ਪ੍ਰਿੰਸੀਪਲ ਸਾਹਿਬ! ਤਰੀਕ ’ਤੇ ਤਰੀਕ...ਕਦੋਂ ਸ਼ੁਰੂ ਹੋਵੇਗੀ ਪੜ੍ਹਾਈ
Thursday, Aug 02, 2018 - 06:15 AM (IST)

ਅੰਮ੍ਰਿਤਸਰ, (ਸੰਜੀਵ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ’ਚ ਅੱਜ ਨਿਰਧਾਰਤ ਤਰੀਕ ਅਨੁਸਾਰ ਚੌਥੀ ਵਾਰ ਕਲਾਸਾਂ ਨਾ ਲੱਗਣ ਦੇ ਰੋਸ ਵਿਚ ਵਿਦਿਆਰਥੀਆਂ ਨੇ ਲਗਭਗ ਡੇਢ ਘੰਟੇ ਤੱਕ ਕਾਲਜ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਤੇ ਚਿਤਾਵਨੀ ਦਿੱਤੀ ਕਿ ਜੇਕਰ 2 ਅਗਸਤ ਤੋਂ ਕਲਾਸਾਂ ਨਾ ਸ਼ੁਰੂ ਕੀਤੀਅਾਂ ਗਈਆਂ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ।
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਾਲਜ ਵਿਚ 44 ਐਡਹਾਕ ਅਧਿਆਪਕਾਂ ਨੂੰ ਨਿਯੁਕਤੀ ਨਾ ਦੇਣ ਦੇ ਮਾਮਲੇ ਵਿਚ ਉਨ੍ਹਾਂ ਵੱਲੋਂ ਅਦਾਲਤ ਤੋਂ ਸਟੇਅ ਲੈਣ ’ਤੇ ਕਲਾਸਾਂ ਲਾਉਣ ’ਤੇ ਰੋਕ ਲਾ ਦਿੱਤੀ ਗਈ। ਇਸ ਉਪਰੰਤ ਐਡਹਾਕ ਅਧਿਆਪਕ ਰੋਜ਼ਾਨਾ ਬਾਹਰੋਂ ਹੀ ਆਪਣੀ ਹਾਜ਼ਰੀ ਲਾ ਕੇ ਕਾਲਜ ਵਿਚ ਬਿਨਾਂ ਕੰਮ ਕੀਤੇ ਬੈਠਕ ਕਰ ਕੇ ਵਾਪਸ ਜਾਂਦੇ ਰਹੇ। ਦੂਜੇ ਪਾਸੇ ਕਲਾਸਾਂ 12 ਜੁਲਾਈ ਤੋਂ ਸ਼ੁਰੂ ਹੋਣੀਅਾਂ ਸਨ, ਉਨ੍ਹਾ ਨੂੰ ਪਹਿਲਾਂ 17, ਫਿਰ 20 ਤੇ ਬਾਅਦ ਵਿਚ 1 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ। ਅੱਜ ਜਦੋਂ ਵਿਦਿਆਰਥੀ ਕਾਲਜ ਪੁੱਜੇ ਤਾਂ ਉਥੇ 2 ਅਗਸਤ ਦਾ ਨੋਟਿਸ ਲੱਗਾ ਦੇਖ ਕੇ ਹੈਰਾਨ ਰਹਿ ਗਏ। ਇਸ ਸਬੰਧੀ ਉਨ੍ਹਾਂ ਪ੍ਰਿੰਸੀਪਲ ਤੇ ਅਧਿਆਪਕਾਂ ਨਾਲ ਸੰਪਰਕ ਕੀਤਾ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ।
ਵਿਦਿਆਰਥੀਆਂ ਦੇ ਰੋਸ ਨੂੰ ਦੇਖਦਿਅਾਂ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਕਾਲਜ ਤੋਂ ਬਾਹਰ ਕੱਢ ਕੇ ਕਾਲਜ ਦੇ ਗੇਟ ਨੂੰ ਤਾਲਾ ਲਵਾ ਦਿੱਤਾ ਗਿਆ, ਜਿਸ ’ਤੇ ਵਿਦਿਆਰਥੀਆਂ ਦਾ ਗੁੱਸਾ ਹੋਰ ਫੁੱਟ ਪਿਆ ਤੇ ਉਨ੍ਹਾਂ ਯੂਨੀਵਰਸਿਟੀ ਪ੍ਰਬੰਧਕ ਤੇ ਕਾਲਜ ਦੇ ਪ੍ਰਿੰਸੀਪਲ ਖਿਲਾਫ ਜੰਮ ਕਰ ਕੇ ਨਾਅਰੇਬਾਜ਼ੀ ਕੀਤੀ ਅਤੇ ਕਲਾਸਾਂ ਲਾਉਣ ਦੀ ਮੰਗ ਕੀਤੀ। ਵਿਦਿਆਰਥੀਆਂ ਦੇ ਰੋਸ ਨੂੰ ਦੇਖਦਿਅਾਂ ਪ੍ਰਿੰਸੀਪਲ ਵੱਲੋਂ ਲਗਭਗ 1 ਘੰਟੇ ਬਾਅਦ ਤਾਲਾ ਖੁੱਲ੍ਹਵਾ ਕੇ ਉਨ੍ਹਾਂ ਨਾਲ ਗੱਲਬਾਤ ਕਰ ਕੇ 2 ਅਗਸਤ ਤੋਂ ਕਲਾਸਾਂ ਲਾਉਣ ਦਾ ਭਰੋਸਾ ਦੇ ਕੇ ਮਾਮਲੇ ਨੂੰ ਸ਼ਾਂਤ ਕੀਤਾ ਗਿਆ।
