ਚੰਦੂਮਾਜਰਾ ਦਾ ਕੈਪਟਨ ''ਤੇ ਵਾਰ, ''ਕੁਰਸੀ ਦਾ ਮੋਹ ਤਿਆਗ ਹੋ ਜਾਣਾ ਚਾਹੀਦੈ ਲਾਂਭੇ''

01/01/2020 10:05:33 AM

ਮੋਹਾਲੀ (ਪਰਦੀਪ) : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਭਰ ਵਿਚੋਂ ਪੰਜਾਬ ਵਰਗੇ ਖੁਸ਼ਹਾਲ ਸੂਬੇ ਦਾ 'ਗੁੱਡ ਗਵਰਨੈਂਸ' ਵਿਚ 13ਵੇਂ ਦਰਜੇ 'ਤੇ ਆਉਣ ਨੇ ਇਹ ਸਾਬਤ ਕਰ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਦੀ ਨਾਲਾਇਕੀ ਕਾਰਣ ਪੰਜਾਬ ਕੇਂਦਰ ਵਲੋਂ ਚੱਲ ਰਹੀਆਂ ਸਕੀਮਾਂ ਵਿਚ ਵੀ ਫਾਡੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ 'ਅਟਲ ਭੂ-ਜਲ' ਯੋਜਨਾ 'ਚ ਪੰਜਾਬ ਦਾ ਨਾਂ ਨਾ-ਸ਼ਾਮਲ ਹੋਣਾ ਮੌਜੂਦਾ ਕਾਂਗਰਸ ਸਰਕਾਰ ਦੀ ਵੱਡੀ ਲਾਪਰਵਾਹੀ ਹੈ। ਜੇਕਰ ਸੂਬਾ ਸਰਕਾਰ ਨੇ ਪੰਜਾਬ ਦਾ ਪੱਖ ਨਿੱਜੀ ਤੌਰ 'ਤੇ ਰੱਖਿਆ ਹੁੰਦਾ ਤਾਂ ਪੰਜਾਬ ਇਸ ਯੋਜਨਾ ਤੋਂ ਵਾਂਝਾ ਨਹੀਂ ਰਹਿ ਸਕਦਾ ਸੀ। ਕਾਂਗਰਸ ਸਰਕਾਰ ਦੀ ਨਾਲਾਇਕੀ ਕਾਰਣ ਪੰਜਾਬ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਦਾ ਲਾਭ ਵੀ ਸਿਰਫ਼ 10 ਪ੍ਰਤੀਸ਼ਤ ਹੀ ਲੈ ਸਕਿਆ।
ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਚ ਪੂਰਾ ਸਾਲ ਸੂਬੇ ਅੰਦਰ ਨਾਜਾਇਜ਼ ਮਾਈਨਿੰਗ, ਸਮੱਗਲਰਾਂ, ਗੈਂਗਸਟਰਾਂ ਅਤੇ ਚੋਰੀਆਂ-ਡਕੈਤੀਆਂ ਦਾ ਬੋਲਬਾਲਾ ਰਿਹਾ ਹੈ। ਕਾਂਗਰਸ ਦੇ ਰਾਜ ਵਿਚ ਜ਼ਿਲਾ ਸੰਗਰੂਰ ਦੇ ਪਿੰਡ ਚੰਗਾਲੀਵਾਲ ਅੰਦਰ ਨੌਜਵਾਨ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰਨ ਅਤੇ ਖਰੜ ਵਿਚ ਸ਼ਰੇਆਮ ਦਿਨ-ਦਿਹਾੜੇ ਕੀਤੇ ਔਰਤਾਂ ਦੇ ਕਤਲ ਨੇ ਪੰਜਾਬ ਵਰਗੇ ਸੂਬੇ ਨੂੰ ਪੂਰੇ ਦੇਸ਼ ਅਤੇ ਦੁਨੀਆ ਦੇ ਸਾਹਮਣੇ ਸ਼ਰਮਸਾਰ ਕਰ ਦਿੱਤਾ ਹੈ। ਕਾਂਗਰਸ ਸਰਕਾਰ ਦੇ ਅੱਧੇ ਨਾਲੋਂ ਜ਼ਿਆਦਾ ਵਿਧਾਇਕ ਮੁੱਖ ਮੰਤਰੀ ਨੂੰ ਮਾੜੀ ਕਾਰਗੁਜ਼ਾਰੀ ਵਾਲਾ ਸਰਟੀਫ਼ਿਕੇਟ ਦੇ ਚੁੱਕੇ ਹਨ, ਜਿਸ ਨੂੰ ਦੇਖਦੇ ਹੋਏ ਕੈਪਟਨ ਨੂੰ ਮੁੱਖ ਮੰਤਰੀ ਵਾਲੀ ਕੁਰਸੀ ਦਾ ਮੋਹ ਤਿਆਗ ਕੇ ਖੁਦ ਲਾਂਭੇ ਹੋ ਜਾਣਾ ਚਾਹੀਦਾ ਹੈ।


Babita

Content Editor

Related News