ਅੰਤ੍ਰਿੰਗ ਕਮੇਟੀ ਦੀ ਮੀਟਿੰਗ 'ਚ ਸ਼੍ਰੋਮਣੀ ਕਮੇਟੀ ਨੇ ਲਏ ਅਹਿਮ ਫ਼ੈਸਲੇ

Saturday, May 20, 2023 - 03:22 PM (IST)

ਅੰਤ੍ਰਿੰਗ ਕਮੇਟੀ ਦੀ ਮੀਟਿੰਗ 'ਚ ਸ਼੍ਰੋਮਣੀ ਕਮੇਟੀ ਨੇ ਲਏ ਅਹਿਮ ਫ਼ੈਸਲੇ

ਅੰਮ੍ਰਿਤਸਰ (ਵੈੱਬ ਡੈਸਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੱਜ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ  ਪ੍ਰੈਸ ਕਾਨਫ਼ਰੰਸ 'ਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦਿਆਂ ਕਈ ਮੁੱਦਿਆਂ ਬਾਰੇ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਰਕਾਰਾਂ ਨੂੰ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਜੋ ਜ਼ੁਲਮ ਕਰਨ ਵਾਲਿਆਂ ਨੂੰ ਠੱਲ੍ਹ ਪਾਈ ਜਾ ਸਕੇ। ਦਿੱਲੀ ਵਿਖੇ ਧਰਨਾ ਦੇ ਰਹੇ ਪਹਿਲਾਵਾਨਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਾਨੂੰ ਕੁੜੀਆਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਦੁੱਖ ਹੈ ਤੇ ਉਨ੍ਹਾਂ ਦੀ ਸਾਰ ਤੱਕ ਨਹੀਂ ਲਈ ਜਾ ਰਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਕ ਵਫ਼ਦ 2-3 ਦਿਨਾਂ ਤੱਕ ਉਨ੍ਹਾਂ ਨਾਲ ਮੁਲਾਕਾਤ ਕਰੇਗਾ ਅਤੇ ਉਨ੍ਹਾਂ ਦੇ ਸੰਘਰਸ਼ 'ਚ ਸ਼ਾਮਲ ਹੋ ਕੇ ਹੌਂਸਲਾ ਦਿੰਦੇ ਹੋਏ ਨਾਲ ਖੜ੍ਹੇਗਾ।

ਇਹ ਵੀ ਪੜ੍ਹੋ- ਬਟਾਲਾ ਦੇ ਬੱਸ ਸਟੈਂਡ ਤੋਂ ਨਸ਼ੇ ਦੀ ਹਾਲਤ 'ਚ ਮਿਲੀ ਔਰਤ, ਹੋਸ਼ ਆਉਣ 'ਤੇ ਕੀਤੇ ਵੱਡੇ ਖ਼ੁਲਾਸੇ

ਸੋਸ਼ਲ ਮੀਡੀਆ 'ਤੇ ਸਿੱਖਾਂ ਖ਼ਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ 'ਤੇ ਬੋਲਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ 2-4 ਬੰਦੇ ਹਨ ਜੋ ਜਾਅਲੀ ਪੋਸਟਾਂ ਸੋਸ਼ਲ ਮੀਡੀਆ 'ਤੇ ਪਾਉਂਦੇ ਹਨ ਤੇ ਇਤਿਹਾਸਕ ਫੈਕਟਾਂ 'ਤੇ ਵਿਅੰਗ ਕਰਦੇ ਹਨ। ਧਾਮੀ ਨੇ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਤੱਕ ਪਹੁੰਚ ਵੀ ਕੀਤੀ ਅਤੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਹਨ ਪਰ ਪੁਲਸ ਵੱਲੋਂ ਕਿਸੇ 'ਤੇ ਪਰਚਾ ਦਰਜ ਨਹੀਂ ਕੀਤਾ ਗਿਆ। ਅਜਿਹੇ ਲੋਕ ਬਹੁਤ ਗੰਦੀ ਸ਼ਬਦਾਬਲੀ ਬੋਲਦੇ ਹਨ ਅਤੇ ਉਨ੍ਹਾਂ ਦੇ ਚਿਹਰੇ ਵੀ ਸਿੱਖ ਰੂਪ 'ਚ ਦਿਖਾਈ ਦਿੰਦੇ ਹਨ। ਧਾਮੀ ਨੇ ਕਿਹਾ ਇਸ ਨਾਲ ਨਫ਼ਰਤ ਦੀ ਭਾਵਨਾ ਫ਼ੈਲਦੀ ਹੈ। ਇਨ੍ਹਾਂ 'ਤੇ ਸ਼ਿਕਾਇਤਾਂ ਦਰਜ ਹੋਣ 'ਤੇ ਵੀ ਹੁਣ ਤੱਕ ਕੋਈ ਕਾਰਵਾਈ ਅਮਲ 'ਚ ਨਾ ਲਿਆਉਣਾ ਬਹੁਤ ਮੰਦਭਾਗਾ ਹੈ। ਉਨ੍ਹਾਂ ਅੱਗੇ ਕਿਹਾ ਅੰਤ੍ਰਿੰਗ ਕਮੇਟੀ ਚਾਹੁੰਦੀ ਹੈ ਕਿ ਇਸ ਨੂੰ ਮਾਮਲੇ ਨੂੰ ਹੱਲ ਕੀਤਾ ਜਾਵੇ।

