ਗੁਰੂ ਨਗਰੀ ਦਾ ਨਿਗਮ ਪ੍ਰਾਈਵੇਟ ਹੱਥਾਂ ਦੇ ਸਹਾਰੇ
Saturday, Feb 03, 2018 - 07:27 AM (IST)
ਅੰਮ੍ਰਿਤਸਰ, (ਵੜੈਚ)- ਨਗਰ ਨਿਗਮ ਕੌਂਸਲਰਾਂ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਨਵੇਂ ਹਾਊਸ ਦੀ ਪਲੇਠੀ ਬੈਠਕ ਲਈ ਮਿਤੀ 9 ਫਰਵਰੀ ਨਿਰਧਾਰਤ ਕਰ ਲਈ ਗਈ ਹੈ। ਸ਼ਾਮ 3 ਵਜੇ ਹੋਣ ਵਾਲੀ ਬੈਠਕ ਦੀ ਪ੍ਰਧਾਨਗੀ ਮੇਅਰ ਕਰਮਜੀਤ ਸਿੰਘ ਰਿੰਟੂ ਕਰਨਗੇ। ਹਾਊਸ ਦੀ ਪਹਿਲੀ ਬੈਠਕ ਵਿਚ ਰੱਖੇ ਏਜੰਡਿਆਂ 'ਚ ਕੋਈ ਖਾਸ ਲੰਬੇ-ਚੌੜੇ ਮਤੇ ਹੋਣ ਦੇ ਆਸਾਰ ਨਹੀਂ ਹਨ, ਹਾਲਾਂਕਿ ਮੇਅਰ ਕਰਮਜੀਤ ਸਿੰਘ ਰਿੰਟੂ ਮਤਿਆਂ ਨੂੰ ਲੈ ਕੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਬੈਠਕਾਂ ਕਰ ਰਹੇ ਹਨ। ਕੁਝ ਕੌਂਸਲਰਾਂ ਨੂੰ ਮਾਣ-ਸਤਿਕਾਰ ਦੇਣ ਲਈ ਫਾਈਨਾਂਸ, ਮਿਊਂਸੀਪਲ ਟਾਊਨ ਪਲੈਨਰ, ਪ੍ਰਾਪਰਟੀ ਟੈਕਸ ਸਮੇਤ ਹੋਰ ਕਮੇਟੀਆਂ ਦੇ ਮੈਂਬਰ ਵੀ ਬਣਾਏ ਜਾਣ 'ਤੇ ਵਿਚਾਰ-ਚਰਚਾ ਚੱਲ ਰਹੀ ਹੈ। ਏਜੰਡੇ ਦੀ ਫਾਈਨਲ ਕਾਪੀ ਤਿਆਰ ਹੋਣ ਉਪਰੰਤ 72 ਘੰਟਿਆਂ ਤੋਂ ਪਹਿਲਾਂ ਮੀਟਿੰਗ ਸਬੰਧੀ ਫਾਈਲਾਂ ਕੌਂਸਲਰ ਤੱਕ ਪਹੁੰਚਣ ਦੀ ਤਿਆਰੀ ਚੱਲ ਰਹੀ ਹੈ। ਉਧਰ ਹਾਊਸ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਨਾਂ ਵੀ ਜਗ-ਜ਼ਾਹਿਰ ਹੋਣਗੇ। ਭਾਜਪਾ ਵੱਲੋਂ ਕੌਂਸਲਰ ਜਰਨੈਲ ਸਿੰਘ ਢੋਟ ਤੇ ਅਮਨ ਐਰੀ ਦਾ ਨਾਂ ਹਾਊਸ ਦੀ ਵਿਰੋਧੀ ਧਿਰ ਵਜੋਂ ਮੰਨੇ ਜਾ ਰਹੇ ਹਨ।
