ਰੋਜ਼ ਗਾਰਡਨ ਤੇ ਜਾਗਰਸ ਪਾਰਕ ਦੀ ਪਾਰਕਿੰਗ ’ਚ ਲੋਕਾਂ ਦੀ ਲੁੱਟ ਜਾਰੀ
Friday, Aug 31, 2018 - 01:13 AM (IST)

ਬਠਿੰਡਾ, (ਜ.ਬ.)-ਪਾਰਕਿੰਗ ਠੇਕੇਦਾਰ ਵਲੋਂ ਰੋਜ਼ ਗਾਰਡਨ ਅਤੇ ਜਾਗਰਸ ਪਾਰਕ ਦੀ ਪਾਰਕਿੰਗ ਦੇ ਜਿਆਦਾ ਪੈਸੇ ਵਸੂਲ ਕਰਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਬਾਰੇ ਨਗਰ ਨਿਗਮ ਬਠਿੰਡਾ ਦੇ ਅਧਿਕਾਰੀਆਂ ਨੂੰ ਵੀ ਪੂਰੀ ਜਾਣਕਾਰੀ ਹੈ ਪਰ ਇਸਦੇ ਬਾਵਜੂਦ ਅਧਿਕਾਰੀ ਕੋਈ ਠੋਸ ਕਾਰਵਾਈ ਨਹੀਂ ਕਰ ਰਹੇ। ਠੇਕੇਦਾਰ ਵਲੋਂ ਨਿਰਧਾਰਿਤ ਰੇਟ ਤੋਂ ਦੁੱਗਣੇ ਪੈਸੇ ਵਸੂਲ ਕੀਤੇ ਜਾ ਰਹੇ ਹਨ ਜਿਸ ਨਾਲ ਲੋਕ ਪ੍ਰੇਸ਼ਾਨ ਹਨ। ਇਸ ਸੰਬੰਧ ਵਿਚ ਗਾਹਕ ਜਾਗੋ ਜਥੇਬੰਦੀ ਦੇ ਸਕੱਤਰ ਸੰਜੀਵ ਗੋਇਲ ਨੇ ਨਗਰ ਨਿਗਮ ਕਮਿਸ਼ਨਰ ਅਤੇ ਉੱਚ ਅਧਿਕਾਰੀਆਂ ਨੂੰ ਇਕ ਪੱਤਰ ਲਿਖ ਕੇ ਮਾਮਲੇ ਵਿਚ ਉਚਿਤ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਜ਼ਿਆਦਾ ਵਸੂਲੀ ਕਰ ਰਿਹਾ ਹੈ
ਠੇਕੇਦਾਰ : ਗਾਹਕ ਜਾਗੋ ਦੇ ਸਕੱਤਰ ਸੰਜੀਵ ਗੋਇਲ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਉਕਤ ਦੋਵਾਂ ਪਾਰਕਿੰਗ ਠੇਕੇਦਾਰ ਨੂੰ ਖੁੱਲੀ ਬੋਲੀ ’ਤੇ 3.16 ਲੱਖ ਰੁਪਏ ’ਚ ਦਿੱਤਾ ਹੈ ਜੋ 5 ਅਕਤੂਬਰ 2018 ਤਕ ਦਾ ਹੈ। ਨਗਰ ਨਿਗਮ ਦੇ ਨਾਲ ਹੋਏ ਐਗ੍ਰੀਮੈਂਟ ਅਨੁਸਾਰ ਦੋਪਹੀਆ ਵਾਹਨਾਂ ਦੇ 5 ਰੁਪਏ, ਕਾਰ ਜੀਪ ਆਦਿ ਦੇ 10 ਰੁਪਏ ਅਤੇ ਵੱਡੀਆਂ ਗੱਡੀਆਂ ਦੇ 30 ਰੁਪਏ ਵਸੂਲ ਕਰਨ ਦਾ ਨਿਯਮ ਹੈ ਪਰ ਸਬੰਧਿਤ ਠੇਕੇਦਾਰ ਜਿਆਦਾ ਪੈਸਿਆਂ ਦੀ ਵਸੂਲੀ ਕਰ ਰਹੇ ਹਨ। ਐਨਾ ਹੀ ਨਹੀਂ ਨਗਰ ਨਿਗਮ ਵਲੋਂ ਆਪਣੀਆਂ ਪਰਚੀਆਂ ਦੇ ਨਮੂਨੇ ਠੇਕੇਦਾਰ ਨੂੰ ਦਿੱਤੇ ਗਏ ਹਨ ਜਿਨ੍ਹਾਂ ’ਤੇ ਬਕਾਇਦਾ ਵਾਹਨ ਦੀ ਕਿਸਮ ਅਤੇ ਪੈਸੇ ਲਿਖੇ ਹੋਏ ਹਨ ਪਰ ਠੇਕੇਦਾਰ ਨੇ ਉਕਤ ਪਰਚੀਆਂ ਨੂੰ ਹਟਾ ਕੇ ਆਪਣੀਆਂ ਅਲੱਗ ਪਰਚੀਆਂ ਛਪਵਾ ਲਈਆਂ ਹਨ ਜਿਨ੍ਹਾਂ ’ਤੇ ਪੈਸੇ ਨਹੀਂ ਲਿਖੇ ਹੋਏ। ਇਸਦੀ ਆਡ਼ ਵਿਚ ਠੇਕੇਦਾਰ ਮਨਮਰਜੀ ਨਾਲ ਲੋਕਾਂ ਤੋਂ ਵਸੂਲੀ ਕਰ ਰਿਹਾ ਹੈ।
ਪਹਿਲਾਂ ਵੀ 2 ਵਾਰ ਹੋ ਚੁੱਕਾ ਹੈ ਜੁਰਮਾਨਾ : ਲੋਕਾਂ ਦੀ ਲੁੱਟ ਨੂੰ ਲੈ ਕੇ ਉਕਤ ਠੇਕੇਦਾਰ ਨੂੰ ਪਹਿਲਾਂ ਵੀ ਦੋ ਵਾਰ ਜੁਰਮਾਨਾ ਹੋ ਚੁੱਕਾ ਹੈ। ਇਸਦੀ ਸ਼ਿਕਾਇਤ ਪਹਿਲਾਂ ਵੀ 28 ਦਸੰਬਰ 2017 ਨੂੰ ਵੀ ਨਗਰ ਨਿਗਮ ਕਮਿਸ਼ਨਰ ਨੂੰ ਕੀਤੀ ਜਾ ਚੁੱਕੀ ਹੈ। ਇਸ ’ਤੇ ਨਿਗਮ ਨੇ ਨਿਯਮਾਂ ਅਨੁਸਾਰ ਪਹਿਲੀ ਸ਼ਿਕਾਇਤ ਆਉਣ ਦੀ ਸੂਰਤ ’ਚ ਉਸਨੂੰ 1000 ਰੁਪਏ ਜੁਰਮਾਨਾ ਕਰ ਦਿੱਤਾ ਗਿਆ। ਜੁਰਮਾਨਾ ਭਰਨ ਦੇ ਬਾਅਦ ਠੇਕੇਦਾਰ ਨੇ ਫਿਰ ਤੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਅਤੇ ਉਸ ਪ੍ਰਕਾਰ ਜਿਆਦਾ ਵਸੂਲੀ ਕਰਦਾ ਰਿਹਾ। ਐਨਾ ਹੀ ਨਹੀਂ ਉਸਨੇ ਪਰਚੀਆਂ ਵੀ ਨਹੀਂ ਬਦਲੀਆਂ ਅਤੇ ਆਪਣੀਆਂ ਹੀ ਪਰਚੀਆਂ ’ਤੇ ਹੁਣ ਵੀ ਲੋਕਾਂ ਨੂੰ ਲੁੱਟ ਰਿਹਾ ਹੈ। ਇਸਦੇ ਬਾਅਦ 2 ਮਈ 2018 ਨੂੰ ਫਿਰ ਤੋਂ ਇਸ ਠੇਕੇਦਾਰ ਵਲੋਂ ਜਿਆਦਾ ਵਸੂਲੀ ਕਰਨ ਦੀ ਸ਼ਿਕਾਇਤ ਕੀਤੀ ਗਈ ਅਤੇ ਉਸਨੂੰ ਫਿਰ ਤੋਂ 1000 ਰੁਪਏ ਜੁਰਮਾਨੇ ਕੀਤਾ ਗਿਆ।
ਨਹੀਂ ਰੁਕੀ ਲੋਕਾਂ ਦੀ ਲੁੱਟ : ਦੋ ਵਾਰ ਜੁਰਮਾਨਾ ਹੋਣ ਦੇ ਬਾਵਜੂਦ ਠੇਕੇਦਾਰ ਵਲੋਂ ਕੀਤੀ ਜਾ ਰਹੀ ਲੋਕਾਂ ਦੀ ਲੁੱਟ ’ਤੇ ਰੋਕ ਨਹੀਂ ਲੱਗ ਸਕੀ। ਸੰਜੀਵ ਗੋਇਲ ਨੇ ਦੱਸਿਆ ਕਿ ਹੁਣ ਵੀ ਠੇਕੇਦਾਰ ਨਾ ਕੇਵਲ ਜਿਆਦਾ ਵਸੂਲੀ ਕਰ ਰਿਹਾ ਹੈ। ਜਦਕਿ ਨਿਯਮਾਂ ਦੇ ਉਲਟ ਆਪਣੀਆਂ ਹੀ ਪਰਚੀਆਂ ਬਣਾ ਕੇ ਲੋਕਾਂ ਨੂੰ ਦੇ ਰਿਹਾ ਹੈ। ਐਨਾ ਹੀ ਨਹੀਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਐੱਸ. ਐੱਸ. ਪੀ. ਬਠਿੰਡਾ, ਨਗਰ ਨਿਗਮ ਕਮਿਸ਼ਨਰ, ਸਕੱਤਰ ਸਥਾਨਕ ਵਿਭਾਗ ਨੂੰ ਸ਼ਿਕਾਇਤ ਭੇਜ ਕੇ ਠੇਕੇਦਾਰ ਖਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।