ਪ੍ਰਾਈਵੇਟ ਸਕੂਲਾਂ ਦੀ ਰਾਹ ''ਤੇ ਤੁਰੇ ਸਰਕਾਰੀ ਸਕੂਲ

Thursday, Dec 20, 2018 - 12:40 PM (IST)

ਪ੍ਰਾਈਵੇਟ ਸਕੂਲਾਂ ਦੀ ਰਾਹ ''ਤੇ ਤੁਰੇ ਸਰਕਾਰੀ ਸਕੂਲ

ਜਲੰਧਰ (ਸੁਮਿਤ)— ਸੂਬੇ ਦੇ ਸਰਕਾਰੀ ਸਕੂਲ ਵੀ ਹੁਣ ਪ੍ਰਾਈਵੇਟ ਸਕੂਲਾਂ ਦੀ ਰਾਹ 'ਤੇ ਤੁਰ ਪਏ ਹਨ ਅਤੇ ਇਸ ਵਾਰ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਦਾਖਲੇ ਵੀ ਦਸੰਬਰ ਮਹੀਨੇ ਤੋਂ ਸ਼ੁਰੂ ਕਰ ਦਿੱਤੇ ਗਏ ਹਨ। ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰਾਇਮਰੀ, ਹਾਈ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਦੇ ਦਾਖਲੇ ਹਮੇਸ਼ਾ ਅਪ੍ਰੈਲ ਮਹੀਨੇ 'ਚ ਹੀ ਹੁੰਦੇ ਆਏ ਹਨ ਪਰ ਹੁਣ ਪ੍ਰੀ-ਪ੍ਰਾਇਮਰੀ ਕਲਾਸਾਂ 'ਚ ਬੱਚਿਆਂ ਦੀ ਗਿਣਤੀ ਵਧਾਉਣ ਦੇ ਉਦੇਸ਼ ਨਾਲ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਕਲਾਸਾਂ 'ਚ ਦਾਖਲੇ 18 ਦਸੰਬਰ ਤੋਂ ਸ਼ੁਰੂ ਕਰ ਦਿੱਤੇ ਹਨ।

ਜਾਣਕਾਰੀ ਮੁਤਾਬਕ ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਵੱਲੋਂ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਭੇਜੀ ਗਈ ਚਿੱਠੀ 'ਚ ਕਿਹਾ ਗਿਆ ਹੈ ਕਿ ਦਸੰਬਰ ਤੋਂ ਹੀ ਛੋਟੇ ਬੱਚਿਆਂ ਦੇ ਦਾਖਲੇ ਸ਼ੁਰੂ ਕਰ ਦਿੱਤੇ ਜਾਣ ਤਾਂ ਜੋ ਛੋਟੇ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਪ੍ਰਾਈਵੇਟ ਸਕੂਲਾਂ 'ਚ ਪਾਉਣ ਦੀ ਥਾਂ ਸਰਕਾਰੀ ਸਕੂਲਾਂ 'ਚ ਦਾਖਲ ਕਰਵਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਰੇ ਸਰਕਾਰੀ ਸਕੂਲ ਮੈਨੇਜਮੈਂਟ ਕਮੇਟੀਆਂ, ਅਧਿਆਪਕ, ਪੰਚਾਇਤ ਮੈਂਬਰ ਮਾਪਿਆਂ ਦੇ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖਲ ਕਰਨ ਲਈ ਪ੍ਰੇਰਿਤ ਕਰਨ। ਇਸ ਦੇ ਨਾਲ ਹੀ ਆਂਗਨਵਾੜੀ ਵਰਕਰਾਂ ਨੂੰ ਵੀ ਬੱਚਿਆਂ ਦੇ ਦਾਖਲੇ ਲਈ ਆਪਣੀ ਭੂਮਿਕਾ ਨਿਭਾਉਣ ਲਈ ਕਿਹਾ ਗਿਆ ਹੈ ਤਾਂ ਜੋ ਸਕੂਲਾਂ 'ਚ ਵਿਦਿਆਰਥੀਆਂ ਦੀ ਐਨਰੋਲਮੈਂਟ ਨੂੰ ਉਪਰ ਚੁੱਕਿਆ ਜਾ ਸਕੇ। 

ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਕਲਾਸਾਂ ਨੂੰ ਸ਼ੁਰੂ ਕਰਨ ਦਾ ਉਦੇਸ਼ ਇਹ ਸੀ ਕਿ ਪ੍ਰੀ-ਪ੍ਰਾਇਮਰੀ ਤੋਂ ਬੱਚੇ ਪ੍ਰਾਇਮਰੀ ਕਲਾਸਾਂ 'ਚ ਜਾਣਗੇ, ਜਿਸ ਨਾਲ ਐਨਰੋਲਮੈਂਟ 'ਚ ਵਾਧਾ ਹੋਵੇਗਾ, ਕਿਉਂਕਿ ਪ੍ਰਾਈਵੇਟ ਪਲੇਅ ਵੇਅ ਤੋਂ ਨਿਕਲ ਕੇ ਬੱਚੇ ਅੱਗੇ ਪ੍ਰਾਈਵੇਟ ਸਕੂਲਾਂ 'ਚ ਚਲੇ ਜਾਂਦੇ ਹਨ। 

ਸਿੱਖਿਆ ਮਾਹਿਰਾਂ ਨੇ ਸਹੀ ਦੱਸਿਆ : ਜੇਕਰ ਸਿੱਖਿਆ ਮਾਹਿਰ ਪ੍ਰੋ. ਐੱਮ. ਪੀ. ਸਿੰਘ ਦੀ ਮੰਨੀਏ ਤਾਂ ਉਨ੍ਹਾਂ ਦਸੰਬਰ ਵਿਚ ਪ੍ਰੀ-ਪ੍ਰਾਇਮਰੀ ਦੀ ਐਡਮਿਸ਼ਨ ਨੂੰ ਸਹੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮੁਕਾਬਲੇ ਦੇ ਦੌਰ 'ਚ ਸਰਕਾਰੀ ਸਕੂਲਾਂ ਨੂੰ ਵੀ ਸਭ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ ਅਤੇ ਇਸ ਫੈਸਲੇ ਨਾਲ ਐਨਰੋਲਮੈਂਟ ਵਧੇਗੀ।


author

shivani attri

Content Editor

Related News