ਜੇਲ ਵਿਭਾਗ ਵਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ''ਚ 37 ਲੱਖ ਰੁਪਏ ਦਾਨ ਦੇਣ ਦਾ ਫੈਸਲਾ

Friday, Apr 10, 2020 - 09:37 PM (IST)

ਚੰਡੀਗੜ੍ਹ, (ਰਮਨਜੀਤ)— ਕੋਵਿਡ-19 ਮਹਾਮਾਰੀ ਦੇ ਸੰਕਟ ਤੇ ਕਰਫਿਊ/ਲਾਕਡਾਊਨ ਦੀਆਂ ਪਾਬੰਦੀਆਂ ਕਾਰਨ ਸੂਬੇ ਦੀ ਆਰਥਿਕਤ ਨੂੰ ਲੱਗੀ ਢਾਹ ਦੇ ਚੱਲਦਿਆਂ ਜੇਲ ਵਿਭਾਗ ਨੇ ਮੁੱਖ ਮੰਤਰੀ ਕੋਵਿਡ ਰਾਹਤ ਫੰਡ 'ਚ 37 ਲੱਖ ਰੁਪਏ ਦੇ ਕਰੀਬ ਰਾਸ਼ੀ ਦਾਨ ਕਰਨ ਦਾ ਫੈਸਲਾ ਕੀਤਾ। ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਰਾਹਤ ਦੇਣ ਤੇ ਕੋਵਿਡ-19 ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਚ ਆਪਣਾ ਯੋਗਦਾਨ ਪਾਉਂਦਿਆਂ ਜੇਲ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਵੈ ਇੱਛਾ ਨਾਲ ਆਪਣੀ ਇਕ ਦਿਨ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ੀ 37 ਲੱਖ ਰੁਪਏ ਦੇ ਕਰੀਬ ਬਣਦੀ ਹੈ, ਜਿਸ ਨੂੰ ਮੁੱਖ ਮੰਤਰੀ ਰਾਹਤ ਫੰਡ 'ਚ ਪਾਇਆ ਜਾਵੇਗਾ। ਰੰਧਾਵਾ ਨੇ ਜੇਲ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਸੰਕਟ ਦੀ ਘੜੀ 'ਚ ਉਨ੍ਹਾਂ ਵਲੋਂ ਪਾਇਆ ਇਹ ਯੋਗਦਾਨ ਸੂਬਾ ਵਾਸੀ ਕਦੇ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਵਿਭਾਗ ਦੇ ਸਾਰੇ ਕਰਮੀ ਜਿੱਥੇ ਇਸ ਸੰਕਟ ਦੇ ਚੱਲਦਿਆਂ ਆਪਣੀ ਸਰਕਾਰੀ ਡਿਊਟੀ ਵੀ ਤਨਦੇਹੀ ਨਾਲ ਨਿਭਾ ਰਹੇ ਹਨ, ਉਥੇ ਦਾਨ ਰਾਸ਼ੀ ਰਾਹੀਂ ਵੀ ਆਪਣਾ ਯੋਗਦਾਨ ਪਾ ਰਹੇ ਹਨ।


KamalJeet Singh

Content Editor

Related News