PMO ਦਫ਼ਤਰ ਪੁੱਜਾ ਪੰਜਾਬ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚਣ ਦਾ ਮਾਮਲਾ
Friday, Jun 18, 2021 - 12:25 PM (IST)
ਚੰਡੀਗੜ੍ਹ (ਰਮਨਜੀਤ) : ਕੇਂਦਰ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਖ਼ਿਲਾਫ਼ ਚੱਲ ਰਹੀ ਲੜਾਈ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਭੇਜੀ ਵੈਕਸੀਨ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਖਜ਼ਾਨੇ ਨੂੰ ਭਰਨ ਲਈ ਟੀਕਿਆਂ ਨੂੰ ਨਿੱਜੀ ਤੌਰ ’ਤੇ ਵੇਚਣ ਦੇ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਚੁੱਕਿਆ ਗਿਆ। ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਐੱਮ. ਓ. ਐੱਸ. ਡਾ. ਜਤਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿਚ ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਪ੍ਰਦੇਸ਼ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਪ੍ਰਦੇਸ਼ ਭਾਜਪਾ ਉਪ ਪ੍ਰਧਾਨ ਰਾਜੇਸ਼ ਬਾਗਾ ਸ਼ਾਮਲ ਸਨ।
ਵਫ਼ਦ ਨੇ ਡਾ. ਜਤਿੰਦਰ ਸਿੰਘ ਨੂੰ ਸੂਬੇ ਦੀ ਵਿਗੜੀ ਸਥਿਤੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਆਪਣਾ ਮੰਗ ਪੱਤਰ ਉਨ੍ਹਾਂ ਨੂੰ ਸੌਂਪਿਆ। ਜੀਵਨ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਦੀ ਭ੍ਰਿਸ਼ਟ ਕਾਂਗਰਸ ਸਰਕਾਰ ਘਪਲਿਆਂ ’ਤੇ ਘਪਲ ਕਰੀ ਜਾ ਰਹੀ ਹੈ ਅਤੇ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਵੈਕਸੀਨ ਨੂੰ ਆਪਣੀ ਜੇਬਾਂ ਭਰਨ ਦੇ ਮੌਕੇ ਵਜੋਂ ਵਰਤਿਆ ਅਤੇ ਟੀਕਾ ਨਿੱਜੀ ਹਸਪਤਾਲਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਦੇ ਨਿੱਜੀ ਹਸਪਤਾਲਾਂ ਨੂੰ 400 ਰੁਪਏ ਵਿਚ ਖਰੀਦੀ ਗਈ ਵੈਕਸੀਨ ਦੀਆਂ 80 ਹਜ਼ਾਰ ਖ਼ੁਰਾਕਾਂ ਨੂੰ 1060 ਰੁਪਏ ਥੋਕ ਵਿਚ ਵੇਚੀਆਂ।
