ਪੰਜਾਬ ਸਰਕਾਰ ’ਤੇ ਵੀ ਵਧਿਆ ਵੈਟ ਘੱਟ ਕਰ ਕੇ ਤੇਲ ਕੀਮਤਾਂ ਘਟਾਉਣ ਦਾ ਦਬਾਅ

Saturday, Nov 06, 2021 - 02:32 PM (IST)

ਪੰਜਾਬ ਸਰਕਾਰ ’ਤੇ ਵੀ ਵਧਿਆ ਵੈਟ ਘੱਟ ਕਰ ਕੇ ਤੇਲ ਕੀਮਤਾਂ ਘਟਾਉਣ ਦਾ ਦਬਾਅ

ਚੰਡੀਗੜ੍ਹ (ਰਮਨਜੀਤ) : ਕੇਂਦਰ ਸਰਕਾਰ ਵਲੋਂ ਪੈਟਰੋਲ-ਡੀਜ਼ਲ ’ਤੇ ਐਕਸਾਈਜ਼ ਡਿਊਟੀ ਘੱਟ ਕਰਨ ਅਤੇ ਪੰਜਾਬ ਦੇ ਗੁਆਂਢੀ ਰਾਜਾਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਲੋਂ ਵੈਟ ਦਰਾਂ ਘੱਟ ਕੀਤੇ ਜਾਣ ਕਾਰਣ ਪੰਜਾਬ ਵਿਚ ਤੇਲ ਕੀਮਤਾਂ ਇਨ੍ਹਾਂ ਦੇ ਮੁਕਾਬਲੇ 10 ਤੋਂ 13 ਰੁਪਏ ਜ਼ਿਆਦਾ ਹੋ ਗਈਆਂ ਹਨ। ਇਸ ਨਾਲ ਪੰਜਾਬ ਸਰਕਾਰ ’ਤੇ ਵੀ ਪੈਟਰੋਲੀਅਮ ਪਦਾਰਥਾਂ ’ਤੇ ਵੈਟ ਦਰਾਂ ਘੱਟ ਕਰ ਕੇ ਲੋਕਾਂ ਨੂੰ ਰਾਹਤ ਦੇਣ ਦਾ ਦਬਾਅ ਵਧ ਗਿਆ ਹੈ। ਭਾਜਪਾ ਨੇਤਾਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਦੇ ਭਾਜਪਾ ਸ਼ਾਸਿਤ ਰਾਜਾਂ ਦੀ ਤਰ੍ਹਾਂ ਰਾਜ ਦੀਆਂ ਵੈਟ ਦਰਾਂ ਵਿਚ ਕਟੌਤੀ ਕੀਤੀ ਜਾਵੇ ਤਾਂਕਿ ਲੋਕਾਂ ਨੂੰ ਕੇਂਦਰ ਸਰਕਾਰ ਵਲੋਂ ਘਟਾਈ ਗਈ ਐਕਸਾਈਜ਼ ਡਿਊਟੀ ਦਾ ਹੋਰ ਜ਼ਿਆਦਾ ਫਾਇਦਾ ਮਿਲ ਸਕੇ। ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੰਕੇਤ ਦਿੱਤੇ ਹਨ ਕਿ ਪੰਜਾਬ ਸਰਕਾਰ ਪੈਟਰੋਲੀਅਮ ਪਦਾਰਥਾਂ ’ਤੇ ਵੈਟ ਦੀਆਂ ਦਰਾਂ ਸਬੰਧੀ ਅਗਲੀ ਕੈਬਨਿਟ ਬੈਠਕ ਵਿਚ ਵਿਚਾਰ ਕਰਨ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਐਤਵਾਰ ਨੂੰ ਹੀ ਪੰਜਾਬ ਮੰਤਰੀ ਮੰਡਲ ਦੀ ਬੈਠਕ ਹੋਣ ਵਾਲੀ ਹੈ ਅਤੇ ਸੰਭਾਵਨਾ ਹੈ ਕਿ ਇਸ ਬੈਠਕ ਵਿਚ ਵੈਟ ਦਰਾਂ ਘੱਟ ਕਰ ਕੇ ਘੱਟ ਤੋਂ ਘੱਟ 5 ਰੁਪਏ ਪ੍ਰਤੀ ਲੀਟਰ ਦੀ ਰਾਹਤ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇਗੀ। ਕੇਂਦਰ ਵਲੋਂ ਐਕਸਾਈਜ਼ ਡਿਊਟੀ ਘੱਟ ਕਰਨ ਅਤੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਵਲੋਂ ਵੈਟ ਦਰਾਂ ਘੱਟ ਕੀਤੇ ਜਾਣ ਨਾਲ ਹਿਮਾਚਲ ਪ੍ਰਦੇਸ਼ ਵਿਚ ਪੈਟਰੋਲ 93.79 ਰੁਪਏ ਅਤੇ ਡੀਜ਼ਲ 78.75 ਰੁਪਏ, ਹਰਿਆਣਾ ਵਿਚ 95.29 ਰੁਪਏ ਅਤੇ 86.53 ਰੁਪਏ ਅਤੇ ਜੰਮੂ-ਕਸ਼ਮੀਰ ’ਚ 96.13 ਰੁਪਏ ਅਤੇ 80.31 ਰੁਪਏ ਪ੍ਰਤੀ ਲੀਟਰ ਹੋ ਗਏ ਹਨ।

