ਠੋਸ ਖੇਤੀ ਨੀਤੀ ਲਈ ਚੰਦੂਮਾਜਰਾ ਨੇ ਲੋਕਸਭਾ 'ਚ ਪੇਸ਼ ਕੀਤਾ ਇਹ ਬਿੱਲ
Wednesday, Dec 05, 2018 - 03:39 PM (IST)

ਨਵੀਂ ਦਿੱਲੀ/ਸ੍ਰੀ ਆਨੰਦਪੁਰ ਸਾਹਿਬ— ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਠੋਸ ਵਿਆਪਕ ਖੇਤੀ ਨੀਤੀ ਲਿਆਉਣ ਸਬੰਧੀ ਤਜਵੀਜ਼ਸ਼ੁਦਾ ਪ੍ਰਾਈਵੇਟ ਮੈਂਬਰ ਬਿੱਲ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਕੋਲ ਪੁੱਜ ਗਿਆ ਹੈ। ਇਸ 'ਤੇ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਚਰਚਾ ਹੋਣ ਦੇ ਆਸਾਰ ਹਨ।
ਇਸ ਸਬੰਧੀ ਚੰਦੂਮਾਜਰਾ ਨੇ ਦੱਸਿਆ ਕਿ ਉਨ੍ਹਾਂ ਨੇ ਸਪੀਕਰ ਨੂੰ ਇਹ ਵੀ ਅਪੀਲ ਕੀਤੀ ਕਿ ਕਿਸਾਨ ਮਸਲਿਆਂ ਨੂੰ ਗੰਭੀਰਤਾ ਨਾਲ ਲੈਣ ਲਈ ਸਦਨ 'ਚ 3 ਰਾਖਵੇਂ ਦਿਨ ਰੱਖੇ ਜਾਣ ਅਤੇ ਨਿਯਮ 193 ਅਧੀਨ ਬਿੱਲ ਦੇ ਸੁਝਾਵਾਂ 'ਤੇ ਅਮਲ ਹੋਵੇ। ਚੰਦੂਮਾਜਰਾ ਨੇ ਇਸ ਬਿੱਲ 'ਚ ਕਿਸਾਨਾਂ ਦੇ ਹਿੱਤਾਂ ਦੀ ਤਰਜਮਾਨੀ ਕੀਤੀ ਹੈ ਤਾਂਕਿ ਕਿਸਾਨ ਅਤੇ ਖੇਤ ਮਜ਼ਦੂਰ ਦੀ ਘੱਟੋ-ਘੱਟ ਆਮਦਮ ਯਕੀਨੀ ਹੋਵੇ। ਕਿਸਾਨਾਂ ਨੂੰ ਕਰਜ਼ਾ ਮੁਕਤ ਕਰਵਾਉਣ ਲਈ ਵਿਸ਼ੇਸ਼ ਫੰਡ ਕਾਇਮ ਹੋਣ। ਕੁਦਰਤੀ ਆਫਤਾਂ ਤੋਂ ਬਚਾਉਣ ਲਈ ਫਸਲ ਬੀਮਾ ਕਾਰਪੋਰੇਸ਼ਨ ਬਣੇ। ਪ੍ਰਾਈਵੇਟ ਕੰਪਨੀਆਂ ਦੀ ਲੁੱਟ ਤੋਂ ਕਿਸਾਨਾਂ ਨੂੰ ਬਚਾਇਆ ਜਾਵੇ। ਇਸ ਦੇ ਨਾਲ ਹੀ ਖੇਤੀ ਮਸ਼ੀਨਰੀ ਦੀਆਂ ਕੀਮਤਾਂ, ਕੀੜੇਮਾਰ ਦਵਾਈਆਂ, ਖਾਦਾਂ ਦੀਆਂ ਕੀਮਤਾਂ ਦਾ ਫਾਰਮੂਲਾ ਤੈਅ ਹੋਵੇ। ਚੰਦੂਮਾਜਰਾ ਨੇ 70 ਸਾਲਾਂ ਦੀ ਗਲਤ ਖੇਤੀ ਨੀਤੀ ਕਾਰਨ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਵਾਉਣ ਲਈ ਨੀਤੀ ਤਿਆਰ ਕਰਨ 'ਤੇ ਜ਼ੋਰ ਦਿੱਤਾ।