''''ਬਲਾਤਕਾਰ ਵਰਗੀਆਂ ਘਟਨਾਵਾਂ ਲਈ ਸਰਕਾਰਾਂ ਤੇ ਸਮਾਜ ਵੀ ਜ਼ਿੰਮੇਵਾਰ''''
Monday, May 27, 2019 - 03:25 PM (IST)

ਬਠਿੰਡਾ (ਅਮਿਤ) : ਐਤਵਾਰ ਨੂੰ ਪੰਜਾਬ 'ਚ 7 ਬੱਚੀਆਂ ਨਾਲ ਵਾਪਰੀਆਂ ਬਲਾਤਕਾਰ ਦੀਆਂ ਘਟਨਾਵਾਂ ਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਸ ਦੇ ਵਿਰੋਧ 'ਚ ਬਠਿੰਡਾ 'ਚ ਇਕ ਸਮਾਜ ਸੇਵੀ ਸੋਸਾਇਟੀ ਵਲੋਂ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਪ੍ਰੈਸ ਕਾਨਫਰੰਸ ਦੌਰਾਨ ਸੋਸਾਇਟੀ ਦੇ ਪ੍ਰਧਾਨ ਵੀਣੂ ਗੋਪਾਲ ਨੇ ਕਿਹਾ ਕਿ ਬਲਾਤਕਾਰ ਵਰਗੀਆਂ ਘਟਨਾਵਾਂ ਲਈ ਕਿਤੇ ਨਾ ਕਿਤੇ ਸਰਕਾਰ, ਪ੍ਰਸ਼ਾਸਨ ਅਤੇ ਸਮਾਜ 'ਚ ਰਹਿਣ ਵਾਲੇ ਲੋਕ ਵੀ ਜ਼ਿੰਮੇਵਾਰ ਹਨ ਕਿਉਂਕਿ ਅਜਿਹੇ ਦੋਸ਼ੀਆਂ ਖਿਲਾਫ ਜਲਦੀ ਕਿਤੇ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਉਹ ਸਰਕਾਰਾਂ ਤੋਂ ਮੰਗ ਕਰਦੇ ਹਨ ਕਿ ਇੰਟਰਨੈੱਟ 'ਤੇ ਜਿਹੜਾ ਇੰਨੀ ਗੰਦਗੀ ਫੈਲੀ ਹੋਈ ਹੈ, ਉਸ 'ਤੇ ਕੁਝ ਹੱਦ ਤੱਕ ਰੋਕ ਲਾਉਣੀ ਚਾਹੀਦੀ ਹੈ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੇਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਬੰਦੇ ਦੀ ਰੂਹ ਕੰਬ ਉੱਠੇ।