ਹੈਰੋਇਨ ਸਮੱਗਲਿੰਗ ਦੇ ਮਾਮਲੇ ''ਚ ਕੈਦ ਤੇ ਜੁਰਮਾਨਾ
Thursday, Apr 05, 2018 - 10:51 PM (IST)

ਮੋਗਾ, (ਸੰਦੀਪ)- ਜ਼ਿਲਾ ਅਤੇ ਐਡੀਸ਼ਨਲ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਦੀ ਅਦਾਲਤ ਨੇ ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਇਕ ਦੋਸ਼ੀ ਨੂੰ ਤਿੰਨ ਦਿਨ ਪਹਿਲਾਂ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅਦਾਲਤ ਵੱਲੋਂ ਇਸ ਮਾਮਲੇ 'ਚ ਫੈਸਲੇ ਲਈ 5 ਅਪ੍ਰੈਲ ਤਹਿ ਕੀਤੀ ਗਈ ਸੀ। ਇਸ ਮਾਮਲੇ 'ਚ ਅਦਾਲਤ ਨੇ ਅੱਜ ਆਪਣਾ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਜਗਮੀਤ ਸਿੰਘ ਉਰਫ ਜੱਜ ਨਿਵਾਸੀ ਭਖਨਾ ਗੱਟੀ ਰਾਜੋਕੇ ਨੂੰ 10 ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਨੇ ਜੁਰਮਾਨਾ ਨਾ ਅਦਾ ਕਰਨ ਦੀ ਸੂਰਤ 'ਚ ਉਸ ਨੂੰ ਇਕ ਸਾਲ ਦੀ ਹੋਰ ਕੈਦ ਕੱਟਣ ਦਾ ਆਦੇਸ਼ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਥਾਣਾ ਸਦਰ ਪੁਲਸ ਵੱਲੋਂ 14 ਫਰਵਰੀ 2014 ਨੂੰ ਗਸ਼ਤ ਦੌਰਾਨ ਦੋਸ਼ੀ ਜਗਮੀਤ ਸਿੰਘ ਨੂੰ ਪਿੰਡ ਰੱਤੀਆ ਤੋਂ ਘਲਕਲਾਂ ਨੂੰ ਜਾਂਦੀ ਸੜਕ 'ਤੇ ਮੋਟਰਸਾਈਕਲ ਸਵਾਰ ਜਗਮੀਤ ਸਿੰਘ ਨੂੰ ਰੋਕ ਕੇ ਉਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਇਕ ਕਿਲੋਗ੍ਰਾਮ ਹੈਰੋਇਨ ਬਰਾਮਦ ਕਰ ਕੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।