ਨਵਾਂਸ਼ਹਿਰ ਬਾਈਪਾਸ ’ਤੇ ਖਰਚੇ ਜਾਣਗੇ 298 ਕਰੋਡ਼ ਰੁਪਏ; ਟਰੈਫ਼ਿਕ ਦੀ ਸਮੱਸਿਆ ਹੋਵੇਗੀ ਹੱਲ
Tuesday, Aug 21, 2018 - 02:07 AM (IST)
ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)—ਫ਼ਗਵਾਡ਼ਾ-ਨਵਾਂਸ਼ਹਿਰ-ਰੋਪਡ਼ ਚਹੁੰਮਾਰਗੀਕਰਨ ਪ੍ਰਾਜੈਕਟ ਦੇ ਮਹੱਤਵਪੂਰਨ ਭਾਗ ਨਵਾਂਸ਼ਹਿਰ ਬਾਈਪਾਸ ਦਾ ਕੰਮ ਪਹਿਲ ਦੇ ਅਾਧਾਰ ’ਤੇ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਨਵਾਂਸ਼ਹਿਰ ’ਚੋਂ ਟ੍ਰੈਫ਼ਿਕ ਦੇ ਬੋਝ ਨੂੰ ਪਡ਼ਾਅਵਾਰ ਘਟਾਇਆ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਅੱਜ ਚਹੁੰਮਾਰਗੀਕਰਨ ਪ੍ਰਾਜੈਕਟ ਦੀ ਸਮੀਖਿਆ ਬਾਅਦ ਕੀਤਾ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਬਾਈਪਾਸ ਲਈ ਜਾਰੀ ਕੀਤੀ ਗਈ 298 ਕਰੋਡ਼ ਰੁਪਏ ਦੀ ਰਾਸ਼ੀ ’ਚੋਂ ਲੈਂਡ ਐਕੂਜ਼ੀਸ਼ਨ ਅਫ਼ਸਰ ਐੱਸ.ਡੀ.ਐੱਮ. ਨਵਾਂਸ਼ਹਿਰ ਵੱਲੋਂ 80 ਫ਼ੀਸਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਜਿਸ ਕਾਰਨ ਇਸ 10 ਕਿਲੋਮੀਟਰ ਲੰਬੇ ਬਾਈਪਾਸ ’ਤੇ ਕੰਮ ਕਰਨ ’ਚ ਕੋਈ ਅੌਕਡ਼ ਨਹੀਂ ਹੈ। ਇਸ ਮੌਕੇ ਕੰਪਨੀ ਦੇ ਇੰਡੀਪੈਂਡੈਂਟ ਇੰਜੀਨੀਅਰ ਤੇ ਸੇਵਾਮੁਕਤ ਕਾਰਜਕਾਰੀ ਇੰਜੀਨੀਅਰ ਹਰਕਰਨ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜ਼ਿਲੇ ’ਚ ਇਸ ਚਹੁੰਮਾਰਗੀਕਰਨ ਪ੍ਰਾਜੈਕਟ ਦਾ 82 ਕਿਲੋਮੀਟਰ ’ਚੋਂ 73 ਕਿਲੋਮੀਟਰ ਹਿੱਸਾ ਪੈਂਦਾ ਹੈ, ਜਿਸ ਲਈ ਕੰਮ ਜੰਗੀ ਪੱਧਰ ’ਤੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 27 ਫ਼ੀਸਦੀ ਪ੍ਰਗਤੀ ਦਰਜ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਇੰਡੀਪੈਂਡੈਂਟ ਇੰਜੀਨੀਅਰ ਨੂੰ ਹਦਾਇਤ ਕੀਤੀ ਕਿ ਉਹ ਜਿੱਥੇ ਕਿਧਰੇ ਵੀ ਚਹੁੰਮਾਰਗੀਕਰਨ ਦੇ ਨਿਰਮਾਣ ਕਾਰਜ ’ਚ ਕੋਈ ਰੁਕਾਵਟ ਆਉਂਦੀ ਹੈ, ਉਨ੍ਹਾਂ ਦੇ ਧਿਆਨ ’ਚ ਲਿਆਉਣ ਤਾਂ ਜੋ ਸਬੰਧਤ ਅਧਿਕਾਰੀ ਨਾਲ ਗੱਲ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬਲਾਚੌਰ ਇਲਾਕੇ ’ਚ ਬਿਸਤ ਦੋਆਬ ਨਹਿਰ ਨਾਲ ਲੱਗਦੇ ਏਰੀਏ ਦੀ ਸਮੱਸਿਆ ਧਿਆਨ ’ਚ ਲਿਆਏ ਜਾਣ ’ਤੇ ਤੁਰੰਤ ਮੁੱਖ ਇੰਜੀਨੀਅਰ (ਸਿੰਚਾਈ) ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਕੰਪਨੀ ਦੇ ਪ੍ਰਬੰਧਕਾਂ ਅਤੇ ਮੁੱਖ ਇੰਜੀਨੀਅਰ ਵਿਚਾਲੇ ਸਡ਼ਕ ਤੇ ਨਹਿਰ ਨਾਲ ਸਬੰਧਤ ਮਸਲਿਆਂ ਨੂੰ ਸੁਲਝਾਉਣ ਲਈ ਮੀਟਿੰਗ ਦਾ ਸਮਾਂ ਨਿਰਧਾਰਤ ਕਰਵਾਇਆ। ਮੀਟਿੰਗ ਵਿਚ ਤਿੰਨਾਂ ਸਬ ਡਵੀਜ਼ਨਾਂ ਦੇ ਐੱਸ.ਡੀ.ਐੱਮ. ਜਗਜੀਤ ਸਿੰਘ ਬਲਾਚੌਰ, ਡਾ. ਵਿਨੀਤ ਕੁਮਾਰ ਨਵਾਂਸ਼ਹਿਰ, 20 ਅਨਮਜੋਤ ਕੌਰ ਬੰਗਾ ਤੇ ਸਹਾਇਕ ਕਮਿਸ਼ਨਰ ਸੰਜੀਵ ਕੁਮਾਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
