਡੇਂਗੂ ਨਾਲ ਜਲੰਧਰ ਦੇ ਮਸ਼ਹੂਰ ਪ੍ਰੋਫੈਸਰ ਰਿਪਨ ਸਰਨਾ ਦੀ ਮੌਤ

ਜਲੰਧਰ— ਐਤਵਾਰ ਸਵੇਰੇ ਜਲੰਧਰ ਸ਼ਹਿਰ ਦੇ ਮਸ਼ਹੂਰ ਅਕਾਊਂਟੈਂਸੀ ਪ੍ਰੋਫੈਸਰ ਰਿਪਨ ਸਰਨਾ ਦੀ ਮੌਤ ਹੋ ਗਈ। ਉਹ 55 ਸਾਲ ਦੇ ਸਨ ਅਤੇ ਬੀਤੇ ਕੁਝ ਦਿਨਾਂ ਤੋਂ ਡੇਂਗੂ ਨਾਲ ਪੀੜਤ ਸਨ। ਸ਼ਨੀਵਾਰ ਰਾਤ ਉਨ੍ਹਾਂ ਨੂੰ ਪਟੇਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਗਈ ਅਤੇ ਐਤਵਾਰ ਸਵੇਰੇ ਕਰੀਬ 8: 30 ਵਜੇ ਉਨ੍ਹਾਂ ਦੇ ਆਖਰੀ ਸਾਹ ਲਏ। 

ਰਿਪਨ ਸਰਨਾ ਨੂੰ ਬੁਖਾਰ ਹੋਣ ਕਰਕੇ ਸ਼ਨੀਵਾਰ ਸਵੇਰੇ ਪਹਿਲਾਂ ਕਪੂਰਥਲਾ ਚੌਕ ਨੇੜੇ ਸਥਿਤ ਕਰਨ ਹਸਪਤਾਲ 'ਚ  ਦਾਖਲ ਕਰਵਾਇਆ ਗਿਆ ਸੀ, ਉਥੇ ਜਦੋਂ ਡਾਕਟਰਾਂ ਨੇ ਉਨ੍ਹਾਂ ਦਾ ਡੇਂਗੂ ਟੈਸਟ ਕੀਤਾ ਤਾਂ ਆਈ. ਜੀ. ਐੱਮ. ਪਾਜ਼ੀਟਿਵ ਆਇਆ ਅਤੇ ਪਲੇਟਲੇਟ 45 ਹਜ਼ਾਰ ਸਨ। ਜਦੋਂ ਉਨ੍ਹਾਂ ਦੀ ਹਾਲਤ 'ਚ ਸੁਧਾਰ ਨਾ ਹੋਇਆ ਤਾਂ ਫਿਰ ਰਾਤ ਨੂੰ ਤੁਰੰਤ ਪਟੇਲ ਹਸਪਤਾਲ ਲਿਜਾਇਆ ਗਿਆ, ਜਿੱਥੇ ਐਤਵਾਰ ਸਵੇਰੇ ਉਨ੍ਹਾਂ ਦੇ ਦਮ ਤੋੜ ਦਿੱਤਾ। ਪਟੇਲ ਹਸਪਤਾਲ ਦੇ ਡਾਕਟਰਾਂ ਨੇ ਪ੍ਰੋਫੈਸਰ ਸਰਨਾ ਦੀ ਮੌਤ ਦਾ ਕਾਰਨ ਮਲਟੀਪਲ ਆਰਗਨ ਫੈਲੀਅਰ ਦੱਸਿਆ ਹੈ। ਉਥੇ ਹੀ ਜਦੋਂ ਸਿਹਤ ਵਿਭਾਗ ਦੇ ਐਪੀਡੇਮੋਲੋਜਿਸਟ ਡਾ. ਸਤੀਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪ੍ਰੋਫੈਸਰ ਸਰਨਾ ਨੂੰ ਡੇਂਗੂ ਹੋਣ ਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਦੇ ਕਿਹਾ ਕਿ ਦੋਵੇਂ ਹਸਪਤਾਲਾਂ ਦੇ ਰਿਕਰਾਡ ਮੰਗਵਾ ਕੇ ਪ੍ਰੋਫੈਸਰ ਸਰਨਾ ਦੀ ਮੌਤ ਦਾ ਕਾਰਨ ਪਤਾ ਲਗਾਇਆ ਜਾਵੇਗਾ। 

ਉਨ੍ਹਾਂ ਦੇ ਦਿਹਾਂਤ ਨਾਲ ਪੂਰੇ ਸ਼ਹਿਰ 'ਚ ਸੋਗ ਦਾ ਮਾਹੌਲ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਸ਼ਾਮ 4 ਵਜੇ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ 'ਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਿਪਨ ਸਰਨਾ ਸ਼ਹਿਰ ਦੇ ਮਸ਼ਹੂਰ ਅਕਾਊਂਟੈਂਸੀ ਪ੍ਰੋਫੈਸਰ ਹੋਣ ਦੇ ਨਾਲ-ਨਾਲ ਪੰਜਾਬ ਨੈਸ਼ਨਲ ਬੈਂਕ 'ਚ ਤਾਇਨਾਤ ਸਨ। ਉਨ੍ਹਾਂ ਦੇ ਪੜ੍ਹਾਉਣ ਦੇ ਤਰੀਕੇ ਅਤੇ ਉਨ੍ਹਾਂ ਦੇ ਜ਼ਿੰਦਾਦਲੀ ਦੀ ਹਰ ਪਾਸੇ ਚਰਚਾ ਸੀ। ਉਹ ਹਮੇਸ਼ਾ ਆਪਣੇ ਸਟੂਡੈਂਟਸ ਦੇ ਸੰਪਰਕ 'ਚ ਰਹਿੰਦੇ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ, ਇਕ ਬੇਟਾ ਅਤੇ ਇਕ ਬੇਟੀ ਨੂੰ ਛੱਡ ਗਏ ਹਨ।


Related News