ਪੁਜਾਰੀ ਦੀ 12 ਸਾਲਾ ਧੀ ਦੀ ਕਿਡਨੈਪਿੰਗ ਨਾਲ ਮਚਿਆ ਹੜਕੰਪ, ਕੁਝ ਘੰਟਿਆਂ ਬਾਅਦ 3 ਕਿਲੋਮੀਟਰ ਦੂਰ ਮਿਲੀ

Friday, Feb 25, 2022 - 02:48 PM (IST)

ਪੁਜਾਰੀ ਦੀ 12 ਸਾਲਾ ਧੀ ਦੀ ਕਿਡਨੈਪਿੰਗ ਨਾਲ ਮਚਿਆ ਹੜਕੰਪ, ਕੁਝ ਘੰਟਿਆਂ ਬਾਅਦ 3 ਕਿਲੋਮੀਟਰ ਦੂਰ ਮਿਲੀ

ਜਲੰਧਰ (ਜ. ਬ.) : ਗੁਰੂ ਅਮਰਦਾਸ ਨਗਰ ਵਿਚ ਸਥਿਤ ਇਕ ਮੰਦਿਰ ਦੇ ਪੁਜਾਰੀ ਦੀ 12 ਸਾਲਾ ਧੀ ਅਚਾਨਕ ਲਾਪਤਾ ਹੋ ਗਈ। ਪੀੜਤ ਪਰਿਵਾਰ ਨੇ ਬੱਚੀ ਦੇ ਲਾਪਤਾ ਹੋਣ ਤੋਂ ਬਾਅਦ ਕਿਡਨੈਪਿੰਗ ਦੇ ਦੋਸ਼ ਲਾਏ, ਜਿਸ ਤੋਂ ਬਾਅਦ ਥਾਣਾ ਨੰਬਰ 1 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਵਿਚ ਪਾਇਆ ਗਿਆ ਕਿ ਬੱਚੀ ਇਕੱਲੀ ਹੀ ਸੀ. ਸੀ. ਟੀ. ਵੀ. ਕੈਮਰੇ ਵਿਚ ਜਾਂਦੀ ਦਿਖਾਈ ਦਿੱਤੀ ਪਰ ਪੁਲਸ ਨੇ ਉਸਦੀ ਭਾਲ ਵਿਚ ਬੱਸ ਸਟੈਂਡ, ਰੇਲਵੇ ਸਟੇਸ਼ਨ ਤੋਂ ਇਲਾਵਾ ਨੇੜਲੇ ਸ਼ੱਕੀ ਇਲਾਕਿਆਂ ਵਿਚ ਆਪਣੀਆਂ ਟੀਮਾਂ ਰਵਾਨਾ ਕਰ ਦਿੱਤੀਆਂ। ਜਾਣਕਾਰੀ ਅਨੁਸਾਰ ਥਾਣਾ ਨੰਬਰ 1 ਦੀ ਪੁਲਸ ਨੂੰ ਵੀਰਵਾਰ ਸ਼ਾਮ ਸੂਚਨਾ ਮਿਲੀ ਕਿ ਮੰਦਿਰ ਦੇ ਪੁਜਾਰੀ ਦੀ 12 ਸਾਲਾ ਧੀ ਆਪਣੀ ਮਾਤਾ ਤੇ ਮਾਮੇ ਨਾਲ ਨੇੜੇ ਹੀ ਸਥਿਤ ਇਕ ਪਾਰਕ ਵਿਚ ਫੁੱਲ ਤੋੜਨ ਗਈ ਸੀ ਤੇ ਇਸੇ ਦੌਰਾਨ ਉਹ ਲਾਪਤਾ ਹੋ ਗਈ। ਬੱਚੀ ਦਾ ਮਾਮਾ ਅਤੇ ਮਾਂ ਫੁੱਲ ਲੈ ਕੇ ਘਰ ਪਹੁੰਚ ਗਏ ਪਰ ਉਹ ਘਰ ਨਾ ਪੁੱਜੀ।

ਪਰਿਵਾਰਕ ਮੈਂਬਰਾਂ ਨੇ ਬੱਚੀ ਦੀ ਕਾਫੀ ਭਾਲ ਕੀਤੀ ਪਰ ਉਸਦਾ ਕੋਈ ਸੁਰਾਗ ਨਹੀਂ ਲੱਗਾ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰਬਰ 1 ਦੇ ਏ. ਐੱਸ. ਆਈ. ਕੁਲਵਿੰਦਰ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਬੱਚੀ ਇਕੱਲੀ ਹੀ ਜਾ ਰਹੀ ਸੀ। ਪੁਲਸ ਨੇ ਤੁਰੰਤ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਵੱਲ ਆਪਣੀਆਂ ਟੀਮਾਂ ਭੇਜ ਦਿੱਤੀਆਂ। ਰਾਤੀਂ ਲਗਭਗ 10 ਵਜੇ ਕਿਸੇ ਜਾਗਰੂਕ ਨਾਗਰਿਕ ਨੇ ਬੱਚੀ ਨੂੰ ਲਾਵਾਰਿਸ ਹਾਲਤ ਵਿਚ ਦੇਖ ਕੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਉਕਤ ਬੱਚੀ ਪੁਜਾਰੀ ਦੀ ਹੀ ਸੀ। ਥਾਣਾ ਨੰਬਰ 1 ਦੇ ਇੰਚਾਰਜ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਬੱਚੀ ਰਸਤਾ ਭਟਕ ਗਈ ਸੀ ਪਰ ਜਿਉਂ ਹੀ ਉਨ੍ਹਾਂ ਨੂੰ ਬੱਚੀ ਮਿਲਣ ਦੀ ਸੂਚਨਾ ਮਿਲੀ ਤਾਂ ਤੁਰੰਤ ਟੀਮਾਂ ਉਥੇ ਭੇਜੀਆਂ ਗਈਆਂ ਅਤੇ ਬੱਚੀ ਨੂੰ ਲੈ ਕੇ ਉਸਦੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬੱਚੀ 3 ਕਿਲੋਮੀਟਰ ਤੱਕ ਪੈਦਲ ਚਲੀ ਗਈ। ਦੂਜੇ ਪਾਸੇ ਪੁਜਾਰੀ ਨੇ ਬੱਚੀ ਦੇ ਮਿਲਣ ਦੀ ਪੁਸ਼ਟੀ ਕਰ ਦਿੱਤੀ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਬੱਚੀ ਦੀ ਤਸਵੀਰ
ਬੱਚੀ ਦੇ ਸ਼ੱਕੀ ਹਾਲਾਤ ’ਚ ਕਿਡਨੈਪ ਹੋਣ ਦੀ ਸੂਚਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਬੱਚੀ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਸਨ। ਬੱਚੀ ਨੂੰ ਦੇਖ ਕੇ ਉਸਦੇ ਪਿਤਾ ਨੂੰ ਸੂਚਨਾ ਦੇਣ ਲਈ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਸੀ। ਹਿੰਦੂ ਸੰਗਠਨ ਵੀ ਇਸ ਮਾਮਲੇ ’ਤੇ ਨਜ਼ਰਾਂ ਗੱਡੀ ਬੈਠੇ ਸਨ।

 


author

Gurminder Singh

Content Editor

Related News