ਇਹ ਵੀ ਪੜ੍ਹੋ- ਕੈਨੇਡਾ ’ਚ ਸਿਹਤ ਸਹੂਲਤਾਂ ਲੜਖੜਾਈਆਂ, ਮਰੀਜ਼ ਅਮਰੀਕਾ ਤੇ ਦੂਸਰੇ ਦੇਸ਼ਾਂ ਨੂੰ ਜਾਣ ਲਈ ਮਜ਼ਬੂਰ, ਡਾਕਟਰਾਂ ਦੇ ਹੱਥ ਖੜ੍ਹੇ

ਇਸ ਦੇ ਨਾਲ ਐਡਵੋਕੇਟ ਧਾਮੀ ਨੇ ਡਾਂਗਮਾਰ ਗੁਰਦੁਆਰਾ ਸਾਹਿਬ ਅਤੇ ਮੇਚੁਕਾ ਗੁਰਦੁਆਰਾ ਸਾਹਿਬ ਬਾਰੇ ਵੀ ਗੱਲ ਕੀਤੀ । ਉਨ੍ਹਾਂ ਕਿਹਾ ਕਿ ਮੇਚੁਕਾ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਹੈ, ਪਿਛਲੀ ਸਰਕਾਰ ਵੱਲੋਂ ਉਥੇ ਜ਼ਬਰਦਸਤੀ ਜਗ੍ਹਾ ਨੂੰ ਹਟਾ ਦਿੱਤਾ ਗਿਆ ਹੈ। ਅਸੀਂ ਪਹਿਲਾਂ ਹੀ ਕਮੇਟੀ ਬਣਾਈ ਹੋਈ ਹੈ। ਹੁਣ ਉੱਥੋਂ ਦੇ ਵਕੀਲ ਸਾਡੀ 4 ਮੈਂਬਰੀ ਕਮੇਟੀ ਨਾਲ ਗੱਲਬਾਤ ਕਰਨਗੇ ਅਤੇ ਮਸਲੇ ਦਾ ਹੱਲ ਕੀਤਾ ਜਾਵੇਗਾ। ਗੁਰਦੁਆਰਾ ਡਾਂਗਮਾਰ ਸਾਹਿਬ ਦਾ ਮਾਮਲਾ ਵੀ ਪਿਛਲੇ ਕਾਫ਼ੀ ਸਮੇਂ ਤੋਂ ਹਾਈਕੋਰਟ 'ਚ ਚੱਲ ਰਿਹਾ ਸੀ। ਹਾਈਕੋਰਟ ਨੇ ਇਕ ਪ੍ਰਪੋਜ਼ਲ ਦਿੱਤੀ ਕਿ ਤੁਸੀਂ ਬੈਠ ਕੇ ਇਸ ਮਾਮਲੇ ਦਾ ਹੱਲ ਕਰੋ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਲੰਮੇ ਅਰਸੇ ਤੋਂ ਕੇਸ ਲੜ ਰਹੀ ਹੈ, ਜਿਸ ਲਈ ਉਨ੍ਹਾਂ ਨੇ 4 ਮੈਂਬਰੀ ਡੈਲੀਗੇਟ ਕਮੇਟੀ ਬਣਾਈ ਹੈ ਜੋ ਆਉਣ ਵਾਲੇ ਸਮੇਂ ਸਰਕਾਰਾਂ ਨਾਲ ਗੱਲ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਦੋਵੇਂ ਮਾਮਲੇ ਬੋਧੀਆਂ ਨਾਲ ਸਬੰਧਤ ਹਨ, ਇਸ ਲਈ ਵਫ਼ਦ ਵੱਲੋਂ ਦਲਾਈਲਾਮਾ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ।

ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ 26 ਲੱਖ ਦੇ ਕਰੀਬ ਪ੍ਰੋਫਾਰਮੇ ਭਰੇ ਹਨ, ਜੋ ਜਲਦ ਰਾਜਪਾਲ ਪੰਜਾਬ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਿੱਖ ਮਸਲਿਆਂ ਨੂੰ ਲੈ ਕੇ ਭਾਰਤ ਦੇ ਰਾਸ਼ਟਰਪਤੀ ਪਾਸੋਂ ਵੀ ਮਿਲਣ ਵਾਸਤੇ ਸਮਾਂ ਮੰਗਿਆ ਗਿਆ ਹੈ। 

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤੀ ਵੱਲੋਂ ਪਤਨੀ ਦਾ ਕਤਲ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬੀਤੇ ਸਮੇਂ ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ਦੇ ਮੱਦੇਨਜ਼ਰ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ ਅਤੇ ਹੋਰ ਲੋੜੀਂਦੇ ਪ੍ਰਬੰਧ ਕਰਨ ਬਾਰੇ ਵੀ ਕਾਰਵਾਈ ਜਾਰੀ ਹੈ। ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੀ ਸੁਰੱਖਿਆ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜੋ ਕੁਝ ਹੋਇਆ ਹੈ, ਮੈਨੂੰ ਲੱਗਦਾ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਅਸਮੱਰਥ ਹਨ।
  ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News