ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਫਾਇਰਿੰਗ, ਵਾਲ-ਵਾਲ ਬਚਿਆ ਸੁਰੱਖਿਆ ਗਾਰਡ

Sunday, Jul 19, 2026 - 12:38 PM (IST)

ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਫਾਇਰਿੰਗ, ਵਾਲ-ਵਾਲ ਬਚਿਆ ਸੁਰੱਖਿਆ ਗਾਰਡ

ਲੁਧਿਆਣਾ (ਰਾਜ) : ਮਹਾਨਗਰ ਦੇ ਵੀ. ਆਈ. ਪੀ. ਇਲਾਕੇ ਸਾਊਥ ਸਿਟੀ 'ਚ ਕਾਨੂੰਨ ਵਿਵਸਥਾ ਨੂੰ ਛਿੱਕੇ ਟੰਗਦੇ ਹੋਏ ਬੇਖੌਫ ਬਦਮਾਸ਼ਾਂ ਵੱਲੋਂ ਅੱਧੀ ਰਾਤ ਨੂੰ ਅੰਨ੍ਹੇਵਾਹ ਫਾਇਰਿੰਗ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਪਰਸ਼ ਕੋਠਾਰੀਆ ਮਾਰਬਲਜ਼ ਸ਼ੋਅਰੂਮ ਦੇ ਬਾਹਰ ਤਾਇਨਾਤ ਇੱਕ ਨਾਈਟ ਸੁਰੱਖਿਆ ਗਾਰਡ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਾਂ ਇਲਾਕੇ 'ਚ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਗੋਲੀ ਚਲਾਈ ਗਈ, ਜੋ ਸੁਰੱਖਿਆ ਕਰਮੀ ਦੇ ਲੱਕੜ ਦੇ ਕੈਬਿਨ ਨੂੰ ਚੀਰਦੀ ਹੋਈ ਆਰ-ਪਾਰ ਨਿਕਲ ਗਈ। ਖੁਸ਼ਕਿਸਮਤੀ ਰਹੀ ਕਿ ਇਸ ਹਮਲੇ 'ਚ ਗਾਰਡ ਦੀ ਜਾਨ ਵਾਲ-ਵਾਲ ਬਚ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਇੱਕ ਕਾਲੇ ਰੰਗ ਦੀ ਲਗਜ਼ਰੀ ਕਾਰ 'ਚ ਸਵਾਰ ਹੋ ਕੇ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਫ਼ਰਾਰ ਹੋ ਗਏ।

ਸੁਰੱਖਿਆ ਕਰਮੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 16 ਜੁਲਾਈ ਦੀ ਰਾਤ ਕਰੀਬ 12:30 ਵਜੇ ਜਦੋਂ ਉਹ ਡਿਊਟੀ 'ਤੇ ਸੀ ਤਾਂ ਉਸ ਨੂੰ ਇੱਕ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ। ਜਦੋਂ ਉਸ ਨੇ ਆਪਣੇ ਲੱਕੜ ਦੇ ਕੈਬਿਨ ਦੀ ਜਾਂਚ ਕੀਤੀ ਤਾਂ ਉਹ ਹੈਰਾਨ ਰਹਿ ਗਿਆ ਕਿ ਇੱਕ ਗੋਲੀ ਕੈਬਿਨ ਨੂੰ ਪੂਰੀ ਤਰ੍ਹਾਂ ਵਿੰਨ੍ਹ ਚੁੱਕੀ ਸੀ। ਜੇਕਰ ਉਹ ਉਸ ਵੇਲੇ ਗੋਲੀ ਦੀ ਸੇਧ ਵਿੱਚ ਹੁੰਦਾ ਤਾਂ ਉਸ ਦੀ ਮੌਤ ਪੱਕੀ ਸੀ। ਗਾਰਡ ਅਨੁਸਾਰ ਉਸ ਨੇ ਇੱਕ ਕਾਲੇ ਰੰਗ ਦੀ ਸ਼ੱਕੀ ਕਾਰ ਨੂੰ ਹੰਬੜਾ ਰੋਡ ਵੱਲ ਬਹੁਤ ਤੇਜ਼ ਰਫ਼ਤਾਰ ਨਾਲ ਭੱਜਦੇ ਦੇਖਿਆ। ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਜਾਰੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਅਤੇ ਉੱਚ ਅਧਿਕਾਰੀ ਭਾਰੀ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਦੀ ਫਾਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਅਤੇ ਗੋਲੀ ਦੇ ਖੋਲ ਕਬਜ਼ੇ ਵਿੱਚ ਲੈ ਲਏ ਹਨ। ਅਣਪਛਾਤੇ ਕਾਰ ਸਵਾਰਾਂ ਖ਼ਿਲਾਫ਼ ਇਰਾਦਾ-ਏ-ਕਤਲ ਅਤੇ ਅਸਲਾ ਐਕਟ ਦੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਇਲਾਕੇ ਵਿੱਚ ਲੱਗੇ ਨਾਈਟ-ਵਿਜ਼ਨ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕੇ।
 


author

Babita

Content Editor

Related News