ਡਿਫ਼ਾਲਟਰ ਬਿਜਲੀ ਖ਼ਪਤਕਾਰਾਂ ਦੀਆਂ ਲਿਸਟਾਂ ਤਿਆਰ, ਜਲੰਧਰ ਸ਼ਹਿਰ 'ਚ ਅੱਜ ਕੱਟੇ ਜਾਣਗੇ ਕੁਨੈਕਸ਼ਨ
Wednesday, Apr 27, 2022 - 11:08 AM (IST)
ਜਲੰਧਰ (ਪੁਨੀਤ)– ਬਿਜਲੀ ਦਾ ਬਿੱਲ ਅਦਾ ਨਾ ਕਰਨ ਵਾਲੇ ਡਿਫ਼ਾਲਟਰ ਖ਼ਪਤਕਾਰ ਸਾਵਧਾਨ ਹੋ ਜਾਣ ਕਿਉਂਕਿ ਮਹਿਕਮਾ ਰਿਕਵਰੀ ਨੂੰ ਲੈ ਕੇ ਸਖ਼ਤ ਹੋ ਚੁੱਕਾ ਹੈ ਅਤੇ ਰੋਜ਼ਾਨਾ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਰਿਕਵਰੀ ਲਈ ਕੁਨੈਕਸ਼ਨ ਕੱਟਣ ਦੀ ਸ਼ੁਰੂਆਤ ਵੱਡੇ ਡਿਫ਼ਾਲਟਰਾਂ ਤੋਂ ਕੀਤੀ ਗਈ ਸੀ ਅਤੇ ਲੱਖਾਂ ਰੁਪਏ ਦੀ ਰਾਸ਼ੀ ਵਾਲੇ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਸਨ। ਇਸ ਲੜੀ ਵਿਚ ਮਹਿਕਮਾ 20 ਤੋਂ 50 ਹਜ਼ਾਰ ਰੁਪਏ ਦੀ ਬਕਾਇਆ ਰਾਸ਼ੀ ਵਾਲੇ ਖ਼ਪਤਕਾਰਾਂ ’ਤੇ ਕਾਰਵਾਈ ਕਰਨ ਜਾ ਰਿਹਾ ਹੈ। ਐਕਸੀਅਨ ਰੈਂਕ ਦੇ ਅਧਿਕਾਰੀਆਂ ਵੱਲੋਂ ਆਪਣੀ ਡਿਵੀਜ਼ਨ ਦੇ ਕਰਮਚਾਰੀਆਂ ਤੋਂ 20 ਤੋਂ 50 ਹਜ਼ਾਰ ਰੁਪਏ ਤੱਕ ਦੇ ਡਿਫ਼ਾਲਟਰਾਂ ਦੀਆਂ ਲਿਸਟਾਂ ਤਿਆਰ ਕਰਵਾ ਲਈਆਂ ਗਈਆਂ ਹਨ, ਜਿਨ੍ਹਾਂ ’ਤੇ ਬੁੱਧਵਾਰ ਸਵੇਰ ਤੋਂ ਕਾਰਵਾਈ ਸ਼ੁਰੂ ਹੋ ਜਾਵੇਗੀ। ਸਿਫ਼ਾਰਿਸ਼ਾਂ ਚੱਲਣ ਦਾ ਸਿਲਸਿਲਾ ਪਹਿਲਾਂ ਹੀ ਖ਼ਤਮ ਹੋ ਚੁੱਕਾ ਹੈ ਅਤੇ ਅਧਿਕਾਰੀਆਂ ਨੇ ਨਵੇਂ ਨੰਬਰਾਂ ਅਤੇ ਵੀ. ਆਈ. ਪੀ. ਨੰਬਰਾਂ ਤੋਂ ਆਉਣ ਵਾਲੇ ਫੋਨ ਚੁੱਕਣੇ ਬੰਦ ਕਰ ਦਿੱਤੇ ਹਨ ਤਾਂ ਕਿ ਰਿਕਵਰੀ ਦੇ ਕੰਮ ਵਿਚ ਰੁਕਾਵਟ ਪੈਦਾ ਨਾ ਹੋਵੇ।
