ਅੰਮ੍ਰਿਤਸਰ : ਨਿੱਜੀ ਹਸਪਤਾਲ ਦੇ ਡਾਕਟਰ ਸਮੇਤ 9 ਦੀ ਰਿਪੋਰਟ ਪਾਜ਼ੇਟਿਵ

07/02/2020 2:06:59 AM

ਅੰਮ੍ਰਿਤਸਰ,(ਦਲਜੀਤ)- ਜ਼ਿਲੇ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕ ਨਹੀਂ ਰਿਹਾ ਹੈ। ਅੱਜ ਜਿੱਥੇ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦੇ 3 ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ, ਉਥੇ ਹੀ ਇਕ ਪ੍ਰਾਈਵੇਟ ਡਾਕਟਰ ਸਮੇਤ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲੇ 'ਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 44 ਹੋ ਗਈ ਹੈ, ਜਦਕਿ ਮਰੀਜ਼ਾਂ ਦਾ ਅੰਕੜਾ 966 ਹੋ ਗਿਆ ਹੈ।
ਜਾਣਕਾਰੀ ਅਨੁਸਾਰ ਗੁਰੂ ਨਗਰੀ 'ਚ ਕੋਰੋਨਾ ਪਾਜ਼ੇਟਿਵ ਇਕ ਹੋਰ ਸ਼ਖਸ ਦੀ ਮੌਤ ਹੋ ਗਈ। ਗਰੀਨ ਐਵੀਨਿਊ ਵਾਸੀ ਮ੍ਰਿਤਕ ਨਿੱਜੀ ਹਸਪਤਾਲ 'ਚ ਇਲਾਜ ਅਧੀਨ ਸੀ। 73 ਸਾਲ ਦੇ ਇਸ ਵਿਅਕਤੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਤਰਨਤਾਰਨ ਅਤੇ ਗੁਰਦਾਸਪੁਰ ਦੇ 2 ਮਰੀਜ਼ਾਂ ਦੀ ਵੀ ਮੌਤ ਹੋ ਗਈ ਹੈ। ਅੰਮ੍ਰਿਤਸਰ 'ਚ ਕੋਰੋਨਾ ਨਾਲ ਕੁੱਲ 44 ਲੋਕਾਂ ਦੀ ਮੌਤ ਹੋ ਚੁਕੀ ਹੈ। ਬੁੱਧਵਾਰ ਨੂੰ 9 ਨਵੇਂ ਪਾਜ਼ੇਟਿਵ ਮਰੀਜ਼ ਡਿਪੋਰਟ ਹੋਏ। ਇਨ੍ਹਾਂ 'ਚ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਤਾਇਨਾਤ ਡਾਕਟਰ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।
ਸਿਹਤ ਵਿਭਾਗ ਵਲੋਂ ਜਾਰੀ ਸੂਚੀ ਅਨੁਸਾਰ ਡਾਇਮੰਡ ਐਵੀਨਿਊ ਮਜੀਠਾ ਰੋਡ ਤੋਂ 1, ਬਸੰਤ ਐਵੀਨਿਊ 1, ਜੁਝਾਰ ਸਿੰਘ ਐਵੀਨਿਊ 2, ਕਮਲਾ ਐਵੀਨਿਊ 2, ਰਾਜਾਸਾਂਸੀ ਤੋਂ 1, ਕੱਟੜਾ ਮੋਤੀ ਰਾਮ ਤੋਂ 1, ਜੋਸ਼ੀ ਕਾਲੋਨੀ ਤੋਂ 1 ਮਰੀਜ਼ ਰਿਪੋਰਟ ਹੋਇਆ ਹੈ। ਨਵੇਂ 9 ਪਾਜ਼ੇਟਿਵ ਕੇਸਾਂ ਦੇ ਨਾਲ ਹੁਣ ਅੰਮ੍ਰਿਤਸਰ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 966 ਪਹੁੰਚ ਗਈ ਹੈ। ਇਨ੍ਹਾਂ 'ਚੋਂ 759 ਠੀਕ ਹੋ ਚੁਕੇ ਹਨ, ਜਦਕਿ 107 ਹਸਪਤਾਲ 'ਚ ਇਲਾਜ ਅਧੀਨ ਅਤੇ 56 ਲੋਕਾਂ ਨੂੰ ਹੋਮ-ਆਈਸੋਲੇਟ ਕੀਤਾ ਗਿਆ ਹੈ।


Bharat Thapa

Content Editor

Related News