ਪੰਜਾਬ ਵਾਸੀਆਂ ਲਈ ਮਾੜੀ ਖ਼ਬਰ, ਮੁੜ ਕਰਨਾ ਪੈ ਸਕਦੈ 'ਬਿਜਲੀ ਸੰਕਟ' ਦਾ ਸਾਹਮਣਾ
Tuesday, Aug 31, 2021 - 09:33 AM (IST)
 
            
            ਪਟਿਆਲਾ (ਪਰਮੀਤ) : ਪੰਜਾਬ ’ਚ ਇਸ ਵੇਲੇ ਭਾਵੇਂ ਪ੍ਰਾਈਵੇਟ ਥਰਮਲ ਪਲਾਂਟ ਵੱਡਾ ਸਿਆਸੀ ਮੁੱਦਾ ਬਣੇ ਹੋਏ ਹਨ ਪਰ ਜੇਕਰ ਇਨ੍ਹਾਂ ਪਲਾਂਟਾਂ ਨਾਲ ਸਮਝੌਤੇ ਰੱਦ ਹੁੰਦੇ ਹਨ ਤਾਂ ਪੰਜਾਬ ਵਾਸੀਆਂ ਨੂੰ ਇਕ ਵਾਰ ਫਿਰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਬੰਧਾਂ ’ਤੇ ਨੇੜਿਓਂ ਨਜ਼ਰ ਮਾਰੀ ਜਾਵੇ ਤਾਂ ਸਾਹਮਣੇ ਆਉਂਦਾ ਹੈ ਕਿ ਪ੍ਰਾਈਵੇਟ ਥਰਮਲਾਂ ਦੇ ਮੁਕਾਬਲੇ ਸਰਕਾਰੀ ਥਰਮਲਾਂ ਦੀ ਕਾਰਗੁਜ਼ਾਰੀ ਬਹੁਤ ਸੁਸਤ ਰਫ਼ਤਾਰ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਸਰਕਾਰੀ ਪਿਛਲੇ 5 ਸਾਲਾਂ ਦੇ ਰਿਕਾਰਡ ਮੁਤਾਬਕ ਪ੍ਰਾਈਵੇਟ ਥਰਮਲ ਪਲਾਂਟਾ ਨੂੰ 14874 ਕਰੋੜ ਰੁਪਏ ਫਿਕਸ ਚਾਰਜਿਜ਼ ਮਤਲਬ ਕਿ ਤੈਅ ਲਾਗਤ ਵੱਜੋਂ ਮਿਲੇ ਹਨ। ਇਨ੍ਹਾਂ ਨੇ ਪੰਜਾਬ ਵਾਸਤੇ 1900316 ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਹੈ। ਇਨ੍ਹਾਂ ਦੇ ਮੁਕਾਬਲੇ ਸਰਕਾਰੀ ਥਰਮਲ ਪਲਾਂਟਾਂ ਨੂੰ ਇਸ ਅਰਸੇ ਦੌਰਾਨ 6930 ਕਰੋੜ ਰੁਪਏ ਮਿਲੇ ਹਨ। ਇਨ੍ਹਾਂ ਵੱਲੋਂ 24481.13 ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਗਈ ਹੈ।
ਇਸ ਦਾ ਮਤਲਬ ਇਹ ਹੈ ਕਿ ਪ੍ਰਾਈਵੇਟ ਦੇ ਮੁਕਾਬਲੇ 46 ਫ਼ੀਸਦੀ ਫਿਕਸ ਚਾਰਜਿਜ਼ ਪ੍ਰਾਪਤ ਕਰ ਕੇ ਇਨ੍ਹਾਂ ਵੱਲੋਂ ਪ੍ਰਾਈਵੇਟ ਦੇ ਮੁਕਾਬਲੇ 12 ਫ਼ੀਸਦੀ ਬਿਜਲੀ ਸਪਲਾਈ ਕੀਤੀ ਗਈ ਹੈ। 