ਹਵਾਲਾਤ ਦਾ ਤਾਲਾ ਖੁੱਲ੍ਹਾ ਦੇਖ ਚਲਾਕੀ ਨਾਲ ਭੱਜਿਆ ਮੁਲਜ਼ਮ

08/27/2018 11:14:23 AM

ਜਲੰਧਰ (ਵਰੁਣ)— ਥਾਣਾ ਭਾਰਗਵ ਕੈਂਪ 'ਚੋਂ ਸ਼ਨੀਵਾਰ ਦੇਰ ਰਾਤ ਚੋਰੀ ਦੇ ਕਈ ਕੇਸਾਂ 'ਚ ਨਾਮਜ਼ਦ ਦੋਸ਼ੀ ਪੁਲਸ ਹਿਰਾਸਤ 'ਚੋਂ ਫਰਾਰ ਹੋ ਗਿਆ। ਪੁਲਸ ਨੇ ਭਗੌੜੇ ਦੋਸ਼ੀ ਮੁਕੁਲ 'ਤੇ ਕੇਸ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦਰਅਸਲ ਹਵਾਲਾਤ ਦਾ ਤਾਲਾ ਖੁੱਲ੍ਹਾ ਰਹਿਣ ਕਾਰਨ ਪਹਿਲਾਂ ਤੋਂ ਹੀ ਤਾਕ 'ਤੇ ਬੈਠਾ ਮੁਲਜ਼ਮ ਸੰਤਰੀ ਦੇ ਬਾਥਰੂਮ ਜਾਣ ਬਾਅਦ ਕੁੰਢੀ ਖੋਲ੍ਹ ਕੇ ਹਵਾਲਾਤ ਤੋਂ ਨਿਕਲਿਆ ਅਤੇ ਥਾਣੇ ਦੀ ਦੀਵਾਰ ਤੋੜ ਕੇ ਫਰਾਰ ਹੋ ਗਿਆ। ਸੰਤਰੀ ਦੇ ਬਾਥਰੂਮ ਤੋਂ ਵਾਪਸ ਆਉਣ 'ਤੇ ਮੁਲਜ਼ਮ ਦੇ ਭੱਜਣ ਦਾ ਪਤਾ ਲੱਗਾ, ਜਿਸ ਦੀ ਸੂਚਨਾ ਅਧਿਕਾਰੀਆਂ ਨੂੰ ਮਿਲੀ ਤਾਂ ਹੜਕੰਪ ਮਚ ਗਿਆ। ਏ. ਸੀ. ਪੀ. ਸਰਬਜੀਤ ਸਿੰਘ ਰਾਏ ਨੇ ਨਾਈਟ ਮੁਨਸ਼ੀ ਸਤਪਾਲ ਅਤੇ ਸੰਤਰੀ ਜਸਪ੍ਰੀਤ ਨੂੰ ਸਸਪੈਂਡ ਕਰਕੇ ਭੱਜਣ ਵਾਲੇ ਮੁਲਜ਼ਮ ਖਿਲਾਫ ਕੇਸ ਦਰਜ ਕੀਤਾ।

