ਜੇਲ੍ਹ 'ਚੋਂ ਕੈਦੀ ਨੇ ਕੀਤੀ ਆਪਣੀ ਕੁੱਟਮਾਰ ਦੀ ਵੀਡੀਓ ਵਾਇਰਲ, ਦੱਸੀ ਦੁੱਖਭਰੀ ਦਾਸਤਾਨ
Saturday, May 14, 2022 - 06:21 PM (IST)
ਲੁਧਿਆਣਾ(ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਦੀ ਬੈਰਕ ’ਚੋਂ ਇਕ ਕੈਦੀ ਨਾਲ ਮੁਲਾਜ਼ਮਾਂ ਵਲੋਂ ਕੀਤੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੀੜਤ ਕੈਦੀ ਨੇ ਜੇਲ੍ਹ ਤੋਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਜੇਲ੍ਹ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਏ ਹਨ ਅਤੇ ਕੈਦੀ ਨੇ ਉਸ ਨਾਲ ਹੋ ਰਹੀ ਕੁੱਟਮਾਰ ਦੀ ਆਪਬੀਤੀ ਸੁਣਾਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਨੇ ਜਿੱਥੇ ਪ੍ਰਸ਼ਾਸਨ ’ਚ ਖਲਬਲੀ ਮਚਾ ਦਿੱਤੀ ਹੈ, ਉੱਥੇ ਹੀ ਇਹ ਮਾਮਲਾ ਹੁਣ ਕਈ ਅਧਿਕਾਰੀਆਂ ਦੀ ਨਜ਼ਰ ਵਿਚ ਆ ਗਿਆ ਹੈ।
ਇਹ ਵੀ ਪੜ੍ਹੋ :- ਗਰਮੀ ਦਾ ਕਹਿਰ ਤੇ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਪਰੇਸ਼ਾਨ ਲੁਧਿਆਣਾ ਵਾਸੀ
ਦੱਸਿਆ ਜਾ ਰਿਹਾ ਹੈ ਕਿ ਉਕਤ ਕੈਦੀ ਭਰਤ ਚੌਹਾਨ ਕਿਸੇ ਗੰਭੀਰ ਅਪਰਾਧਕ ਮਾਮਲੇ ’ਚ ਜੇਲ੍ਹ ਵਿਚ ਬੰਦ ਹੈ ਅਤੇ ਆਪਣੇ ਆਪ ਨੂੰ ਪੀਲੀਆ ਦੀ ਬੀਮਾਰੀ ਤੋਂ ਪੀੜਤ ਦੱਸ ਰਿਹਾ ਹੈ, ਜਿਸ ਵਿਚ ਉਸ ਨੇ ਵੀਡੀਓ ਵਾਇਰਲ ’ਚ ਜੇਲ ਪ੍ਰਸ਼ਾਸਨ ’ਤੇ ਇਲਾਜ ਨਾ ਕਰਵਾਉਣ ਦਾ ਗੰਭੀਰ ਦੋਸ਼ ਵੀ ਲਾਇਆ ਹੈ।ਉਕਤ ਕੈਦੀ ਦਾ ਕਹਿਣਾ ਹੈ ਕਿ ਉਸ ਨੇ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਕਾਰਨ ਜੇਲ੍ਹ ਪ੍ਰਸ਼ਾਸਨ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਜਿਸ ਮੋਬਾਇਲ ਨੂੰ ਉਸ ਨੇ ਵੀਡੀਓ ਬਣਾਉਣ ਲਈ ਵਰਤਿਆ ਸੀ, ਉਸ ਨੂੰ ਬਾਅਦ ’ਚ ਕਿਸੇ ਬਲਦੀ ਭੱਠੀ ਵਿਚ ਪਾ ਦਿੱਤਾ ਤਾਂ ਕਿ ਮੋਬਾਇਲ ਜੇਲ੍ਹ ਸਟਾਫ ਦੇ ਹੱਥ ਨਾ ਲੱਗੇ।