ਨਗਰ ਨਿਗਮ ਵੱਲੋਂ ਹਾਊਸ ਦੀ ਬੈਠਕ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਆਰਥਿਕ ਪੱਖੋਂ ਅਪੰਗ ਨਿਗਮ ਨੂੰ ਵਿਕਾਸ ਦੇ ਕੰਮਾਂ, ਨਵੀਂ ਮਸ਼ੀਨਰੀ ਦੀ ਖਰੀਦਦਾਰੀ, ਕਰਮਚਾਰੀਆਂ ਦੀਆਂ ਤਨਖਾਹਾਂ, ਕੱਢੇ ਮੁਲਾਜ਼ਮਾਂ ਦੀ ਤਾਇਨਾਤੀ, ਅਧੂਰੇ ਟੀਚੇ, ਯੂਨੀਅਨਾਂ ਦੀਆਂ ਮੰਗਾਂ ਦੀ ਪੂਰਤੀ, ਸ਼ਹਿਰਵਾਸੀਆਂ ਦੀਆਂ ਮੁਸ਼ਕਲਾਂ ਦੇ ਹੱਲ, ਨਾਜਾਇਜ਼ ਕਬਜ਼ੇ ਤੇ ਉਸਾਰੀਆਂ ਤੇ ਡੰਪ ਦੀਆਂ ਮੁਸ਼ਕਲਾਂ ਸਮੇਤ ਦਰਜਨਾਂ ਚੁਣੌਤੀਆਂ ਨਿਗਮ ਹਾਊਸ ਦੇ ਸਾਹਮਣੇ ਹਨ। ਆਰਥਿਕ ਪੱਖੋਂ ਕਮਜ਼ੋਰ ਨਿਗਮ ਵੱਲੋਂ ਪਿਛਲੇ ਸਮੇਂ ਤੋਂ ਦੂਸਰਿਆਂ ਦਾ ਸਹਾਰਾ ਲੈ ਕੇ ਟਾਈਮ ਪਾਸ ਕੀਤਾ ਜਾ ਰਿਹਾ ਹੈ। ਖਾਸ ਕਰ ਕੇ ਬੈਂਕਾਂ ਦੀ ਸਹਾਇਤਾ ਨਾਲ ਨਿਗਮ ਦੇ ਕੰਮ ਕਰਵਾਏ ਜਾ ਰਹੇ ਹਨ। ਪਿਛਲੇ ਸਾਲਾਂ ਦੌਰਾਨ ਗਠਜੋੜ ਸਰਕਾਰ ਦੇ ਸਮੇਂ ਵੀ ਮੇਅਰ ਖਾਲੀ ਖਜ਼ਾਨਾ ਹੋਣ ਦਾ ਰੌਲਾ ਪਾਉਂਦੇ ਰਹੇ, ਜਿਸ ਦੌਰਾਨ ਰੋਸ ਪ੍ਰਦਰਸ਼ਨਾਂ, ਧਰਨਿਆਂ ਅਤੇ ਪੁਤਲੇ ਸਾੜਨ ਦਾ ਦੌਰ ਸਿਖਰਾਂ 'ਤੇ ਰਿਹਾ। ਹੁਣ ਵੀ ਜੇਕਰ ਕਾਂਗਰਸ ਸਰਕਾਰ ਦੌਰਾਨ ਨਿਗਮ ਦਾ ਗੱਲਾ ਨਾ ਭਰਿਆ ਤਾਂ ਆਉਣ ਵਾਲੇ ਸਮੇਂ 'ਚ ਨਿਗਮ ਕਰਮਚਾਰੀਆਂ ਸਮੇਤ ਸ਼ਹਿਰਵਾਸੀ ਫਿਰ ਇਕ ਵਾਰ ਸੜਕਾਂ 'ਤੇ ਆਉਣਗੇ।
ਜ਼ਮੀਨਾਂ ਸਰਕਾਰੀ, ਕੂੜੇਦਾਨ ਪ੍ਰਾਈਵੇਟ
