ਹਲਕੇ ''ਚ ਕੰਮਾਂ ਨੂੰ ਮੁੱਖ ਰੱਖ ਕੇ ਚੋਣ ਮੈਦਾਨ ''ਚ ਉੱਤਰਾਂਗੇ : ਚੰਦੂਮਾਜਰਾ

03/26/2019 10:46:49 AM

ਰੂਪਨਗਰ (ਵਿਜੇ)— ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸਰਹਿੰਦ ਦੀ ਦੀਵਾਰਾਂ 'ਚ ਚਿਣੇ ਜਾਣ ਦੀ ਲਾਸਾਨੀ ਸ਼ਹਾਦਤ ਦੀ ਦਾਸਤਾਨ ਪਹਿਲੀ ਵਾਰ ਦੇਸ਼ ਦੀ ਪਾਰਲੀਮੈਂਟ ਅੰਦਰ ਸੁਣਾ ਕੇ ਸਤਿਕਾਰ ਭੇਟ ਕਰਵਾਉਣ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਬਲੀਦਾਨ ਦਿਵਸ ਮਨਾਉਣ ਦੀ ਗੱਲ ਦੇਸ਼ ਦੀ ਸੰਸਦ ਅੰਦਰ ਰੱਖਣ ਤੋਂ ਇਲਾਵਾ ਹਲਕੇ ਅੰਦਰ ਪਿਛਲੇ ਕਰੀਬ 5 ਸਾਲਾਂ ਦੌਰਾਨ ਹਲਕੇ ਦੇ ਵਿਕਾਸ ਅਤੇ ਪੰਜਾਬ ਅਤੇ ਪੰਜਾਬੀਅਤ ਲਈ ਕੀਤੇ ਕੰਮਾਂ ਦੇ ਆਧਾਰ 'ਤੇ ਮੁੜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦਾ ਵਿਚਾਰ ਬਣਾਇਆ ਗਿਆ। 
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੇਰੇ ਵੱਲੋਂ ਹਲਕੇ ਸਬੰਧੀ ਹਰ ਮਸਲੇ ਨੂੰ ਲੋਕ ਸਭਾ 'ਚ ਉਠਾ ਕੇ ਹੱਲ ਕਰਵਾਇਆ ਗਿਆ ਹੈ। ਹਾਲ ਹੀ 'ਚ ਰੂਪਨਗਰ 'ਚ ਬਣੇ ਪਾਸਪੋਰਟ ਦਫਤਰ ਦਾ ਜ਼ਿਕਰ ਕਰਦੇ ਉਨ੍ਹਾਂ ਕਿਹਾ ਕਿ ਇਸ ਦੇ ਬਣਨ ਨਾਲ ਹਲਕਾ ਵਾਸੀਆਂ ਨੂੰ ਕਾਫੀ ਲਾਭ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ 'ਚ ਨੈਸ਼ਨਲ ਹਾਈਵੇਜ਼ ਦਾ ਹੜ੍ਹ ਆਇਆ ਜਾਪਣ ਲੱਗਾ ਹੈ। ਕੇਂਦਰ ਸਰਕਾਰ ਦੇ ਸਹਿਯੋਗ ਨਾਲ 10 ਹਜ਼ਾਰ ਕਰੋੜ ਤੋਂ ਵੀ ਵੱਧ ਦੇ ਨੈਸ਼ਨਲ ਹਾਈਵੇਜ਼ ਦੇ ਪ੍ਰਾਜੈਕਟ ਹਲਕੇ ਲਈ ਲਿਆਂਦੇ ਗਏ। ਚੰਦੂਮਾਜਰਾ ਨੇ ਦੱਸਿਆ ਕਿ ਸੰਸਦ ਬਣਨ ਤੋਂ ਬਾਅਦ ਪਹਿਲੀ ਵਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਲਈ ਪਹਿਲੀ ਰੇਲ ਸੇਵਾ ਸ਼ੁਰੂ ਕਰਵਾਈ ਗਈ। ਦੋਆਬਾ ਖੇਤਰ ਦੀ ਲੰਬੇ ਸਮੇਂ ਦੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣ ਵਾਲੀ ਮੰਗ ਪੂਰੇ ਕਰਦੇ ਹੋਏ ਜਲੰਧਰ ਤੱਕ ਜਾਣ ਵਾਲੀ ਰੇਲ ਨੂੰ ਸਿੱਧਾ ਅੰਮ੍ਰਿਤਸਰ ਸਾਹਿਬ ਤੱਕ ਜਾਣ ਲਾਇਆ।
ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਬੰਗਾ ਤੋਂ ਗੜ੍ਹਸ਼ੰਕਰ ਰੋਡ ਪ੍ਰਾਜੈਕਟ 'ਤੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੁਆਰਾ ਇਸ ਪ੍ਰਾਜੈਕਟ ਨੂੰ ਰੋਕਣ ਵਾਲੇ ਮਨਸੂਬੇ ਨਾਲ ਕੈਪਟਨ ਸਰਕਾਰ ਵੱਲੋਂ ਰੋਡ ਨਾਲ ਸਬੰਧਤ ਡੀ. ਪੀ. ਆਰ. ਲੰਬੇ ਸਮੇਂ ਤੋਂ ਠੰਡੇ ਬਸਤੇ 'ਚ ਪਾ ਕੇ ਰੱਖੀ ਗਈ। ਇਸ ਕਰਕੇ ਪ੍ਰਾਜੈਕਟ ਰੱਦ ਹੋ ਗਿਆ ਸੀ। ਮੇਰੇ ਵੱਲੋਂ ਦਿੱਲੀ ਜਾ ਕੇ ਇਸ ਰੱਦ ਹੋਏ ਪ੍ਰਾਜੈਕਟ ਨੂੰ ਦੁਬਾਰਾ ਪਾਸ ਕਰਵਾ ਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਨੀਂਹ-ਪੱਥਰ ਰਖਵਾਇਆ ਗਿਆ। ਭਾਰਤ 'ਚ ਪਹਿਲੀ ਵਾਰ ਨੈਸ਼ਨਲ ਹਾਈਵੇਜ਼ ਦੇ ਰੱਦ ਹੋਏ ਪ੍ਰਾਜੈਕਟ ਨੂੰ ਦੋਬਾਰਾ ਸ਼ੁਰੂ ਕਰਵਾਉਣ ਦਾ ਕੰਮ ਪਹਿਲੀ ਵਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਦੇ ਹਿੱਸੇ ਆਉਦਾ ਹੈ। 


ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਾਂਸਦ ਬਣਦਿਆਂ ਸਾਰ ਹੀ ਮੋਹਾਲੀ ਵਿਚਲਾ ਕੌਮਾਂਤਰੀ ਹਵਾਈ ਅੱਡੇ ਦਾ ਐੱਨ. ਓ. ਸੀ. ਜਾਰੀ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਗਿਆ। ਇਸ ਤੋਂ ਬਾਅਦ ਹੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਸਿੱਧੀਆਂ ਉਡਾਣਾਂ ਲਈ ਸ੍ਰੀ ਨੰਦੇੜ ਦੇ ਬੰਦ ਪਏ ਹਵਾਈ ਅੱਡੇ ਨੂੰ ਚਾਲੂ ਕਰਵਾ ਕੇ ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਸ਼ੁਰੂ ਕਰਵਾਈਆਂ ਗਈਆਂ। ਇਸ ਸਮੇਂ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ 7 ਜ਼ਿਲਿਆਂ 'ਚ ਰਸੋਈ ਗੈਸ ਪਾਈਪ ਲਾਈਨ ਸ਼ੁਰੂ ਕੀਤੀ ਗਈ। ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਤਿੰਨ ਜ਼ਿਲੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਹਨ। ਮੇਰੇ ਵੱਲੋਂ ਹਲਕਾ, ਪੰਜਾਬ ਅਤੇ ਪੰਥਕ ਮੁੱਦੇ ਉਠਾ ਕੇ ਹੱਲ ਕਰਵਾਏ ਗਏ। ਵੱਡੀ ਗਿਣਤੀ 'ਚ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਗਿਆ। ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਹਲਕੇ ਅੰਦਰ ਕੀਤੇ ਵਿਕਾਸ ਕਾਰਜਾਂ ਦੇ ਆਧਾਰ 'ਤੇ ਵੋਟਾਂ ਮੰਗਾਂਗੇ।


shivani attri

Content Editor

Related News