2015-16 ਤੋਂ 2019-20 ਤੋਂ ਪੰਜ ਸਾਲਾਂ ਦੌਰਾਨ ਰਾਜਪੁਰਾ ਸਥਿਤ ਨਾਭਾ ਪਾਵਰ ਲਿਮਟਿਡ ਨੂੰ 6819 ਕਰੋੜ ਰੁਪਏ ਫਿਕਸ ਚਾਰਜਿਜ਼ ਮਿਲੇ ਹਨ। ਇਸ ਵੱਲੋਂ 1131268.44 ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਗਈ। ਤਲਵੰਡੀ ਸਾਬੋ ਨੂੰ 6277 ਕਰੋੜ ਰੁਪਏ ਫਿਕਸ ਕੋਸਟ ਵੱਜੋਂ ਮਿਲੇ ਅਤੇ ਇਸ ਵੱਲੋਂ 685016 ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਗਈ। ਇਸੇ ਤਰੀਕੇ ਗੋਇੰਦਵਾਲ ਸਾਹਿਬ ਪਲਾਂਟ ਨੂੰ 1778 ਰੁਪਏ ਫਿਕਸ ਚਾਰਜਿਜ਼ ਵੱਜੋਂ ਮਿਲੇ। ਇਸ ਵੱਲੋਂ 84031.22 ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਗਈ। ਸਰਕਾਰੀ ਥਰਮਲਾਂ ’ਚ ਇਸ ਅਰਸੇ ਵਾਸਤੇ ਲਹਿਰਾ ਮੁਹੱਬਤ ਪਲਾਂਟ ਨੂੰ 2500 ਕਰੋੜ ਰੁਪਏ ਮਿਲੇ।
ਇਸ ਵੱਲੋਂ 10258.27 ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਗਈ। ਰੋਪੜ ਪਲਾਂਟ ਨੂੰ ਇਸ ਸਮੇਂ ਦੌਰਾਨ 2742 ਕਰੋੜ ਰੁਪਏ ਫਿਕਸ ਚਾਰਜਿਜ਼ ਵੱਜੋਂ ਮਿਲੇ ਅਤੇ ਇਸ ਪਲਾਂਟ ਤੋਂ 12515.4 ਮਿਲੀਅਨ ਯੂਨਿਟ ਬਿਜਲੀ ਸਪਲਾਈ ਪ੍ਰਾਪਤ ਹੋਈ। ਬਠਿੰਡਾ ਪਲਾਂਟ ਕਿਉਂਕਿ 2 ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਤਾਂ ਇਸ ਨੂੰ 2015-16 ਤੋਂ 2017-18 ਤੱਕ 1688 ਕਰੋੜ ਰੁਪਏ ਫਿਕਸ ਚਾਰਜਿਜ਼ ਵੱਜੋਂ ਮਿਲੇ ਅਤੇ ਇਸ ਨੇ 1707.46 ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ। ਜੇਕਰ 3 ਥਰਮਲ ਪਲਾਂਟਾਂ ਨਾਲ ਬਿਜਲੀ ਸਮਝੌਤੇ ਸਿਆਸੀ ਮਜ਼ਬੂਰੀਆਂ ਕਾਰਨ ਰੱਦ ਹੁੰਦੇ ਹਨ ਤਾਂ ਇਸ ਨਾਲ ਪੰਜਾਬ ’ਚ ਬਿਜਲੀ ਸੰਕਟ ਦੀ ਵਾਪਸੀ ਤੈਅ ਹੈ। ਇਕ ਆਮ ਆਦਮੀ ਇਸ ਗੱਲ ਦਾ ਅੰਦਾਜ਼ਾ ਆਪ ਲਗਾ ਸਕਦਾ ਹੈ ਕਿ ਇਸ ਸਾਲ ਝੋਨੇ ਦੇ ਸੀਜ਼ਨ ’ਚ ਤਲਵੰਡੀ ਸਾਬੋ ਦਾ ਇਕ 660 ਮੈਗਾਵਾਟ ਯੂਨਿਟ ਬੰਦ ਹੋਣ ਨਾਲ ਪੰਜਾਬ ’ਚ ਕਿਸ ਤਰੀਕੇ ਦੀ ਮੁਸ਼ਕਿਲ ਪੈਦਾ ਹੋ ਗਈ ਸੀ, ਜਿਸ ਦਾ ਜ਼ਿਕਰ ਆਪ ਮੁੱਖ ਮੰਤਰੀ ਨੇ ਵੀ ਕੀਤਾ ਸੀ। ਅਜਿਹੇ ਵਿਚ 3920 ਮੈਗਾਵਾਟ ਦੇ ਸਮਝੌਤੇ ਰੱਦ ਕੀਤੇ ਤਾਂ ਹਾਲਾਤ ਕੀ ਹੋਣਗੇ, ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਸ਼ਵਨੀ ਸ਼ਰਮਾ ਨੇ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ, ਪੰਜਾਬ 'ਚ ਕਣਕ-ਝੋਨੇ ਦੀ ਖ਼ਰੀਦ ਮਾਮਲੇ 'ਚ ਕੀਤੀ ਇਹ ਮੰਗ
ਕੀ ਹੈ ਫਿਕਸ ਚਾਰਜਿਜ਼
ਫਿਕਸ ਚਾਰਜਿਜ਼ ਅਸਲ ਵਿਚ ਪਲਾਂਟ ਦੀ ਉਪਲੱਬਧਤਾ ਦੇ ਹਿਸਾਬ ਨਾਲ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਥਰਮਲ ਪਲਾਂਟਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਹੈ। ਜਿਵੇਂ ਰਾਜਪੁਰਾ ਥਰਮਲ ਪਲਾਂਟ ਦੀ ਰੋਜ਼ਾਨਾ ਆਧਾਰ ’ਤੇ ਡਿਕਲੇਅਰਡ ਕਪੈਸਟੀ ਦਾ 85 ਫ਼ੀਸਦੀ, ਤਲਵੰਡੀ ਸਾਬੋ ਦਾ 80 ਫ਼ੀਸਦੀ ਅਤੇ ਗੋਇੰਦਵਾਲ ਸਾਹਿਬ ਪਲਾਂਟ ਦੀ ਡਿਕਲੇਅਰਡ ਕਪੈਸਟੀ ਦਾ 85 ਫ਼ੀਸਦੀ ਫਿਕਸ ਚਾਰਜ ਦੇਣਾ ਪੈਂਦਾ ਹੈ। ਸਰਕਾਰੀ ਥਰਮਲਾਂ ਦੇ ਮਾਮਲੇ ’ਚ ਇਹ ਰਾਸ਼ੀ 100 ਫ਼ੀਸਦੀ ਹੋ ਜਾਂਦੀ ਹੈ ਕਿਉਂਕਿ ਮੁਲਾਜ਼ਮਾਂ ਦੀ ਤਨਖ਼ਾਹ ਤੋਂ ਲੈ ਕੇ ਸਾਰਾ ਖ਼ਰਚ ਪਾਵਰਕਾਮ ਆਪ ਚੁੱਕਾ ਹੈ।
ਕੀ-ਕੀ ਆਉਂਦਾ ਹੈ ਫਿਕਸ ਚਾਰਜਿਜ਼ ਵਿਚ
ਰਿਟਰਨ ਆਨ ਇਕਵੀਟੀ, ਕਰਜ਼ੇ ’ਤੇ ਵਿਆਜ਼, ਕੰਮਕਾਜੀ ਪੂੰਜੀ ’ਤੇ ਵਿਆਜ, ਰਿਪੇਅਰ ਐਂਡ ਮੇਨਟੀਨੈਂਸ, ਕੋਸਟ ਆਫ ਸੈਕੰਡਰੀ ਫਿਊਲ ਅਤੇ ਵਾਟਰ ਚਾਰਜਿਜ਼ ਆਦਿ ਮਿਲਾ ਕੇ ਇਹ ਫਿਕਸ ਚਾਰਜਿਜ਼ ਤੈਅ ਹੁੰਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            