ਮੇਅਰ ਨੂੰ ਕੁਰਸੀ 'ਤੇ ਬਿਰਾਜਮਾਨ ਕਰਨ ਸਮੇਂ ਸ਼ਹਿਰਾਂ ਦੀਆਂ 500 ਥਾਵਾਂ 'ਤੇ ਇਕ ਹਜ਼ਾਰ ਕੂੜੇਦਾਨ ਲਾਉਣ ਦੀ ਬਿਆਨਬਾਜ਼ੀ ਕੀਤੀ ਗਈ। ਨਿਗਮ ਦੇ ਸਿਹਤ ਵਿਭਾਗ ਵੱਲੋਂ ਲਾਏ ਜਾਣ ਵਾਲੇ ਇਕ ਸਟੈਂਡ 'ਤੇ ਲੱਗੇ 2 ਕੂੜੇਦਾਨ ਆਈ. ਸੀ. ਆਈ. ਸੀ. ਆਈ. ਬੈਂਕ ਤੋਂ ਲਏ ਗਏ ਹਨ। ਇਸ ਤਰ੍ਹਾਂ ਸਰਕਾਰੀ ਜ਼ਮੀਨਾਂ 'ਤੇ ਪ੍ਰਾਈਵੇਟ ਕੂੜੇਦਾਨ ਸ਼ਹਿਰ ਵਿਚ ਲੱਗਣਗੇ। ਹਜ਼ਾਰ 'ਚੋਂ 250 ਕੂੜੇਦਾਨ ਮਿਲ ਚੁੱਕੇ ਹਨ। ਪ੍ਰਤੀ ਕੂੜਾਦਾਨ ਸੈੱਟ ਦੀ ਕੀਮਤ 4600 ਰੁਪਏ ਹੈ।
ਬੈਂਕ ਸਹਾਰੇ ਸਜਾਈਆਂ ਜਾ ਰਹੀਆਂ ਨੇ ਸ਼ਹਿਰ ਦੀਆਂ ਦੀਵਾਰਾਂ
ਭੰਡਾਰੀ ਪੁਲ ਦੀਆਂ ਸੜਕਾਂ ਦੇ ਕਿਨਾਰਿਆਂ 'ਤੇ ਰੰਗ-ਬਿਰੰਗੀ ਪੇਂਟਿੰਗ ਕਰਵਾਈ ਜਾ ਰਹੀ ਹੈ। ਪੁਲ ਹੇਠਾਂ ਪਿੱਲਰਾਂ 'ਤੇ ਵੀ ਪੇਂਟਿੰਗ ਕਰਵਾਈ ਜਾ ਰਹੀ ਹੈ। ਦੀਵਾਰਾਂ ਨੂੰ ਪੇਂਟਿੰਗ ਕਰਵਾਉਣ ਵਾਲੀ ਐੱਚ. ਡੀ. ਐੱਫ. ਸੀ. ਬੈਂਕ ਆਪਣੀ ਇਸ਼ਤਿਹਾਰਬਾਜ਼ੀ ਵੀ ਕਰ ਰਿਹਾ ਹੈ। ਇਹ ਰੰਗ-ਰੋਗਨ ਨਿਗਮ ਅਧਿਕਾਰੀਆਂ ਦੀ ਸਹਿਮਤੀ ਨਾਲ ਹੀ ਕੀਤਾ ਜਾ ਰਿਹਾ ਹੈ।
ਮੀਟਿੰਗ ਹਾਲ 'ਚ ਬੈਂਕ ਕੋਲੋਂ ਲਵਾਇਆ ਸਾਊਂਡ ਸਿਸਟਮ
ਕੌਂਸਲਰਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਤਿਆਰ ਕਰਵਾਏ ਮੀਟਿੰਗ ਹਾਲ ਦੀ ਤਿਆਰੀ ਅਧਿਕਾਰੀ ਸੰਦੀਪ ਸਿੰਘ ਦੀ ਦੇਖ-ਰੇਖ ਵਿਚ ਕਰਵਾਈ ਗਈ ਪਰ ਐੱਸ. ਈ. ਪ੍ਰਦੁਮਨ ਸਿੰਘ ਦੀ ਦੇਖ-ਰੇਖ ਵਿਚ ਹਾਲ 'ਚ ਸਾਊਂਡ ਸਿਸਟਮ ਲਾਉਣ ਲਈ ਪ੍ਰਾਈਵੇਟ ਬੈਂਕ ਦੀ ਸਹਾਇਤਾ ਲਈ ਗਈ ਹੈ। ਇਸ ਤੋਂ ਇਲਾਵਾ ਨਿਗਮ ਦੇ ਹਰ ਫਲੋਰ 'ਤੇ ਐੱਚ. ਡੀ. ਐੱਫ. ਸੀ. ਬੈਂਕ ਵੱਲੋਂ ਬੋਰਡ ਅਤੇ ਦਫਤਰਾਂ ਬਾਹਰ ਨੰਬਰ ਪਲੇਟਾਂ ਲਾਈਆਂ ਗਈਆਂ ਹਨ।
ਬੈਂਕ ਦਾ ਲਾਇਆ ਕੂਲਰ ਬੁਝਾ ਰਿਹੈ ਪਿਆਸ
ਨਗਰ ਨਿਗਮ ਵਿਖੇ ਅਧਿਕਾਰੀਆਂ, ਕਰਮਚਾਰੀਆਂ ਤੇ ਆਉਣ-ਜਾਣ ਵਾਲੇ ਲੋਕਾਂ ਦੀ ਪਿਆਸ ਬੁਝਾਉਣ ਲਈ ਐਕਸਿਸ ਬੈਂਕ ਵੱਲੋਂ ਵੋਲਟਾਸ ਕੰਪਨੀ ਦਾ ਵਾਟਰ ਕੂਲਰ ਲਾਇਆ ਗਿਆ ਹੈ। ਨਿਗਮ ਵੱਲੋਂ ਪਹਿਲਾਂ ਨਿਗਮ ਦੀ ਇਮਾਰਤ ਵਿਚ ਵਾਟਰ ਕੂਲਰ ਦੀ ਜਗ੍ਹਾ 'ਤੇ ਕੁਨੈਕਸ਼ਨ ਦੀ ਤਿਆਰੀ ਕਰਵਾਈ ਗਈ ਸੀ ਪਰ ਵਾਟਰ ਕੂਲਰ ਨਹੀਂ ਸੀ, ਅਖੀਰ ਬੈਂਕ ਦੀ ਸਹਾਇਤਾ ਨਾਲ ਕੂਲਰ ਲਾਇਆ ਗਿਆ।
ਆਰਥਿਕ ਪੱਖੋਂ ਕਮਜ਼ੋਰ ਨਿਗਮ ਲੱਭ ਰਿਹੈ ਸਹਾਰਾ
ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਸਹੀ ਭੁਗਤਾਨ ਨਾ ਕਰਨ ਵਾਲਾ ਆਰਥਿਕ ਪੱਖੋਂ ਕਮਜ਼ੋਰ ਨਿਗਮ ਬੇਸ਼ੱਕ ਕੰਮਾਂ ਲਈ ਸਹਾਰਾ ਲੱਭ ਰਿਹਾ ਹੈ। ਸ਼ਹਿਰ ਦੀਆਂ ਦੀਵਾਰਾਂ ਸਮੇਤ ਨਿਗਮ ਵੀ ਸੁੰਦਰ ਬਣਾਇਆ ਜਾ ਰਿਹਾ ਹੈ। ਲਗਭਗ ਜਿਨ੍ਹਾਂ ਬੈਂਕਾਂ ਵਿਚ ਨਿਗਮ ਦੇ ਖਾਤੇ ਹਨ, ਉਨ੍ਹਾਂ ਬੈਂਕਾਂ ਵੱਲੋਂ ਵੀ ਆਪਣੇ ਸਹਿਯੋਗੀ ਫੰਡਾਂ 'ਚੋਂ ਨਿਗਮ ਦੇ ਕੰਮ ਕਰਵਾਉਣ ਵਿਚ ਯੋਗਦਾਨ ਦਿੱਤਾ ਜਾ ਰਿਹਾ ਹੈ।
