ਅੰਮ੍ਰਿਤਸਰ ਤੋਂ ਦੌੜਿਆ ਕੈਦੀ ਜਲੰਧਰ ''ਚ ਕਾਬੂ
Sunday, Aug 06, 2017 - 07:26 AM (IST)
ਜਲੰਧਰ, (ਸ਼ੋਰੀ)— ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਲੁੱਟ-ਖੋਹ ਅਤੇ ਐੱਨ. ਡੀ. ਪੀ. ਐੱਸ. ਐਕਟ ਦੇ ਕੇਸ ਵਿਚ ਅਦਾਲਤ ਤੋਂ ਸਜ਼ਾ ਪਾ ਚੁੱਕਾ ਕੈਦੀ ਜੋ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਪੁਲਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਭੱਜਣ ਵਿਚ ਸਫਲ ਹੋ ਚੁੱਕਾ ਸੀ, ਉਸਨੂੰ ਅੱਜ ਕਾਬੂ ਕਰ ਲਿਆ ਹੈ। ਹਾਲਾਂਕਿ ਦੋਸ਼ੀ ਦੀ ਤਬੀਅਤ ਖਰਾਬ ਹੋਣ ਕਾਰਨ ਉਸਨੂੰ ਪੁਲਸ ਕਰਮਚਾਰੀਆਂ ਨੇ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਹੈ।
ਦੋਸ਼ੀ ਦੀ ਪਛਾਣ ਸ਼ਿਵ ਕੁਮਾਰ ਉਰਫ ਸ਼ੈਕੀ ਪੁੱਤਰ ਤਰਲੋਚਨ ਸਿੰਘ ਨਿਵਾਸੀ ਗਲੀ ਨੰਬਰ 13 ਅਵਤਾਰ ਨਗਰ ਦੇ ਤੌਰ 'ਤੇ ਹੋਈ ਹੈ। ਦੋਸ਼ੀ ਖਿਲਾਫ ਅੰਮ੍ਰਿਤਸਰ ਪੁਲਸ ਨੇ ਲੁੱਟ-ਖੋਹ ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਰੱਖਿਆ ਸੀ ਅਤੇ ਅਦਾਲਤ ਨੇ ਦੋਸ਼ੀ ਨੂੰ ਕਰੀਬ 10 ਸਾਲ ਦੀ ਸਜ਼ਾ ਸੁਣਾਈ ਸੀ। ਦੱਸਿਆ ਜਾ ਰਿਹਾ ਹੈ ਕਿ ਬੀਮਾਰੀ ਦੀ ਹਾਲਤ ਵਿਚ ਸ਼ੈਕੀ ਨੂੰ ਜੇਲ ਪੁਲਸ ਨੇ ਹਸਪਤਾਲ ਦਾਖਲ ਕਰਵਾਇਆ ਹੈ, ਜਿੱਥੋਂ ਉਹ 31 ਤਰੀਕ ਨੂੰ ਸਵੇਰੇ ਕਰੀਬ 4 ਵਜੇ ਡਿਊਟੀ 'ਤੇ ਤਾਇਨਾਤ ਪੁਲਸ ਜਵਾਨਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਮਾਮਲੇ ਵਿਚ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਮੌਜੂਦ ਕੁਝ ਪੁਲਸ ਜਵਾਨਾਂ ਨੂੰ ਸਸਪੈਂਡ ਕਰ ਦਿੱਤਾ ਸੀ। ਦੋਸ਼ੀ ਸ਼ੈਕੀ ਜਲੰਧਰ ਵਿਖੇ ਅਵਤਾਰ ਨਗਰ ਵਿਚ ਰਹਿਣ ਵਾਲੇ ਆਪਣੇ ਪਰਿਵਾਰਕ ਮੈਂਬਰਾਂ ਦੇ ਘਰ ਆਉਂਦਾ ਰਿਹਾ ਪਰ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਘਰ ਨਹੀਂ ਆਉਣ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਪੁਲਸ ਉਸਨੂੰ ਲੱਭ ਰਹੀ ਹੈ ਅਤੇ ਪੁਲਸ ਉਨ੍ਹਾਂ ਖਿਲਾਫ ਕਾਰਵਾਈ ਨਾ ਕਰੇ। ਅੱਜ ਦੁਪਹਿਰ ਸਮੇਂ ਦੋਸ਼ੀ ਸ਼ੈਕੀ ਘਰ ਪਹੁੰਚਿਆ। ਇਸ ਸਬੰਧੀ ਸੂਚਨਾ ਮਿਲਣ 'ਤੇ ਥਾਣਾ ਭਾਰਗੋ ਕੈਂਪ ਦੀ ਪੁਲਸ ਮੌਕੇ 'ਤੇ ਪਹੁੰਚੀ ਤਾਂ ਸ਼ੈਕੀ ਦੀ ਤਬੀਅਤ ਖਰਾਬ ਹੋਣ ਕਾਰਨ ਪੁਲਸ ਨੇ ਉਸਨੂੰ ਸਿਵਲ ਹਸਪਤਾਲ ਪਹੁੰਚਾਇਆ ਅਤੇ ਅੰਮ੍ਰਿਤਸਰ ਪੁਲਸ ਨੂੰ ਸੂਚਿਤ ਕੀਤਾ ਕਿ ਉਕਤ ਲੋੜੀਂਦਾ ਸ਼ੈਕੀ ਜਲੰਧਰ ਪੁਲਸ ਨੇ ਕਾਬੂ ਕਰ ਲਿਆ ਹੈ। ਦੇਖਿਆ ਜਾਵੇ ਤਾਂ ਇਨ੍ਹੀਂ ਦਿਨੀਂ ਥਾਣਾ ਭਾਰਗੋ ਕੈਂਪ ਦੀ ਪੁਲਸ ਸਜ਼ਾ ਪਾਉਣ ਵਾਲੇ ਫਰਾਰ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਪਹਿਲੇ ਸਥਾਨ 'ਤੇ ਆ ਰਹੀ ਹੈ।
