ਪੰਜਾਬ 'ਚ ਫੈਲੀ ਅਰਾਜਕਤਾ ਬਾਰੇ 'ਚੰਦੂਮਾਜਰਾ' ਨੇ ਕੀਤੇ ਤਿੱਖੇ ਸ਼ਬਦੀ ਹਮਲੇ
Saturday, May 23, 2020 - 04:23 PM (IST)
ਪਟਿਆਲਾ (ਇੰਦਰਜੀਤ) : ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਭਰ 'ਚ ਫੈਲੀ ਅਰਾਜਕਤਾ 'ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ। ਚੰਦੂਮਾਜਰਾ ਵੱਲੋਂ ਸਨੌਰ ਹਲਕੇ ਵਿਖੇ ਗੁਰਦੁਆਰਾ ਸਾਹਿਬ ਨੂੰ 450 ਕੁਇੰਟਲ ਕਣਕ ਦਿੱਤੀ ਗਈ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਦੇਸ਼ ਦਾ ਚੌਥਾ ਥੰਮ ਮੀਡੀਆ ਵੀ ਪੰਜਾਬ 'ਚ ਸੁਰੱਖਿਅਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਭਰ 'ਚ ਮੀਡੀਆ 'ਤੇ ਵੀ ਲਗਾਤਾਰ ਹਮਲੇ ਹੋ ਰਹੇ ਹਨ, ਜਿਸ ਦੌਰਾਨ ਇਕ ਮੀਡੀਆ ਕਾਮੇ ਦੀ ਮੌਤ ਵੀ ਹੋਈ, ਜਿਸ ਨੇ ਮਾਈਨਿੰਗ ਮਾਫੀਏ 'ਤੇ ਖ਼ਬਰਾਂ ਲਾਈਆਂ ਸਨ। ਪਹਿਲਾਂ ਉਕਤ ਮੀਡੀਆ ਕਾਮੇ ਦੀ ਮੌਤ ਨੂੰ ਹਾਦਸਾ ਦਿਖਾਇਆ ਗਿਆ ਪਰ ਬਾਅਦ 'ਚ ਪੋਸਟ ਮਾਰਟਮ ਦੀ ਰਿਪੋਰਟ 'ਚ ਖੁਲਾਸਾ ਹੋਇਆ ਸੀ ਕਿ ਉਸ 'ਤੇ 14 ਵਾਰ ਕੀਤੇ ਗਏ ਸਨ, ਜਿਸ ਤੋਂ ਬਾਅਦ ਮ੍ਰਿਤਕ ਮੀਡੀਆ ਕਾਮੇ ਦਾ ਪਰਿਵਾਰ ਕਾਫੀ ਡਰਿਆ ਹੋਇਆ ਹੈ। ਚੰਦੂਮਾਜਰਾ ਨੇ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ, ਜਦੋਂ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੋਵੇ, ਸਗੋਂ ਇਸ ਤੋਂ ਪਹਿਲਾਂ ਵੀ ਪੱਤਰਕਾਰਾਂ 'ਤੇ ਹਮਲੇ ਹੋ ਰਹੇ ਹਨ, ਜਿਸ ਦੀ ਉਹ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਨ।