ਅਖੌਤੀ ਆਗੂ ''ਰਾਈ ਦਾ ਪਹਾੜ'' ਬਣਾ ਕੇ ਕਰ ਰਹੇ ਹਨ ਕੌਂਸਲ ਨੂੰ ਖਰਾਬ
Friday, Feb 09, 2018 - 09:52 AM (IST)
ਬਾਘਾਪੁਰਾਣਾ (ਚਟਾਨੀ) - ਢੁੱਕਵੇਂ ਅਤੇ ਵਾਜਬ ਤਰੀਕਿਆਂ ਨਾਲ ਆਪਣੇ ਮੁਹੱਲਿਆਂ ਦੀਆਂ ਸਮੱਸਿਆਵਾਂ ਨੂੰ ਨਗਰ ਕੌਂਸਲ ਦੇ ਕੌਂਸਲਰਾਂ ਤੱਕ ਪੁੱਜਦੀਆਂ ਨਹੀਂ ਕੀਤੀਆਂ ਜਾ ਰਹੀਆਂ। ਸੋਸ਼ਲ ਮੀਡੀਆ ਰਾਹੀਂ ਹੋਛੇ ਢੰਗ ਅਪਣਾਉਣ ਵਾਲੇ ਅਖੌਤੀ ਮੋਹਤਬਰਾਂ ਨੂੰ ਝੰਜੋੜਦਿਆਂ ਕੌਂਸਲ ਪ੍ਰਧਾਨ ਅਨੂੰ ਮਿੱਤਲ, ਕੌਂਸਲ ਬਬੀਤਾ ਸ਼ਾਹੀ ਅਤੇ ਸੀਨੀਅਰ ਕਾਂਗਰਸੀ ਨੇਤਾ ਬਿੱਟੂ ਮਿੱਤਲ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਦੇ ਵਿਕਾਸ ਦਾ ਪਛੜਿਆਪਣ ਸਿਰਫ ਇਕ ਮਹੀਨੇ 'ਚ ਦੂਰ ਨਹੀਂ ਹੋ ਸਕਦਾ।
ਸ਼ਹਿਰ ਦੇ ਸੂਝਵਾਨ ਸ਼ਹਿਰੀਆਂ ਨੂੰ ਉਕਤ ਨੁਮਾਇੰਦਿਆਂ ਨੇ ਕਿਹਾ ਕਿ ਉਹ ਅਜਿਹੇ ਕਿਸੇ ਵੀ ਆਗੂ ਦੇ ਮਗਰ ਲੱਗ ਕੇ ਗਲਤ ਪ੍ਰਚਾਰ ਅਤੇ ਗੈਰ-ਸੰਵਿਧਾਨਕ ਤਰੀਕੇ ਨਾ ਅਪਣਾਉਣ। ਪ੍ਰਧਾਨ ਸ੍ਰੀਮਤੀ ਮਿੱਤਲ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਕੁਸ਼ਾਸਨ ਦੌਰਾਨ ਅਨੇਕਾਂ ਸਮੱਸਿਆਵਾਂ ਦੀ ਗ੍ਰਿਫਤ 'ਚ ਆਏ ਸ਼ਹਿਰ ਨੂੰ ਮੁਸ਼ਕਲਾਂ ਤੋਂ ਮੁਕਤ ਕਰਨ ਲਈ ਸਮਾਂ ਲੱਗੇਗਾ। ਕੌਂਸਲ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਪੜਾਅਵਾਰ ਹਰੇਕ ਕਾਰਜ ਨੂੰ ਜਲਦ ਨਿਪਟਾਇਆ ਜਾਵੇ। ਸ੍ਰੀਮਤੀ ਸ਼ਾਹੀ ਨੇ ਆਪਣੇ ਵਾਰਡ ਦੀਆਂ ਮੁਸ਼ਕਲਾਂ ਦੇ ਹੱਲ ਲਈ ਆਪਣੇ ਵੱਲੋਂ ਗੰਭੀਰਤਾ ਨਾਲ ਕੀਤੀ ਚਾਰਾਜ਼ੋਈ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਉਹ ਵਾਰਡ ਦੀਆਂ ਮੁਸ਼ਕਲਾਂ ਤੋਂ ਭਲੀਭਾਂਤ ਜਾਣੂ ਹਨ ਅਤੇ ਪਹਿਲ ਦੇ ਆਧਾਰ 'ਤੇ ਜਿਹੜੇ ਕਾਰਜ ਕੀਤੇ ਜਾਣੇ ਹਨ, ਉਨ੍ਹਾਂ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸਮੱਸਿਆਵਾਂ ਸਬੰਧੀ 'ਰਾਈ ਦਾ ਪਹਾੜ' ਬਣਾ ਕੇ ਪੇਸ਼ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਕਿਹਾ ਕਿ ਅਜਿਹਾ ਰਾਹ ਅਖਤਿਆਰ ਕਰਨ ਨਾਲ ਮੁਸ਼ਕਲਾਂ ਕਦੇ ਹੱਲ ਨਹੀਂ ਹੁੰਦੀਆਂ।
ਕੀ ਕਹਿਣੈ ਸ਼ਹਿਰ ਵਾਸੀਆਂ ਦਾ
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਬਣਨ ਦੇ ਤੁਰੰਤ ਬਾਅਦ ਵਿਧਾਇਕ ਬਰਾੜ ਦੇ ਸੈਂਕੜੇ ਬਿਆਨ ਗ੍ਰਾਂਟ ਸਬੰਧੀ ਆ ਚੁੱਕੇ ਹਨ ਪਰ ਉਸ ਗ੍ਰਾਂਟ ਦੇ ਬਾਵਜੂਦ ਵਿਕਾਸ ਕਾਰਜ ਸ਼ੁਰੂ ਨਾ ਹੋਣ ਕਾਰਨ ਉਨ੍ਹਾਂ ਦੇ ਮਨ 'ਚ ਗੁੱਸਾ ਹੈ। ਜੇਕਰ ਵਿਕਾਸ ਰਾਸ਼ੀ ਕੌਂਸਲ ਕੋਲ ਮੌਜੂਦ ਹੈ ਤਾਂ ਫਿਰ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ 'ਚ ਦੇਰੀ ਕਿਉਂ, ਇਹੀ ਕਾਰਨ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ।