ਇਸ ਲੜੀ ਵਿਚ ਬੀਤੇ ਦਿਨ ਹੋਈ ਕਾਰਵਾਈ ਦੌਰਾਨ ਮਹਿਕਮੇ ਵੱਲੋਂ 5 ਲੱਖ ਤੋਂ ਉੱਪਰ ਵਾਲੇ 14 ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟੇ ਗਏ, ਜਦਕਿ 50 ਹਜ਼ਾਰ ਤੋਂ ਉੱਪਰ ਵਾਲੇ ਖ਼ਪਤਕਾਰਾਂ ਨੂੰ ਮਿਲਾ ਕੇ ਕੁੱਲ 72 ਕੁਨੈਕਸ਼ਨ ਕੱਟੇ ਗਏ। ਇਨ੍ਹਾਂ ਵਿਚ ਲੰਮੇ ਸਮੇਂ ਤੋਂ ਬਿੱਲ ਅਦਾ ਨਾ ਕਰਨ ਵਾਲੇ 34 ਦੇ ਲਗਭਗ ਮੀਟਰ ਮੌਕੇ ’ਤੇ ਲਾਹ ਲਏ ਗਏ। ਬੀਤੇ ਦਿਨ ਦੀ ਕਾਰਵਾਈ ਤੋਂ ਬਾਅਦ ਮਹਿਕਮੇ ਨੂੰ ਕੁੱਲ 97 ਲੱਖ ਰੁਪਏ ਦੀ ਰਿਕਵਰੀ ਹੋਈ। ਸਭ ਤੋਂ ਵੱਧ ਰਿਕਵਰੀ ਮਾਡਲ ਟਾਊਨ ਅਤੇ ਵੈਸਟ ਡਿਵੀਜ਼ਨ ਅਧੀਨ ਖ਼ਪਤਕਾਰਾਂ ਤੋਂ ਹੋ ਰਹੀ ਹੈ। ਮਾਡਲ ਟਾਊਨ ਵਿਚ ਕਮਰਸ਼ੀਅਲ ਕੁਨੈਕਸ਼ਨ ਜ਼ਿਆਦਾ ਹਨ, ਜਦੋਂ ਕਿ ਵੈਸਟ ਮਕਸੂਦਾਂ ਡਿਵੀਜ਼ਨ ਵਿਚ ਘਰੇਲੂ ਖ਼ਪਤਕਾਰਾਂ ਦੀ ਗਿਣਤੀ ਜ਼ਿਆਦਾ ਹੈ। ਹੁਣ 50 ਹਜ਼ਾਰ ਤੱਕ ਵਾਲੇ ਕੁਨੈਕਸ਼ਨਾਂ ਨੂੰ ਕੱਟਣ ਦੇ ਹੁਕਮ ਦਿੱਤੇ ਗਏ ਹਨ, ਜਿਸ ਕਾਰਨ ਮਕਸੂਦਾਂ ਡਿਵੀਜ਼ਨ ’ਤੇ ਕੰਮਕਾਜ ਦਾ ਲੋਡ ਜ਼ਿਆਦਾ ਰਹੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ, ਭੂਆ ਤੇ ਚਾਚੇ ਨੇ ਸਾਜਿਸ਼ ਰਚ ਦਿੱਤਾ ਵਾਰਦਾਤ ਨੂੰ ਅੰਜਾਮ
ਛੋਟੇ ਕੁਨੈਕਸ਼ਨਾਂ ਨੂੰ ਕੱਟਣ ਲਈ ਹਰੇਕ ਡਿਵੀਜ਼ਨ ਵੱਲੋਂ 3-3 ਦੇ ਗਰੁੱਪ ਵਾਲੀਆਂ 5 ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਕਿ ਵੱਧ ਤੋਂ ਵੱਧ ਖ਼ਪਤਕਾਰਾਂ ਤੋਂ ਰਿਕਵਰੀ ਕੀਤੀ ਜਾ ਸਕੇ। ਮਹਿਕਮੇ ਵੱਲੋਂ ਕਾਰਵਾਈ ਹੋਣ ਕਾਰਨ ਕਈ ਡਿਫ਼ਾਲਟਰਾਂ ਵੱਲੋਂ ਖ਼ੁਦ ਹੀ ਆਪਣੇ ਬਿੱਲਾਂ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਇਸ ਲੜੀ ਵਿਚ ਮੰਗਲਵਾਰ ਮਕਸੂਦਾਂ ਡਿਵੀਜ਼ਨ ਦੇ ਇਕ ਇਲਾਕੇ ਵਿਚ ਟੀਮ ਦੇ ਪਹੁੰਚਣ ਤੋਂ ਬਾਅਦ ਲੋਕ ਕੁਨੈਕਸ਼ਨ ਕੱਟਣ ’ਤੇ ਇਤਰਾਜ਼ ਕਰਨ ਲੱਗੇ। ਲੋਕਾਂ ਵੱਲੋਂ ਬਿੱਲ ਜਮ੍ਹਾ ਕਰਵਾਉਣ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ ਗਿਆ ਸੀ ਪਰ ਟੀਮ ਨੇ ਨਾਂਹ ਕਰਦਿਆਂ 3 ਕੁਨੈਕਸ਼ਨ ਕੱਟ ਦਿੱਤੇ। ਇਸ ਮੌਕੇ ਇਕ ਖ਼ਪਤਕਾਰ ਵੱਲੋਂ ਆਨਲਾਈਨ ਭੁਗਤਾਨ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਟੀਮ ਨੇ ਉਕਤ ਵਿਅਕਤੀ ਦਾ ਕੁਨੈਕਸ਼ਨ ਮੌਕੇ ’ਤੇ ਜੋੜ ਦਿੱਤਾ।
ਹਰੇਕ ਡਿਵੀਜ਼ਨ ਨੂੰ 25 ਤੋਂ ਵੱਧ ਕੁਨੈਕਸ਼ਨ ਕੱਟਣ ਦੇ ਹੁਕਮ
ਪਾਵਰਕਾਮ ਨਾਰਥ ਜ਼ੋਨ ਵਿਚ 390 ਕਰੋੜ ਦੀ ਵੱਧ ਦੀ ਰਿਕਵਰੀ ਕਈ ਮਹੀਨਿਆਂ ਤੋਂ ਪੈਂਡਿੰਗ ਚੱਲ ਰਹੀ ਹੈ, ਜਿਸ ਕਾਰਨ ਅਧਿਕਾਰੀਆਂ ਵੱਲੋਂ ਡਿਵੀਜ਼ਨ ਪੱਧਰ ’ਤੇ ਰਿਕਵਰੀ ਤੇਜ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਡਿਵੀਜ਼ਨ ਦੇ ਅਧਿਕਾਰੀ ਕਰਮਚਾਰੀਆਂ ਦੀ ਕਮੀ ਹੋਣ ਦੀ ਗੱਲ ਕਹਿ ਰਹੇ ਹਨ ਪਰ ਇਸਦੇ ਬਾਵਜੂਦ ਹਰੇਕ ਡਿਵੀਜ਼ਨ ਨੂੰ ਘੱਟ ਤੋਂ ਘੱਟ 25 ਕੁਨੈਕਸ਼ਨ ਕੱਟਣ ਦੇ ਹੁਕਮ ਦਿੱਤੇ ਗਏ ਹਨ। ਪਿਛਲੇ ਦਿਨਾਂ ਦੌਰਾਨ ਕਾਰਵਾਈ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਡਿਵੀਜ਼ਨ ਵੱਲੋਂ 25 ਕੁਨੈਕਸ਼ਨਾਂ ਦਾ ਟਾਰਗੈੱਟ ਰੱਖਿਆ ਜਾ ਰਿਹਾ ਹੈ। ਇਹ ਟਾਰਗੈੱਟ ਪੂਰਾ ਹੋਣ ਤੋਂ ਬਾਅਦ ਵਾਪਸ ਪਰਤ ਆਉਂਦੇ ਹਨ। ਗਰਮੀ ਕਾਰਨ ਕਰਮਚਾਰੀਆਂ ਸਵੇਰੇ 7 ਤੋਂ 11 ਵਜੇ ਤੱਕ ਸ਼ਾਮ ਨੂੰ 3 ਤੋਂ 5 ਵਜੇ ਤੱਕ ਕੁਨੈਕਸ਼ਨ ਕੱਟਣ ਨੂੰ ਜ਼ਿਆਦਾ ਮਹੱਤਵ ਦੇ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ, 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