ਕੈ. ਅਮਰਿੰਦਰ ਸਿੰਘ ਨਾਲ ਪ੍ਰਧਾਨ ਅਕਸ਼ੈ ਸ਼ਰਮਾ ਵੱਲੋਂ ਮੁਲਾਕਾਤ, ‘NSUI ਯੂਥ ਮਿਸ਼ਨ 2022’ ਲਈ ਲਿਆ ਆਸ਼ੀਰਵਾਦ
Friday, Jul 30, 2021 - 09:12 PM (IST)
ਚੰਡੀਗੜ੍ਹ (ਬਿਊਰੋ)-ਪੰਜਾਬ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਸ਼ੁੱਕਰਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ‘ਐੱਨ. ਐੱਸ. ਯੂ. ਆਈ. ਯੂਥ ਮਿਸ਼ਨ 2022’ ਵੱਲੋਂ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਹਮਲਾਵਰ ਤੌਰ ’ਤੇ ਵੱਧ ਤੋਂ ਵੱਧ ਨੌਜਵਾਨਾਂ ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਵਿਚਾਲੇ ਲਿਜਾਣ ਸਬੰਧੀ ਜਾਣੂ ਕਰਵਾਇਆ। ਇਸੇ ਮਹੀਨੇ ਦੂਜੀ ਵਾਰ ਮੁੱਖ ਮੰਤਰੀ ਨਾਲ ਮੁਲਾਕਾਤ ਕਰਦਿਆਂ ਐੱਨ.ਐੱਸ. ਯੂ. ਆਈ. ਦੇ ਸੂਬਾ ਪ੍ਰਧਾਨ ਅਕਸ਼ੈ ਸ਼ਰਮਾ ਨੇ ਅਗਲੇ ਹਫਤੇ ਪਟਿਆਲਾ ਤੋਂ ਸੂਬਾ ਪੱਧਰੀ ‘ਐੱਨ. ਐੱਸ. ਯੂ. ਆਈ. ਯੁਵਾ ਮਿਸ਼ਨ 2022’ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਦਾ ਆਸ਼ੀਰਵਾਦ ਵੀ ਲਿਆ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਦਲਿਤ ਭਾਈਚਾਰੇ ਦੇ ਮੁੱਦਿਆਂ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ
ਅਕਸ਼ੈ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ 19 ਜੁਲਾਈ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਐੱਨ. ਐੱਸ. ਯੂ. ਆਈ. ਮਿਸ਼ਨ 2022 ਬਾਰੇ ਜਾਣੂ ਕਰਵਾਇਆ ਸੀ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਅਕਸ਼ੈ ਨੇ ਕਿਹਾ, ‘‘ਅਸੀਂ ਨੌਜਵਾਨਾਂ ਨੂੰ ਪਾਰਟੀ ਦੀ ਵਿਚਾਰਧਾਰਾ ਵੱਲ ਆਕਰਸ਼ਿਤ ਕਰਨ ਅਤੇ ਉਨ੍ਹਾਂ ਵਿਚਾਲੇ ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਅਤੇ ਪ੍ਰਾਪਤੀਆਂ ਨੂੰ ਹਰਮਨਪਿਆਰਾ ਕਰਨ ਲਈ ਅਗਲੇ ਹਫਤੇ ਪਟਿਆਲਾ ਤੋਂ ਇੱਕ ਪੈਨ-ਪੰਜਾਬ ਮੁਹਿੰਮ ਸ਼ੁਰੂ ਕਰਾਂਗੇ।’’ ਆਗਾਮੀ ਵਿਧਾਨ ਸਭਾ ਚੋਣਾਂ ’ਚ ਜਿੱਤ ਦਾ ਭਰੋਸਾ ਜ਼ਾਹਿਰ ਕਰਦਿਆਂ ਅੰਮ੍ਰਿਤਸਰ ਦੇ ਨੌਜਵਾਨ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ’ਚ ਕਾਂਗਰਸ ਪਾਰਟੀ ਸਾਰੀਆਂ ਵਿਰੋਧੀ ਧਿਰਾਂ ਨੂੰ ਹਰਾ ਕੇ 2022 ’ਚ ਇੱਕ ਹੋਰ ਵੱਡੀ ਜਿੱਤ ਪ੍ਰਾਪਤ ਕਰੇਗੀ।
ਅਕਸ਼ੈ ਨੇ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਮੁੱਦਿਆਂ ਅਤੇ ਚਿੰਤਾਵਾਂ ਲਈ ਸੰਘਰਸ਼ ਕਰਨ ’ਚ ਐੱਨ. ਐੱਸ. ਯੂ. ਆਈ. ਹਮੇਸ਼ਾ ਮੋਹਰੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਨੌਜਵਾਨ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਸਿਰਫ ਕਾਂਗਰਸ ਪਾਰਟੀ ਵੱਲੋਂ ਅਪਣਾਈਆਂ ਧਰਮ ਨਿਰਪੱਖ ਅਤੇ ਉਦਾਰਵਾਦੀ ਨੀਤੀਆਂ ’ਚ ਵਿਸ਼ਵਾਸ ਰੱਖਦੇ ਹਨ। ਮਹਾਮਾਰੀ ਤਾਲਾਬੰਦੀ ਦੌਰਾਨ ਵੀ ਐੱਨ. ਐੱਸ. ਯੂ. ਆਈ. ਪੰਜਾਬ ਸੂਬੇ ਦੇ ਕਾਲਜਾਂ ’ਚ ਫਸੇ ਬਾਹਰਲੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ’ਚ ਸਰਗਰਮੀ ਨਾਲ ਰੁੱਝੀ ਹੋਈ ਹੈ, ਜਿਸ ਦੀ ਮੀਡੀਆ ’ਚ ਵੱਡੀ ਪੱਧਰ ਤੌਰ ’ਤੇ ਸ਼ਲਾਘਾ ਕੀਤੀ ਗਈ ਸੀ।