ਭਾਰਤ ਦੀ ਅੱਧੀ ਜਨਤਾ ਅੱਜ ਵੀ ਖੇਤੀ 'ਤੇ ਨਿਰਭਰ : ਰਾਮਨਾਥ ਕੋਵਿੰਦ

Saturday, Dec 01, 2018 - 01:03 PM (IST)

ਭਾਰਤ ਦੀ ਅੱਧੀ ਜਨਤਾ ਅੱਜ ਵੀ ਖੇਤੀ 'ਤੇ ਨਿਰਭਰ : ਰਾਮਨਾਥ ਕੋਵਿੰਦ

ਚੰਡੀਗੜ੍ਹ (ਜੱਸੋਵਾਲ) : ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਸ਼ਨੀਵਾਰ ਨੂੰ ਚੰਡੀਗੜ੍ਹ 'ਚ 'ਐਗਰੀਕਲਚਰ ਐਂਡ ਫੂਡ ਫੇਅਰ' ਦਾ ਉਦਘਾਟਨ ਕਰਨ ਲਈ ਸੈਕਟਰ-17 ਪੁੱਜੇ। ਇਸ ਮੌਕੇ ਪੰਜਾਬ ਅਤੇ ਹਰਿਆਣਾ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਕਈ ਹੋਰ ਮੰਤਰੀ ਵੀ ਮੌਜੂਦ ਰਹੇ। ਦੱਸ ਦੇਈਏ ਕਿ ਇਹ 13ਵਾਂ 'ਐਗਰੀਕਲਚਰ ਐਂਡ ਫੂਡ ਫੇਅਰ' 1 ਦਸੰਬਰ ਤੋਂ 4 ਦਸੰਬਰ ਤੱਕ ਚੱਲੇਗਾ ਅਤੇ ਇਸ ਮੇਲੇ 'ਚ ਦੇਸ਼ ਹੀ ਨਹੀਂ, ਸਗੋਂ ਵਿਦੇਸ਼ ਦੀਆਂ ਕੰਪਨੀਆਂ ਵੀ ਹਿੱਸਾ ਲੈ ਰਹੀਆਂ ਹਨ। ਇਸ ਮੇਲੇ 'ਚ ਕਿਸਾਨਾਂ ਲਈ ਨਵੀਆਂ-ਨਵੀਆਂ ਤਕਨੀਕਾਂ ਲਗਾਈਆਂ ਗਈਆਂ ਹਨ ਅਤੇ ਇਸ ਦੇ ਨਾਲ ਹੀ ਫੂਡ ਪ੍ਰੋਸੈਸਿੰਗ ਦੀਆਂ ਵੀ ਨਵੀਆਂ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। 
ਭਾਰਤ ਖੇਤੀ ਪ੍ਰਧਾਨ ਦੇਸ਼ : ਰਾਮਨਾਥ ਕੋਵਿੰਦ
'ਐਗਰੋਟੈੱਕ' 'ਚ ਪੁੱਜੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਭਾਰਤ ਸ਼ੁਰੂ ਤੋਂ ਹੀ ਖੇਤੀ ਪ੍ਰਧਾਨ ਦੇਸ਼ ਰਿਹਾ ਹੈ ਅਤੇ ਅੱਜ ਵੀ ਭਾਰਤ ਦੀ ਅੱਧੀ ਤੋਂ ਜ਼ਿਆਦਾ ਜਨਤਾ ਖੇਤੀ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਖੇਤੀ ਦੇ ਨਾਲ-ਨਾਲ ਫਰੂਟ, ਮੱਛੀ ਉਤਪਾਦਨ ਅਤੇ ਦੁੱਧ ਉਤਪਾਦਨ 'ਚ ਵੀ ਸ਼ਾਨਦਾਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਸਮ ਮੁੱਲ ਡਿਮਾਂਡ ਨੂੰ ਸਮਝ ਕੇ ਕਿਸਾਨ ਜ਼ਿਆਦਾ ਆਮਦਨ ਕਮਾ ਸਕਦੇ ਹਨ। ਰਾਮਨਾਥ ਕੋਵਿੰਦ ਨੇ ਕਿਹਾ ਕਿ 'ਪ੍ਰਧਾਨ ਮੰਤਰੀ ਸਿੰਚਾਈ ਯੋਜਨਾ-2015' ਕਾਰਨ ਕਿਸਾਨਾਂ ਨੂੰ ਕਾਫੀ ਲਾਭ ਮਿਲਿਆ ਹੈ। 
65 ਫੀਸਦੀ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ : ਹਰਸਿਮਰਤ ਬਾਦਲ
ਇਸ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦੇਸ਼ 'ਚ 35 ਸਾਲ ਤੋਂ ਘੱਟ ਉਮਰ ਦੇ 65 ਫੀਸਦੀ ਨੌਜਵਾਨ ਰੋਜ਼ਗਾਰ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਫੂਡ ਪ੍ਰੋਸੈਸਿੰਗ ਇਕ ਅਜਿਹਾ ਸਾਧਨ ਸਾਬਿਤ ਹੋ ਸਕਦਾ ਹੈ, ਜਿਸ ਨਾਲ ਕਾਫੀ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ। ਉਨ੍ਹਾਂ ਨੇ ਕਿਹਾ ਫੂਡ ਪ੍ਰੋਸੈਸਿੰਗ ਦੇ ਖੇਤਰ 'ਚ 31,000 ਕਰੋੜ ਦਾ ਨਿਵੇਸ਼ ਕੀਤਾ ਜਾਵੇਗਾ, ਜਿਸ ਨਾਲ 2,50,0000 ਕਾਸਨਾਂ ਨੂੰ ਲਾਭ ਹੋਵੇਗਾ ਅਤੇ ਕਰੀਬ ਇਕ ਲੱਖ ਨੌਕਰੀਆਂ ਪੈਦਾ ਹੋਣਗੀਆਂ।


author

Babita

Content Editor

Related News