ਇਹ ਵੀ ਪੜ੍ਹੋ : ਉਪ ਮੁੱਖ ਮੰਤਰੀ ਵੱਲੋਂ ਬਰਨਾਲਾ ਜੇਲ੍ਹ ਦੇ ਕੈਦੀ ਨਾਲ ਵਾਪਰੀ ਘਟਨਾ ਦੇ ਜਾਂਚ ਦੇ ਆਦੇਸ਼    

ਚੰਡੀਗੜ੍ਹ ’ਚ ਪੈਟਰੋਲ 94.21 ਰੁਪਏ ਅਤੇ ਡੀਜ਼ਲ 80.89 ਰੁਪਏ ਹੋ ਗਿਆ ਹੈ, ਜਦੋਂਕਿ ਪੰਜਾਬ ’ਚ ਹਾਲੇ ਵੀ ਪੈਟਰੋਲ 100 ਰੁਪਏ ਤੋਂ ਉੱਪਰ ਅਤੇ ਡੀਜ਼ਲ 90 ਰੁਪਏ ਪ੍ਰਤੀ ਲੀਟਰ ਦੇ ਮੁੱਲ ’ਤੇ ਮਿਲ ਰਿਹਾ ਹੈ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖਕੇ ਪੈਟਰੋਲੀਅਮ ’ਤੇ ਵੈਟ ਦਰਾਂ ਘੱਟ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਈ ਰਾਜਾਂ ਦੀਆਂ ਸਰਕਾਰਾਂ ਨੇ ਕੇਂਦਰ ਸਰਕਾਰ ਵਲੋਂ ਐਕਸਾਈਜ਼ ਡਿਊਟੀ ਘੱਟ ਕਰਨ ਦੇ ਫੈਸਲੇ ਤੋਂ ਬਾਅਦ ਵੈਟ ਦਰਾਂ ਵਿਚ ਕਮੀ ਕੀਤੀ ਹੈ ਤਾਂਕਿ ਉਨ੍ਹਾਂ ਪ੍ਰਦੇਸ਼ਾਂ ਦੇ ਲੋਕਾਂ ਨੂੰ ਹੋਰ ਜ਼ਿਆਦਾ ਰਾਹਤ ਮਿਲ ਸਕੇ। ਸੁਭਾਸ਼ ਸ਼ਰਮਾ ਨੇ ਪੱਤਰ ਵਿਚ ਲਿਖਿਆ ਹੈ ਕਿ ਪੰਜਾਬ ਸਰਕਾਰ ਪੈਟਰੋਲੀਅਮ ਪਦਾਰਥਾਂ ’ਤੇ ਵੈਟ ਘੱਟ ਕਰਦੇ ਹੋਏ ਇਨ੍ਹਾਂ ਦੇ ਮੁੱਲਾਂ ਨੂੰ ਘੱਟ ਤੋਂ ਘੱਟ ਚੰਡੀਗੜ੍ਹ ਦੇ ਬਰਾਬਰ ਲਿਆਉਣ ਤਾਂਕਿ ਪੰਜਾਬ ਵਿਚ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਵਿਚ ਸਥਾਪਤ ਪੈਟਰੋਲ ਪੰਪਾਂ ਦੀ ਵਿਕਰੀ ’ਤੇ ਉਲਟ ਪ੍ਰਭਾਵ ਨਾ ਪਵੇ ਜਿਸ ਨਾਲ ਪੰਜਾਬ ਦੇ ਹੀ ਮਾਲੀਏ ਵਿਚ ਵਾਧਾ ਹੋਵੇਗਾ। ਉੱਥੇ ਹੀ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੁਧਿਆਣਾ ਵਿਚ ਇਕ ਪ੍ਰੋਗਰਾਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਆਪਣੀ ਅਗਲੀ ਮੰਤਰੀ ਮੰਡਲ ਦੀ ਬੈਠਕ ਵਿਚ ਜ਼ਰੂਰ ਇਸ ਮੁੱਦੇ ’ਤੇ ਚਰਚਾ ਕਰੇਗੀ, ਉੱਥੇ ਹੀ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਛੇਤੀ ਹੀ ਇਸ ਬਾਰੇ ਕੋਈ ਫੈਸਲਾ ਲਵੇਗੀ।

ਇਹ ਵੀ ਪੜ੍ਹੋ : ਦੀਵਾਲੀ ਵਾਲੀ ਸ਼ਾਮ ਦਸੂਹੇ ਨੇੜੇ ਵਾਪਰਿਆ ਵੱਡਾ ਹਾਦਸਾ, ਸਕੇ ਭੈਣ-ਭਰਾ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News