''ਖੂੰਖਾਰ ਕੈਦੀਆਂ'' ਨੂੰ ਪੇਸ਼ੀ ਲਈ ਦੂਜੇ ਸੂਬਿਆਂ ''ਚ ਲਿਜਾਣਾ ਹੋਇਆ ਸੌਖਾ

Monday, Feb 04, 2019 - 09:28 AM (IST)

''ਖੂੰਖਾਰ ਕੈਦੀਆਂ'' ਨੂੰ ਪੇਸ਼ੀ ਲਈ ਦੂਜੇ ਸੂਬਿਆਂ ''ਚ ਲਿਜਾਣਾ ਹੋਇਆ ਸੌਖਾ

ਲੁਧਿਆਣਾ : ਖੂੰਖਾਰ ਕੈਦੀਆਂ ਨੂੰ ਬਾਹਰੀ ਸੂਬਿਆਂ 'ਚ ਪੇਸ਼ੀ 'ਤੇ ਲਿਜਾਣ ਅਤੇ ਲਿਆਉਣਾ ਹੁਣ ਪੁਲਸ ਲਈ ਸੌਖਾ ਹੋ ਗਿਆ ਹੈ ਕਿਉਂਕਿ ਇਸ ਦੇ ਲਈ ਹੁਣ ਪੁਲਸ ਨਵੀਂ ਤਕਨੀਕ ਨਾਲ ਲੈਸ 'ਮਿਨੀ ਪ੍ਰੀਜ਼ਨ ਵੈਨ' ਦਾ ਇਸਤੇਮਾਲ ਕਰੇਗੀ। ਇਸ ਤੋਂ ਪਹਿਲਾਂ ਇਸ ਦੇ ਲਈ ਵੱਡੀ ਬੱਸ ਦਾ ਇਸਤੇਮਾਲ ਕੀਤਾ ਜਾਂਦਾ ਸੀ, ਜਿਸ 'ਚ ਪੈਸਾ ਅਤੇ ਸਮਾਂ ਦੋਵੇਂ ਬਰਬਾਦ ਹੁੰਦੇ ਸਨ। ਹੁਣ ਸਰਕਾਰ ਵਲੋਂ ਪੁਲਸ ਨੂੰ 'ਮਿਨੀ ਪ੍ਰੀਜਨ ਵੈਨ' ਦਿੱਤੀ ਗਈ ਹੈ, ਜਿਸ 'ਚ 2 ਤੋਂ 4 ਕੈਦੀਆਂ ਨੂੰ ਬੜੇ ਆਰਾਮ ਨਾਲ ਲਿਜਾਇਆ ਜਾ ਸਕੇਗਾ। 'ਮਿਨੀ ਪ੍ਰੀਜਨ ਵੈਨ' ਸ਼ਹਿਰ ਦੇ ਨਾਲ-ਨਾਲ ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਨੂੰ ਵੀ ਮਿਲੀ ਹੈ, ਜਿਸ ਦਾ ਇਸਤੇਮਾਲ ਪੁਲਸ ਜਲਦੀ ਹੀ ਸ਼ੁਰੂ ਕਰ ਦੇਵੇਗੀ। 
ਦੱਸ ਦੇਈਏ ਕਿ ਤਾਜਪੁਰ ਰੋਡ ਸਥਿਤ ਸੈਂਟਰਲ ਜੇਲ 'ਚ ਕਈ ਅਜਿਹੇ ਕੈਦੀ ਹਨ, ਜਿਨ੍ਹਾਂ ਖਿਲਾਫ ਪੰਜਾਬ ਦੇ ਨਾਲ-ਨਾਲ ਦਿੱਲੀ, ਰਾਜਸਥਾਨ, ਹਰਿਆਣਾ, ਜੰਮੂ ਅਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ 'ਚ ਮਾਮਲੇ ਦਰਜ ਹਨ। ਇਨ੍ਹਾਂ ਖੂੰਖਾਰ ਕੈਦੀਆਂ ਨੂੰ ਪੇਸ਼ੀ 'ਤੇ ਲਿਜਾਣ 'ਚ ਪੁਲਸ ਨੂੰ ਕਾਫੀ ਦਿੱਕਤ ਆਉਂਦੀ ਸੀ। ਨਿਜੀ ਵਾਹਨ ਪੁਲਸ ਲਿਜਾ ਨਹੀਂ ਸਕਦੀ ਸੀ ਅਤੇ ਕੈਦੀਆਂ ਨੂੰ ਲਿਜਾਣ ਅਤੇ ਲਿਆਉਣ ਲਈ ਛੋਟੀ ਗੱਡੀ ਨਹੀਂ ਸੀ, ਮਜਬੂਰੀ 'ਚ ਪੁਲਸ ਨੂੰ ਵੱਡੀ ਬੱਸ ਕਰਨੀ ਪੈਂਦੀ ਸੀ, ਜਿਸ 'ਚ ਤੇਲ ਕਾਫੀ ਖਰਚ ਹੁੰਦਾ ਸੀ ਅਤੇ ਨਾਲ ਹੀ ਸਮੇਂ ਦੀ ਵੀ ਬਰਬਾਦੀ ਹੁੰਦੀ ਸੀ। ਇਸੇ ਕਾਰਨ ਪੁਲਸ ਵਿਭਾਗ ਨੇ ਸਰਕਾਰ ਨੂੰ 'ਮਿਨੀ ਪ੍ਰੀਜਨ ਵੈਨ' ਦਾ ਪ੍ਰਪੋਜ਼ਲ ਭੇਜਿਆ ਸੀ, ਜਿਸ ਨੂੰ ਸਰਕਾਰ ਨੇ ਮਨਜ਼ੂਰ ਕਰਕੇ ਵੱਡੇ ਸ਼ਹਿਰਾਂ ਨੂੰ ਨਵੀਆਂ ਤਕਨੀਕਾਂ ਨਾਲ ਲੈਸ ਇਹ ਵੈਨ ਸੌਂਪ ਦਿੱਤੀ। 
 


author

Babita

Content Editor

Related News