ਕੇਂਦਰ ਪੰਜਾਬ ’ਚ ਲਾਵੇ ਰਾਸ਼ਟਰਪਤੀ ਰਾਜ : ਕੈਪਟਨ ਅਮਰਿੰਦਰ ਸਿੰਘ

02/23/2023 8:29:34 PM

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਜਨਾਲਾ ਦੀ ਘਟਨਾ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਕੈਪਟਨ ਨੇ ਕਿਹਾ ਕਿ ਵਿਗੜਦੀ ਕਾਨੂੰਨ ਵਿਵਸਥਾ ਨੂੰ ਦੇਖਦਿਆਂ ਕੇਂਦਰ ਨੂੰ ਪੰਜਾਬ ’ਚ ਦਖ਼ਲ ਦੇਣਾ ਚਾਹੀਦਾ ਹੈ ਤੇ ਰਾਸ਼ਟਰਪਤੀ ਰਾਜ ਲਾਉਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਪਵਿੱਤਰ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਦਰਸ਼ਨ ਵਾਲੀ ਥਾਂ 'ਤੇ ਲਿਜਾਣ ਦੇ ਮਕਸਦ ’ਤੇ ਬੋਲਦਿਆਂ ਕਿਹਾ ਕਿ ਪੰਜਾਬ ’ਚ ਇਸ ਤਰ੍ਹਾਂ ਦੇ ਹਾਲਾਤ 1970-80 ’ਚ ਵੀ ਨਹੀਂ ਸਨ, ਇਸ ਤਰ੍ਹਾਂ ਪੰਜਾਬ ’ਚ ਪਹਿਲੀ ਵਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ, ਉਨ੍ਹਾਂ ਦੇ ਪਿੱਛੇ ਕੌਣ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਪਤਾ ਨਹੀਂ ਕਿੱਥੋਂ ਆ ਗਿਆ ਤੇ ਇਸ ਨੇ ਦੇਸ਼ ’ਚ ਆ ਕੇ ਬੰਦੇ ਇਕੱਠੇ ਕਰਕੇ ਗੜਬੜ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਥ ਵਿਰੋਧੀ ਤਾਕਤਾਂ ਦਾ ਸਾਹਮਣਾ ਕਰਨ ਲਈ ਸਿੱਖ ਕੌਮ ਹੋਵੇ ਇਕਜੁੱਟ : ਜਥੇਦਾਰ ਹਰਪ੍ਰੀਤ ਸਿੰਘ

ਕੈਪਟਨ ਨੇ ਕਿਹਾ ਕਿ ਇਹ ਸਿਰਫ ਪੰਜਾਬ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਖ਼ਤਰਨਾਕ ਹੈ। ਕੈਪਟਨ ਨੇ ਕਿਹਾ ਕਿ ਸਾਡਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ ਤੇ ਜਦੋਂ ਤੋਂ ਮੈਂ ਮੁੱਖ ਮੰਤਰੀ ਦਾ ਅਹੁਦਾ ਛੱਡਿਆ ਹੈ, ਉਸ ਤੋਂ ਬਾਅਦ ਵੱਡੇ-ਵੱਡੇ ਡਰੋਨ ਆਉਣ ਲੱਗ ਪਏ। ਇਹ ਵੱਡੇ ਡਰੋਨ ਜ਼ਿਆਦਾ ਹਥਿਆਰ, ਅਸਲਾ ਤੇ ਹੈਰੋਇਨ ਲਿਆਉਂਦੇ ਹਨ। ਇਹ ਸਰਹੱਦ ਪਾਰੋਂ ਆਉਂਦਾ ਇਹ ਸਾਮਾਨ ਇਨ੍ਹਾਂ ਵਾਸਤੇ ਹੀ ਆ ਰਿਹਾ ਹੈ ਤਾਂ ਕਿ ਪੰਜਾਬ ’ਚ ਗੜਬੜ ਹੋਵੇ। ਇਥੋਂ ਦੀ ਸਰਕਾਰ ਕੀ ਕਰ ਰਹੀ ਹੈ। ਮੁੱਖ ਮੰਤਰੀ ਮਾਨ ਨੂੰ ਕਾਨੂੰਨ ਵਿਵਸਥਾ ’ਚ ਕੋਈ ਦਿਲਚਸਪੀ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਸੂਬੇ ਦਾ ਵਿਸ਼ਾ ਹੈ ਤੇ ਜੇ ਇਨ੍ਹਾਂ ਕੋਲੋਂ ਨਹੀਂ ਸੰਭਲਦੀ ਤਾਂ ਸਮਾਂ ਆ ਗਿਆ ਹੈ ਕਿ ਕੇਂਦਰ ਦਖ਼ਲ ਦੇਵੇ ਤੇ ਸਰਕਾਰ ਨੂੰ ਸੰਭਾਲੇ। 


Manoj

Content Editor

Related News