ਪੰਜਾਬ ਦੇ ਨਿੱਜੀ ਸਕੂਲਾਂ ਨੂੰ ਸਿੰਗਲ ਬੈਂਚ ਦੀ ਰਾਹਤ ਖ਼ਿਲਾਫ਼ ਦਾਖਲ ਪਟੀਸ਼ਨ ਮਨਜ਼ੂਰ
Saturday, Jul 04, 2020 - 06:29 PM (IST)
ਚੰਡੀਗੜ੍ਹ (ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਜਸਟਿਸ ਨਿਰਮਲਜੀਤ ਕੌਰ ਦੀ ਅਦਾਲਤ ਵਿਚ ਪੰਜਾਬ ਦੇ ਨਿੱਜੀ ਸਕੂਲ ਸੰਚਾਲਕਾਂ ਨੂੰ ਫ਼ੀਸ ਵਸੂਲੀ ਨੂੰ ਲੈ ਕੇ ਉਨ੍ਹਾਂ ਦੇ ਪੱਖ ਵਿਚ ਦਿੱਤੇ ਫ਼ੈਸਲੇ ਖ਼ਿਲਾਫ਼ ਮਾਪਿਆਂ ਨੇ ਹੁਕਮਾਂ ਨੂੰ ਚੁਣੌਤੀ ਦਿੰਦੀ ਇਕ ਪਟੀਸ਼ਨ ਦਾਖ਼ਲ ਕੀਤੀ ਹੈ। ਪਟੀਸ਼ਨ ਦੀ ਸਕਰੂਟਨੀ ਤੋਂ ਬਾਅਦ ਡਬਲ ਬੈਂਚ ਨੂੰ ਭੇਜੀ ਜਾਵੇਗੀ।
ਮਾਪਿਆਂ ਦੇ ਪੱਖ ਦੇ ਵਕੀਲ ਆਰ. ਐੱਸ. ਬੈਂਸ ਨੇ ਦੱਸਿਆ ਕਿ ਸਿੰਗਲ ਬੈਂਚ ਦੇ ਫ਼ੈਸਲੇ ਨੂੰ ਡਬਲ ਬੈਂਚ ਅੱਗੇ ਜਾਣ ਦਾ ਅਧਿਕਾਰ ਸੀ, ਜਿਸ ਤਹਿਤ ਪਟੀਸ਼ਨ ਦਾਖਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨ ਖਾਰਜ ਹੁੰਦੀ ਤਾਂ ਸੁਪਰੀਮ ਕੋਰਟ ਜਾਣ ਦਾ ਰਸਤਾ ਹੀ ਬਚਿਆ ਸੀ। ਰਾਹਤ ਦੀ ਗੱਲ ਇਹ ਹੈ ਕਿ ਪਟੀਸ਼ਨ ਦਾਖ਼ਲ ਹੋ ਗਈ ਹੈ ਅਤੇ ਮਨਜ਼ੂਰ ਕਰ ਲਈ ਗਈ ਹੈ। ਉੱਥੇ ਹੀ, ਪੰਜਾਬ ਸਰਕਾਰ ਵਲੋਂ ਵੀ ਸੋਮਵਾਰ ਨੂੰ ਉਕਤ ਫ਼ੈਸਲੇ ਨੂੰ ਚੁਣੌਤੀ ਦਿੰਦੀ ਹੋਈ ਪਟੀਸ਼ਨ ਦਾਖਲ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੇ ਦੱਸਿਆ ਕਿ ਮਾਪਿਆਂ ਨੇ ਪਟੀਸ਼ਨ ਤਿਆਰ ਕਰ ਲਈ ਹੈ ਅਤੇ ਸੋਮਵਾਰ ਨੂੰ ਦਾਖ਼ਲ ਕਰ ਦਿੱਤੀ ਜਾਵੇਗੀ।