ਪ੍ਰਿਤਪਾਲ ਬਾਲੀਆਵਾਲ ਨੇ ਪਾਰਟੀ ’ਚੋਂ ਅਸਤੀਫ਼ਾ, ਨਵਜੋਤ ਸਿੱਧੂ ’ਤੇ ਵੱਡੇ ਲਾਏ ਇਲਜ਼ਾਮ
Monday, Dec 06, 2021 - 09:18 PM (IST)
ਚੰਡੀਗੜ੍ਹ (ਬਿਊਰੋ)-ਪੰਜਾਬ ਕਾਂਗਰਸ ’ਚ ਇਕ ਵਾਰ ਫਿਰ ਅੰਦਰੂਨੀ ਕਲੇਸ਼ ਸਾਹਮਣੇ ਆਇਆ ਹੈ। ਹੁਣ ਪੰਜਾਬ ਕਾਂਗਰਸ ਦੇ ਪਾਰਟੀ ਬੁਲਾਰੇ ਪ੍ਰਿਤਪਾਲ ਸਿੰਘ ਬਾਲੀਆਵਾਲ ਨੇ ਸੋਮਵਾਰ ਪਾਰਟੀ ’ਚੋਂ ਅਸਤੀਫ਼ਾ ਦੇ ਦਿੱਤਾ ਹੈ। ਬਾਲੀਆਵਾਲ ਪਾਰਟੀ ਬੁਲਾਰੇ ਤੋਂ ਇਲਾਵਾ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਕਿਸਾਨ ਕਾਂਗਰਸ ਦੇ ਰਾਸ਼ਟਰੀ ਕਨਵੀਨਰ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਮੀਡੀਆ ਵਿਸ਼ਲੇਸ਼ਕ ਵੀ ਸਨ। ਇਸ ਦੌਰਾਨ ਬਲੀਆਵਾਲ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਆਪਣੇ ਅਸਤੀਫ਼ੇ ’ਚ ਲਿਖਿਆ ਹੈ ਕਿ ਪੰਜਾਬ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਮਿਲ ਕੇ ਕੰਮ ਕਰਨਾ ਸੰਭਵ ਨਹੀਂ ਹੈ ਕਿਉਂਕਿ ਸਿੱਧੂ ਲਗਾਤਾਰ ਬੇਕਾਰ ਦੇ ਟਵੀਟਸ ਜ਼ਰੀਏ ਪਾਰਟੀ ਵਿਰੋਧੀ ਤੇ ਸਰਕਾਰ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋ ਕੇ ਪਾਰਟੀ ਨੂੰ ਸ਼ਰਮਸਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪਹੁੰਚੇ CM ਚੰਨੀ ਨੇ ਵਪਾਰੀਆਂ ਲਈ ਕੀਤੇ ਵੱਡੇ ਐਲਾਨ, ਪਾਕਿ ਨਾਲ ਵਪਾਰ ਖੋਲ੍ਹਣ ਦੀ ਕੀਤੀ ਮੰਗ
ਉਨ੍ਹਾਂ ਸਿੱਧੂ ’ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੀ ਕਮਾਨ ਗ਼ਲਤ ਹੱਥਾਂ ’ਚ ਸੌਂਪ ਦਿੱਤੀ ਹੈ। ਇਕ ਬੁਲਾਰੇ ਦੇ ਤੌਰ ’ਤੇ ਪਾਕਿਸਤਾਨ ਨਾਲ ਉਨ੍ਹਾਂ ਦੇ ਸਬੰਧਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਸਰਕਾਰ ਵਿਰੋਧੀ ਟਿੱਪਣੀਆਂ ਦਾ ਬਚਾਅ ਬਹੁਤ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਆਪਣੀ ਚਲਾਉਂਦੇ ਹਨ ਤੇ ਇਹੀ ਕਾਰਨ ਹੈ ਕਿ ਵਰਕਰਾਂ ਨੂੰ ਸਨਮਾਨ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਤਾਂ ਸਟੈਂਡ ਲੈਣਾ ਹੀ ਪੈਣਾ ਸੀ ਤੇ ਮੈਂ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਮੈਂ ਅਸਤੀਫ਼ੇ ਵਿਚ ਵੀ ਲਿਖਿਆ ਹੈ ਕਿ ਅਸੀਂ 2022 ਦੀਆਂ ਚੋਣਾਂ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜਦੇ ਤਾਂ ਜਿੱਤ ਪੱਕੀ ਸੀ ਪਰ ਹੁਣ ਅਜਿਹਾ ਨਹੀਂ ਲੱਗ ਰਿਹਾ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