ਦੂਜੇ ਪਾਸੇ, ਉਕਤ ਕੋਰੋਨਾ ਟੀਕਾ 1560 ਰੁਪਏ ਵਿਚ ਵੇਚ ਕੇ, ਨਿੱਜੀ ਹਸਪਤਾਲ ਨੇ ਸਰਕਾਰ ਦੇ ਨੱਕ ਹੇਠਾਂ ਜਨਤਕ ਤੌਰ ’ਤੇ ਦੋਵਾਂ ਹੱਥਾਂ ਨਾਲ ਲੁੱਟ ਕੀਤੀ ਅਤੇ ਲੋਕਾਂ ਦਾ ਜੰਮ ਕੇ ਆਰਥਿਕ ਸ਼ੋਸ਼ਣ ਕੀਤਾ। ਇਸ ਸਭ ਦੇ ਕਾਰਣ ਸੂਬੇ ਦੇ ਲੱਖਾਂ ਲੋਕਾਂ ਦੀ ਮੌਤ ਹੋ ਗਈ। ਗੁਪਤਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਉਨ੍ਹਾਂ ਦੀ ਮੌਤ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਜੀਵਨ ਗੁਪਤਾ ਨੇ ਕਿਹਾ ਕਿ ਇੰਨਾ ਹੀ ਨਹੀਂ, ਪੰਜਾਬ ਸਰਕਾਰ ਨੇ ਪੀ. ਪੀ. ਈ. ਕਿੱਟ ਅਤੇ ਫ਼ਤਿਹ ਕਿੱਟ ਦੀ ਖ਼ਰੀਦ ਵਿਚ ਵੀ ਘਪਲਾ ਕੀਤਾ। ਪੰਜਾਬ ਸਰਕਾਰ ਨੇ 837 ਰੁਪਏ ਦੀ ਫ਼ਤਹਿ ਕਿੱਟ ਨੂੰ 1338 ਰੁਪਏ ਦੇ ਮਹਿੰਗੇ ਭਾਅ 'ਤੇ ਖ਼ਰੀਦ ਕੇ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਲੁੱਟ ਲਈਆਂ ਹਨ। ਕੈਪਟਨ ਸਰਕਾਰ ਨੇ ਜਾਅਲੀ ਅਤੇ ਹੱਕਦਾਰ ਕੰਪਨੀਆਂ ਦੇ ਨਾਮ ’ਤੇ ਸੂਬੇ ਦੀ ਕੋਰੋਨਾ ਨਾਲ ਲੜ ਰਹੇ ਲੋਕਾਂ ਦੇ ਲਹੂ ਅਤੇ ਪਸੀਨੇ ਦੀ ਕਮਾਈ ਨੂੰ ਲੁੱਟਿਆ ਹੈ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪਟਵਾਰੀ ਤੇ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਲਈ ਇਸ ਤਾਰੀਖ਼ ਨੂੰ ਹੋਵੇਗੀ ਲਿਖ਼ਤੀ ਪ੍ਰੀਖਿਆ
ਇਸ ਘਪਲੇ ਵਿਚ ਕਈ ਵਾਰ ਰੇਟ ਦੇ ਸਬੰਧੀ ਟੈਂਡਰ ਬਦਲਿਆ ਗਿਆ। ਟੈਂਡਰ ਦੀਆਂ ਦਰਾਂ 50 ਦਿਨਾਂ ਵਿਚ 5 ਵਾਰ ਬਦਲੀਆਂ ਗਈਆਂ, 750 ਰੁਪਏ ਦੀ ਕਿੱਟ ਦਾ ਟੈਂਡਰ 1500 ਰੁਪਏ ਵਿਚ ਦਿੱਤਾ ਗਿਆ, ਉਨ੍ਹਾਂ ਕਿਹਾ ਕਿ ਕੋਵਿਡ ਫ਼ਤਹਿ ਕਿੱਟਾਂ ਦੀਆਂ ਕੀਮਤਾਂ ਹਰ 15 ਦਿਨਾਂ ਵਿਚ ਵਧਾ ਦਿੱਤੀਆਂ ਗਈਆਂ। ਨਵੀਂ ਕੰਪਨੀਆਂ ਨੂੰ ਕਈ ਵਾਰ ਟੈਂਡਰ ਦਿੱਤੇ ਗਏ। ਇਨ੍ਹਾਂ ਟੈਂਡਰਾਂ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ। ਜੀਵਨ ਗੁਪਤਾ ਨੇ ਕਿਹਾ ਕਿ ਭਾਜਪਾ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਸੂਬਾ ਸਰਕਾਰ ਦੇ ਇਨ੍ਹਾਂ ਸਾਰੇ ਘੁਟਾਲਿਆਂ ਵਿਚ ਗੰਭੀਰਤਾ ਨਾਲ ਦਿਲਚਸਪੀ ਲੈ ਕੇ ਜਾਂਚ ਕਰਵਾਉਣ ਅਤੇ ਇਸ ’ਤੇ ਸਖ਼ਤ ਨੋਟਿਸ ਲੈਣ ਦੀ ਮੰਗ ਕੀਤੀ ਹੈ, ਤਾਂ ਜੋ ਕੋਈ ਵੀ ਅਜਿਹੀਆਂ ਗੰਭੀਰ ਸਥਿਤੀਆਂ ਵਿਚ ਲੋਕਾਂ ਦੇ ਹੱਕ ਖੋਹਣ ਦੀ ਕੋਸ਼ਿਸ਼ ਨਾ ਕਰ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