ਮੁਲਜ਼ਮ ਮੁਕੁਲ ਪੁੱਤਰ ਚਮਨ ਲਾਲ ਵਾਸੀ ਭਾਰਗੋਂ ਕੈਂਪ ਨੂੰ ਦਿਆਲ ਨਗਰ ਤੋਂ ਲੜਾਈ ਝਗੜੇ ਦੇ ਕੇਸ 'ਚ ਗ੍ਰਿਫਤਾਰ ਕੀਤਾ ਸੀ। ਉਸ ਦੇ ਖਿਲਾਫ ਕਾਰ ਚੋਰੀ ਸਮੇਤ ਹੋਰ ਚੋਰੀਆਂ ਦੇ ਵੀ ਕੇਸ ਦਰਜ ਹਨ ਅਤੇ ਮੁਕੁਲ ਨਸ਼ੇ ਦਾ ਆਦੀ ਹੈ। ਪੁਲਸ ਨੇ ਚੋਰੀ ਦੇ ਕੇਸਾਂ 'ਚ ਪੁੱਛਗਿੱਛ ਲਈ ਉਸ ਨੂੰ 2 ਦਿਨਾਂ ਦੇ ਰਿਮਾਂਡ 'ਤੇ ਲਿਆ ਸੀ। ਸੋਮਵਾਰ ਨੂੰ ਉਸ ਦਾ ਰਿਮਾਂਡ ਖਤਮ ਹੋਣ ਵਾਲਾ ਸੀ। ਥਾਣੇ ਦੇ ਹੀ ਸੂਤਰਾਂ ਦੀ ਮੰਨੀਏ ਤਾਂ ਸ਼ਨੀਵਾਰ ਰਾਤ ਨੂੰ ਮੁਕੁਲ ਪੇਸ਼ਾਬ ਕਰਕੇ ਵਾਪਸ ਆਇਆ ਤਾਂ ਤਾਲਾ ਨਹੀਂ ਲੱਗਿਆ ਹੋਇਆ ਸੀ। ਦੇਰ ਰਾਤ ਨਾਈਟ ਮੁਨਸ਼ੀ ਸਤਪਾਲ ਨੇ ਵੀ ਚੈੱਕ ਨਹੀਂ ਕੀਤਾ। ਤਾਲਾ ਖੁੱਲ੍ਹੇ ਹੋਣ ਬਾਰੇ ਮੁਕੁਲ ਨੂੰ ਜਾਣਕਾਰੀ ਸੀ, ਜਿਸ ਕਾਰਨ ਉਹ ਤਾਕ ਵਿਚ ਬੈਠਾ ਸੀ। ਦੇਰ ਰਾਤ ਕਰੀਬ 2 ਵਜੇ ਜਿਵੇਂ ਹੀ ਸੰਤਰੀ ਜਸਪ੍ਰੀਤ ਬਾਥਰੂਮ ਕਰਨ ਲਈ ਅੰਦਰ ਗਿਆ ਤਾਂ ਮੁਕੁਲ ਨੇ ਚੋਰੀ ਨਾਲ ਹਵਾਲਾਤ ਦੀ ਕੁੰਢੀ ਅੰਦਰੋਂ ਖੋਲ੍ਹੀ ਅਤੇ ਆਸਾਨੀ ਨਾਲ ਨਿਕਲ ਗਿਆ। ਸੂਤਰਾਂ ਨੇ ਦੱਸਿਆ ਕਿ ਨਾਈਟ ਮੁਨਸ਼ੀ ਦੀ ਰਾਤ ਨੂੰ ਹਵਾਲਾਤ ਦੇ ਲਾਕ ਚੈੱਕ ਕਰਨ ਦੀ ਡਿਊਟੀ ਹੁੰਦੀ ਹੈ। ਸੰਤਰੀ ਜਦੋਂ ਵਾਪਸ ਆਇਆ ਤਾਂ ਉਸ ਦੇ ਆਉਣ ਦੇ ਕਾਫੀ ਸਮੇਂ ਬਾਅਦ ਜਾ ਕੇ ਪਤਾ ਲੱਗਾ ਕਿ ਮੁਕੁਲ ਹਵਾਲਾਤ 'ਚ ਨਹੀਂ ਹੈ। ਪੁਲਸ ਟੀਮ ਮੁਕੁਲ ਦੀ ਤਲਾਸ਼ 'ਚ ਛਾਪੇਮਾਰੀ ਕਰ ਰਹੀ ਹੈ। ਐਤਵਾਰ ਰਾਤ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।

ਦੱਸਿਆ ਜਾ ਰਿਹਾ ਹੈ ਕਿ ਡੇਅ ਮੁਨਸ਼ੀ ਦੀ ਛੁੱਟੀ ਹੋਣ ਕਾਰਨ ਪਹਿਲਾਂ ਨਾਈਟ ਮੁਨਸ਼ੀ ਜਤਿੰਦਰ ਕੁਮਾਰ ਡੇਅ ਨੂੰ ਡਿਊਟੀ ਦੇ ਰਿਹਾ ਸੀ ਅਤੇ ਜਤਿੰਦਰ ਦੀ ਡਿਊਟੀ ਸਤਪਾਲ ਕਰ ਰਿਹਾ ਸੀ। ਥਾਣਾ ਭਾਰਗੋ ਕੈਂਪ ਦੇ ਮੁਖੀ ਬਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਸੰਤਰੀ ਨੂੰ ਧੱਕਾ ਦੇ ਕੇ ਭੱਜਿਆ ਮੁਕੁਲ : ਐੱਸ. ਐੱਚ. ਓ.
ਇਸ ਬਾਰੇ ਜਦੋਂ ਥਾਣਾ ਭਾਰਗੋਂ ਕੈਂਪ ਦੇ ਮੁਖੀ ਬਰਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਕੁਲ ਨੇ ਦੇਰ ਰਾਤ ਸੰਤਰੀ ਨੂੰ ਪੇਸ਼ਾਬ ਕਰਨ ਦਾ ਕਹਿ ਕੇ ਹਵਾਲਾਤ ਖੁੱਲ੍ਹਵਾਈ ਸੀ। ਜਿਵੇਂ ਹੀ ਸੰਤਰੀ ਨੇ ਹਵਾਲਾਤ ਨੂੰ ਖੋਲ੍ਹਿਆ ਤਾਂ ਮੁਕੁਲ ਉਸ ਨੂੰ ਧੱਕਾ ਕੇ ਭੱਜ ਗਿਆ। ਜ਼ਿਕਰਯੋਗ ਹੈ ਕਿ ਰਾਤ ਨੂੰ ਸਾਰੇ ਥਾਣੇ ਦੇ ਦਰਵਾਜ਼ੇ ਅੰਦਰੋਂ ਬੰਦ ਹੁੰਦੇ ਹਨ ਅਤੇ ਸੰਤਰੀ ਨੂੰ ਅੱਧੀ ਰਾਤ ਧੱਕਾ ਦੇ ਕੇ ਭੱਜਣਾ ਨਾ-ਮੁਮਕਿਨ ਹੈ।


Related News