ਅੱਤਵਾਦ ਨੂੰ ਪੰਜਾਬ ’ਚੋਂ ਖ਼ਤਮ ਕਰਨ ਵਾਲੀ ਪਾਰਟੀ ’ਚ ਅੱਤਵਾਦ ਦਾ ਸਮਰਥਕ ਗਾਇਕ ਸ਼ਾਮਲ : ਹਰਵਿੰਦਰ ਸੋਨੀ
Friday, Dec 03, 2021 - 09:21 PM (IST)
ਗੁਰਦਾਸਪੁਰ (ਹੇਮੰਤ)-ਆਪਣੇ ਵਿਵਾਦਗ੍ਰਸਤ ਬਿਆਨਾਂ ਕਾਰਨ ਚਰਚਾਵਾਂ ’ਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਦੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ’ਤੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੂਬਾ ਉਪ ਪ੍ਰਮੁੱਖ ਹਰਵਿੰਦਰ ਸੋਨੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਸੋਨੀ ਨੇ ਕਿਹਾ ਕਿ ਪੰਜਾਬ ਕਾਂਗਰਸ ਜੋ ਹਮੇਸ਼ਾ ਅੱਤਵਾਦ ਦਾ ਵਿਰੋਧ ਕਰਦੀ ਹੈ, ਵੱਲੋਂ ਪੰਜਾਬ ’ਚ ਅੱਤਵਾਦੀਆਂ ਅਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਇਕ ਸਿੱਧੂ ਮੂਸੇਵਾਲਾ ਨੂੰ ਮੈਂਬਰਸ਼ਿਪ ਦੇਣਾ ਅਤਿ ਨਿੰਦਣਯੋਗ ਹੈ। ਸਿੱਧੂ ਮੂਸੇਵਾਲਾ ਦੇ ਗੀਤਾਂ ’ਚ ਹਮੇਸ਼ਾ ਹਿੰਦੂ ਦੇਵੀ ਦੇਵਤਿਆਂ ਦਾ ਮਜ਼ਾਕ ਉਡਾਉਣ ਵਾਲੇ ਦ੍ਰਿਸ਼ ਹੁੰਦੇ ਹਨ, ਇਸ ਤੋਂ ਇਲਾਵਾ ਕਦੀ ਟਰੈਕਟਰਾਂ ’ਤੇ, ਕਦੀ ਟੀ-ਸ਼ਰਟ ’ਤੇ, ਕਦੀ ਗੱਡੀਆਂ ’ਚ ਅੱਤਵਾਦੀਆਂ ਦੇ ਸਟਿੱਕਰ ਲੱਗੇ ਦਿਖਾਈ ਦਿੰਦੇ ਹਨ। ਅਜਿਹੇ ਵਿਅਕਤੀ ਨੂੰ ਪਾਰਟੀ ’ਚ ਸ਼ਾਮਲ ਕਰਨ ’ਤੇ ਸੋਨੀ ਨੇ ਕਿਹਾ ਕਿ ਬੇਸ਼ੱਕ ਸ਼ਿਵ ਸੈਨਾ ਦਾ ਕਾਂਗਰਸ ਦੇ ਨਾਲ ਗੱਠਜੋੜ ਹੈ, ਤੇ ਫਿਰ ਵੀ ਹਿੰਦੂਤਵ ਨੂੰ ਤਰਜੀਹ ਦਿੰਦੇ ਹੋਏ ਸ਼ਿਵ ਸੈਨਾ ਦੀ ਮੰਗ ਹੈ ਕਿ ਜਾਂ ਤਾਂ ਕਾਂਗਰਸ ਸਿੱਧੂ ਮੂਸੇਵਾਲਾ ਨੂੰ ਤੁਰੰਤ ਪਾਰਟੀ ’ਚੋਂ ਕੱਢੇ, ਨਹੀਂ ਤਾਂ ਕਾਂਗਰਸ ਨੂੰ ਹਿੰਦੂ ਸਮਾਜ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਭਾਜਪਾ ’ਤੇ ਵੱਡਾ ਇਲਜ਼ਾਮ, ਸਿੱਖਾਂ ਦੀ ਸੰਸਥਾ SAD ਨੂੰ ਕਰਨਾ ਚਾਹੁੰਦੀ ਹੈ ਖ਼ਤਮ (ਵੀਡੀਓ)
ਸੋਨੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਅੱਤਵਾਦ ਵਿਰੋਧੀ ਏਜੰਡੇ ਤੋਂ ਭਟਕਦੇ ਦਿਖਾਈ ਦੇ ਰਹੇ ਹਨ। ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਵਿਅਕਤੀ ਜੋ ਕਸ਼ਮੀਰ ਨੂੰ ਹਿੰਦੋਸਤਾਨ ਦਾ ਹਿੱਸਾ ਹੀ ਨਹੀਂ ਮੰਨਦਾ, ਖਾਲਿਸਤਾਨ ਅਤੇ ਹਿੰਸਾ ਦਾ ਸਮਰਥਨ ਕਰ ਕੇ ਦੇਸ਼ ਨੂੰ ਵੰਡਣ ਵਾਲੀ ਮਾਨਸਿਕਤਾ ਰੱਖਦਾ ਹੈ, ਉਸ ਦੀ ਰਾਜਨੀਤੀ ਵਿਚ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਭਿੰਡਰਾਂਵਾਲਾ ਜਿਸ ਦਾ ਆਦਰਸ਼ ਹੋਵੇ, ਪੰਜਾਬ ਦੇ ਹਿੰਦੂ ਉਸ ਦੀ ਅਗਵਾਈ ਕਦੀ ਸਵੀਕਾਰ ਨਹੀਂ ਕਰਨਗੇ। ਸੋਨੀ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਈ ਵਾਰ ਸਨਾਤਨ ਧਰਮ ਦਾ ਅਪਮਾਨ ਕਰ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਮੂਸੇਵਾਲਾ ਆਪਣੇ ਹਰ ਗੀਤ ਵਿਚ ਹਿੰਸਾ ਦਾ ਗੁਣਗਾਨ ਕਰਦਾ ਰਿਹਾ ਹੈ। ਖਾਲਿਸਤਾਨ ਦਾ ਸਮਰਥਨ ਕਰਦਾ ਹੈ ਅਤੇ ਅਜਿਹੇ ਲੋਕਾਂ ਦੀ ਰਾਜਨੀਤੀ ਵਿਚ ਸ਼ਮੂਲੀਅਤ ਪੰਜਾਬ ਦੇ ਲਈ ਵਿਨਾਸ਼ਕਾਰੀ ਸਾਬਤ ਹੋਵੇਗੀ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