ਇਹ ਵੀ ਪੜ੍ਹੋ :- ਡਿਮਾਂਡ ’ਚ 35 ਫੀਸਦੀ ਵਾਧਾ ,ਆਰਥਿਕ ਤੰਗੀ ਕਾਰਨ ਬਿਜਲੀ ਦੀ ਸਪਲਾਈ ’ਤੇ ਆਵੇਗਾ 2800 ਕਰੋੜ ਦਾ ਖਰਚਾ
ਕੀ ਜੇਲ ਸਟਾਫ ਦੀ ਜ਼ਿੰਮੇਵਾਰੀ ਹੋਵੇਗੀ ਤੈਅ
ਦੂਜੇ ਪਾਸੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਸਰਕਾਰੀ ਵਿਭਾਗਾਂ ਅਤੇ ਸਟਾਫ ’ਚ ਕੰਮ-ਕਾਜ ਦੀ ਸਥਿਤ ਸੁਧਾਰਨ ਲਈ ਲੋਕਾਂ ਨੇ ਵੋਟਾਂ ਪਾਈਆਂ ਸਨ ਪਰ ਸਰਕਾਰੀ ਵਿਭਾਗਾਂ ਜਿਨ੍ਹਾਂ ’ਚ ਜੇਲ੍ਹ ਪ੍ਰਸ਼ਾਸਨ ਵੀ ਆਉਂਦਾ ਹੈ, ਉਸ ਦੀ ਇਕ ਕੈਦੀ ਵੱਲੋਂ ਖੋਲ੍ਹੀ ਜਾ ਰਹੀ ਪੋਲ ਇਹ ਸਾਬਤ ਕਰਦੀ ਹੈ ਕਿ ਜੇਲ ’ਚ ਸੁਧਾਰ ਦੀ ਵੱਡੀ ਲੋੜ ਹੈ। ਜੇਕਰ ਕਿਸੇ ਕੈਦੀ ਦੇ ਇਲਾਜ ’ਤੇ ਜੇਲ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ ਤਾਂ ਇਹ ਜੇਲ੍ਹ ਮੈਨੂਅਲ ਦੇ ਖ਼ਿਲਾਫ਼ ਮੰਨਿਆ ਜਾਂਦਾ ਹੈ। ਇਸ ਲਈ ਇਹ ਵੀ ਚਰਚਾ ਛਿੜੀ ਹੈ ਕਿ ਸਰਕਾਰ ਇਸ ਮਾਮਲੇ ਨੂੰ ਠੰਡੇ ਬਸਤੇ ਵਿਚ ਪਾਵੇਗੀ ਜਾਂ ਫਿਰ ਜੇਲ੍ਹ ਦੇ ਸਟਾਫ ਦੀ ਜ਼ਿੰਮੇਵਾਰੀ ਤੈਅ ਹੋਵੇਗੀ।
ਸੈਂਟਰਲ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਵੀਡੀਓ ਵਿਚ ਦਿਖ ਰਹੇ ਰਹੇ ਕੈਦੀ ਨੂੰ ਪ੍ਰਬੰਧਕੀ ਆਧਾਰ ’ਤੇ ਅੰਮ੍ਰਿਤਸਰ ਤੋਂ ਲੁਧਿਆਣਾ ਜੇਲ੍ਹ ਭੇਜਿਆ ਗਿਆ ਸੀ। ਕੱਲ ਇਹ ਕੈਦੀ ਪੇਸ਼ੀ ਤੋਂ ਵਾਪਸ ਆਇਆ ਤਾਂ ਆਪਣੇ ਅਹਾਤੇ ’ਚ ਜਾਣ ਦੀ ਬਜਾਏ ਦੂਜੇ ਅਹਾਤੇ ’ਚ ਚਲਾ ਗਿਆ, ਜਿੱਥੇ ਉਹ ਝਗੜਾ ਕਰਨ ਦੀ ਨੀਅਤ ਨਾਲ ਗਿਆ ਸੀ। ਇਸ ਦੇ ਦੋਸ਼ ਨਿਰਆਧਾਰ ਹਨ। ਸਾਡੀ ਜੇਲ੍ਹ ਦੇ ਸਾਰੇ ਪ੍ਰਬੰਧਾਂ ਦੇ ਪੂਰੀ ਨਜ਼ਰ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।