7 ਮਹੀਨਿਆਂ ਤੋਂ ਪੀਣ ਵਾਲੇ ਪਾਣੀ ਲਈ ਤਰਸ ਰਿਹੈ ਚੰਡੀਗੜ੍ਹ ਦਾ ਇਹ ਸਕੂਲ
Saturday, Aug 19, 2017 - 01:44 PM (IST)
ਚੰਡੀਗੜ੍ਹ (ਰਾਏ) : ਸ਼ਹਿਰ 'ਚ ਸੈਕਟਰ-21 ਦਾ ਈਸ਼ਵਰ ਸਿੰਘ ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਪਿਛਲੇ 7 ਮਹੀਨਿਆਂ ਤੋਂ ਪੀਣ ਵਾਲੇ ਪਾਣੀ ਲਈ ਤਰਸ ਰਿਹਾ ਹੈ ਪਰ ਨਗਰ ਨਿਗਮ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਪਾਣੀ ਦੀ ਕਮੀ ਦੂਰ ਕਰਨ ਲਈ ਰੋਜ਼ਾਨਾ ਦੋ ਵੱਡੇ ਟੈਂਕਰ ਮੰਗਵਾਏ ਜਾ ਰਹੇ ਹਨ। ਇਸ ਬਾਰੇ ਸਕੂਲ ਪ੍ਰਬੰਧਨ ਨੇ ਨਿਗਮ ਨਾਲ ਸਬੰਧਿਤ ਵਿਭਾਗ ਨੂੰ ਸ਼ਿਕਾਇਤ ਵੀ ਦਿੱਤੀ ਪਰ ਕਾਰਵਾਈ ਦੇ ਨਾਂ 'ਤੇ ਪਾਣੀ ਦੇ ਮੀਟਰ ਦੀ ਚੈਕਿੰਗ ਕੀਤੀ ਗਈ, ਜੋ ਸਹੀ ਮਿਲੇ, ਜਿਸ ਤੋਂ ਬਾਅਦ ਅੱਜ ਤੱਕ ਪਾਣੀ ਦੀ ਸਪਲਾਈ ਨਹੀਂ ਕੀਤੀ ਜਾ ਸਕੀ। 1600 ਵਿਦਿਆਰਥੀਆਂ ਵਾਲੇ ਇਸ ਸਕੂਲ ਨੇ ਹਾਲ ਹੀ 'ਚ 10 ਜੁਲਾਈ ਨੂੰ ਪਾਣੀ ਦੇ ਲੋਅ-ਪ੍ਰੈਸ਼ਰ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਇੰਜੀਨੀਅਰਾਂ ਨੇ ਮੌਕੇ 'ਤੇ ਆ ਕੇ ਮੀਟਰਾਂ ਦੀ ਚੈਕਿੰਗ ਕੀਤੀ ਅਤੇ ਰਿਪੋਰਟ ਬਣਾ ਕੇ ਸਬੰਧਿਤ ਜੂਨੀਅਰ ਇੰਜੀਨੀਅਰ ਨੂੰ ਭੇਜ ਦਿੱਤੀ ਪਰ ਮਾਮਲਾ ਅਜੇ ਤੱਕ ਨਹੀਂ ਸੁਲਝਿਆ। ਸਕੂਲ ਪ੍ਰਬੰਧਨ ਨੇ ਦੱਸਿਆ ਕਿ ਸਕੂਲ ਤੋਂ ਪਾਣੀ ਦੀ ਖਪਤ ਦੇ 21000 ਰੁਪਏ ਲਏ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਸਪਲਾਈ ਨਹੀਂ ਕੀਤੀ ਜਾ ਰਹੀ।
