PM ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਨੂੰ ਵੰਦੇ ਭਾਰਤ ਟ੍ਰੇਨ ਦਾ ਦਿੱਤਾ ਤੋਹਫ਼ਾ : ਇਕਬਾਲ ਸਿੰਘ ਲਾਲਪੁਰਾ
Thursday, Oct 13, 2022 - 09:06 PM (IST)
ਸ੍ਰੀ ਅਨੰਦਪੁਰ ਸਾਹਿਬ : ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਤੋਂ ਊਨਾ ਲਈ ਸ਼ੁਰੂ ਕੀਤੀ ਗਈ ਵੰਦੇ ਭਾਰਤੀ ਐਕਸਪ੍ਰੈੱਸ ਦੀ ਸ਼ਲਾਘਾ ਕਰਦਿਆਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਤੇ ਹੋਲਾ-ਮਹੱਲਾ ਮਨਾਉਣ ਆਉਣ ਵਾਲੀਆਂ ਸੰਗਤਾਂ ਲਈ ਤੇਜ਼ ਗਤੀ ਦੀ ਟ੍ਰੇਨ ਅੱਜ ਤੱਕ ਨਹੀਂ ਸੀ। ਸਿੱਖ ਪੰਥ ਦੀ ਚਿਰੋਕਣੀ ਮੰਗ ਸੀ ਕਿ ਸ਼ਤਾਬਦੀ ਗੱਡੀ ਸ਼ਰਧਾਲੂਆਂ ਵਾਸਤੇ ਚਲਾਈ ਜਾਵੇ।
ਚੇਅਰਮੈਨ ਲਾਲਪੁਰਾ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਰੇਲਗੱਡੀ ਜੋ ਹਰਿਆਣਾ, ਚੰਡੀਗੜ੍ਹ, ਪੰਜਾਬ ਅਤੇ ਹਿਮਾਚਲ ਵਿਚ ਸਿਰਫ ਇਕ-ਇਕ ਰੇਲਵੇ ਸਟੇਸ਼ਨ 'ਤੇ ਹੀ ਰੁਕਣੀ ਹੈ, ਲਈ ਆਉਣ ਤੇ ਜਾਣ ਲਈ ਸ੍ਰੀ ਅਨੰਦਪੁਰ ਸਾਹਿਬ ਰੁਕਣ ਦਾ ਸਟੇਸ਼ਨ ਬਣਾ ਦਿੱਤਾ ਹੈ। ਇਸ ਨਾਲ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਸਵੇਰੇ ਚੱਲ ਕੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਸ਼ਾਮ ਤੱਕ ਵਾਪਸ ਜਾ ਸਕਦੀਆਂ ਹਨ। ਲਾਲਪੁਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਰਧਾ ਰੱਖਦੇ ਹੋਏ ਅਤੇ ਸਿੱਖ ਇਤਿਹਾਸ ਦੇ ਜਾਣੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਪੰਥਕ ਸੇਵਾ ਲਈ ਸ਼ਲਾਘਾ ਕੀਤੀ। ਉਨ੍ਹਾਂ ਪ੍ਰਧਾਨਮੰਤਰੀ ਮੋਦੀ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ।
ਇਹ ਖ਼ਬਰ ਵੀ ਪੜ੍ਹੋ - ਇਕ ਹੋਰ ਵੱਢੀਖੋਰ ਪੁਲਸ ਮੁਲਾਜ਼ਮ ਚੜ੍ਹਿਆ ਵਿਜੀਲੈਂਸ ਦੇ ਹੱਥੇ
ਲਾਲਪੁਰਾ ਨੇ ਰੇਲ ਗੱਡੀ ਦੇ ਪਹਿਲੇ ਦਿਨ ਰੇਲ ਮੰਤਰੀ ਨਾਲ ਸਫ਼ਰ ਕੀਤਾ ਅਤੇ ਇਸ ਦੌਰਾਨ ਪੰਜਾਬ ਦੀਆਂ ਅਨੇਕਾਂ ਮੰਗਾਂ ਬਾਰੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਜਿਹੀ ਵੰਦੇ ਭਾਰਤ ਰੇਲਗੱਡੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਠਿੰਡਾ ਲਈ ਵੀ ਚਲਾਉਣ ਲਈ ਬੇਨਤੀ ਕੀਤੀ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ ਦੇ ਸਿੱਖ ਸ਼ਰਧਾਲੂਆਂ ਨੂੰ ਵੀ ਇਸ ਤਰ੍ਹਾਂ ਦੀ ਸਹੂਲਤ ਮਿਲ ਸਕੇ। ਇਸ ਮੌਕੇ ਕੇਂਦਰੀ ਮੰਤਰੀ ਸੋਮਪ੍ਰਕਾਸ਼, ਅਸ਼ਵਨੀ ਸ਼ਰਮਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਗ੍ਰਹਿ ਮੰਤਰੀ ਅਨਿਲ ਵਿੱਜ ਵੀ ਮੌਜੂਦ ਸਨ।