®ਦੱਸਣਯੋਗ ਹੈ ਕਿ ਯੂਨੀਵਰਸਿਟੀ ਕਾਲਜ ਵੇਰਕਾ ’ਚ ਦੂਰ-ਦੁਰਾਡਿਓਂ ਵਿਦਿਆਰਥੀ ਪਡ਼੍ਹਨ ਆਉਂਦੇ ਹਨ। ਇੰਨਾ ਹੀ ਨਹੀਂ, ਕੁਝ ਵਿਦਿਆਰਥੀ ਦੂਜੇ ਜ਼ਿਲ੍ਹਿਆਂ ਤੋਂ ਵੀ ਆ ਕੇ ਇਥੇ ਹੋਸਟਲ ਵਿਚ ਜਾਂ ਬਾਹਰ ਰਹਿੰਦੇ ਹਨ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਹਰ ਵਾਰ ਜਦੋਂ ਵੀ ਉਹ ਨਿਰਧਾਰਤ ਤਰੀਕ ’ਤੇ ਕਲਾਸਾਂ ਲਾਉਣ ਪੁੱਜਦੇ ਹਨ ਤਾਂ ਉਨ੍ਹਾਂ ਨੂੰ ਅੱਗੋਂ ਅਗਲੀ ਤਰੀਕ ਦਾ ਨੋਟਿਸ ਮਿਲ ਜਾਂਦਾ ਹੈ। ਉਨ੍ਹਾਂ ਅਨੁਸਾਰ ਉਨ੍ਹਾਂ ਦਾ ਸਮੈਸਟਰ 4 ਮਹੀਨੇ ਦਾ ਹੁੰਦਾ ਹੈ ਜੋ ਕਿ 15 ਜੁਲਾਈ ਤੋਂ 15 ਸਤੰਬਰ ਤੱਕ ਖ਼ਤਮ ਹੋ ਜਾਂਦਾ ਹੈ, ਅਜਿਹੇ ’ਚ ਲਗਭਗ 1 ਮਹੀਨੇ ਦਾ ਅੰਤਰਾਲ ਪੈਣ ਦੇ ਬਾਵਜੂਦ ਯੂਨੀਵਰਸਿਟੀ ਵੱਲੋਂ ਨਿਰਧਾਰਤ ਤਰੀਕਾਂ ’ਤੇ ਹੀ ਪ੍ਰੀਖਿਆ ਲਈ ਜਾਣੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਜਿੰਨੀਆਂ ਵੀ ਕਲਾਸਾਂ ਲੇਟ ਹੋਈਅਾਂ ਹਨ ਯੁੂਨੀਵਰਸਿਟੀ ਉਸੇ ਹਿਸਾਬ ਨਾਲ ਹੀ ਪ੍ਰੀਖਿਆ ਦੀ ਤਰੀਕ ਨਿਰਧਾਰਤ ਕਰੇ।
ਵਿਦਿਆਰਥੀਆਂ ਨੂੰ ਕੀਤਾ ਸੀ ਸੂਚਿਤ : ਪ੍ਰਿੰਸੀਪਲ
ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਧਰਮਜੀਤ ਸਿੰਘ ਅਨੁਸਾਰ ਉਹ ਅੱਜ ਤੋਂ ਹੀ ਕਲਾਸਾਂ ਸ਼ੁਰੂ ਕਰਵਾਉਣਾ ਚਾਹੁੰਦੇ ਸਨ ਪਰ ਯੂਨੀਵਰਸਿਟੀ ਵੱਲੋਂ ਜਾਰੀ ਆਦੇਸ਼ ਅਨੁਸਾਰ ਉਨ੍ਹਾਂ ਨੂੰ ਇਕ ਦਿਨ ਲਈ ਕਲਾਸਾਂ ਮੁਲਤਵੀ ਕਰਨੀਅਾਂ ਪਈਅਾਂ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਵਿਦਿਆਰਥੀਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ, ਲਗਭਗ 10 ਫ਼ੀਸਦੀ ਵਿਦਿਆਰਥੀ ਅਜਿਹੇ ਸਨ, ਜਿਨ੍ਹਾਂ ਨੂੰ ਇਸ ਦੀ ਸੂਚਨਾ ਨਹੀਂ ਮਿਲੀ ਸੀ।
ਜਾਣਬੁੱਝ ਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾਡ਼
ਇਸ ਸਬੰਧੀ ਐਡਹਾਕ ਟੀਚਰ ਯੂਨੀਅਨ ਦੇ ਮਹਾਸਕੱਤਰ ਸੁਖਦੇਵ ਸਿੰਘ ਨੇ ਅੱਜ ਦੀ ਘਟਨਾ ਨੂੰ ਅਫਸੋਸਜਨਕ ਕਰਾਰ ਦਿੱਤਾ ਤੇ ਕਿਹਾ ਕਿ ਕਾਲਜ ਵਿਚ 50 ਦੇ ਕਰੀਬ ਅਧਿਆਪਕ ਹਨ, ਅਜਿਹੇ ’ਚ ਯੂਨੀਵਰਸਿਟੀ ਵੱਲੋਂ ਜਾਣਬੁੱਝ ਕੇ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਆਪਣੀ ਕਾਨੂੰਨੀ ਲਡ਼ਾਈ ਇਕ ਪਾਸੇ ਰੱਖ ਕੇ ਕਾਲਜ ਵਿਚ ਕਲਾਸਾਂ ਸ਼ੁਰੂ ਕਰਵਾਉਣ।