ਪਾਣੀਆਂ ਦੇ ਮੁੱਦੇ ''ਤੇ ਜਲਦ ਪ੍ਰਧਾਨ ਮੰਤਰੀ ਨੂੰ ਮਿਲਿਆ ਜਾਵੇਗਾ : ਚੰਦੂਮਾਜਰਾ

01/25/2020 1:16:52 PM

ਫ਼ਤਿਹਗੜ੍ਹ ਸਾਹਿਬ (ਜਗਦੇਵ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ 'ਤੇ ਪਹਿਲੀ ਵਾਰ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਨੇ ਇੱਕਠਿਆਂ ਹੋ ਕੇ ਇਕਜੁੱਟਤਾ ਦਿਖਾਈ ਹੈ ਤੇ ਇਸ ਮੁੱਦੇ ਤੇ ਜਲਦ ਹੀ ਪ੍ਰਧਾਨ ਮੰਤਰੀ ਨੂੰ ਮਿਲਿਆ ਜਾਵੇਗਾ ਤੇ ਪੰਜਾਬ ਨਾਲ ਪਾਣੀਆਂ ਦੇ ਮੁੱਦੇ 'ਤੇ ਹੋ ਰਹੇ ਧੱਕੇ ਨੂੰ ਦੂਰ ਕਰਵਾਉਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਣੀਆਂ ਦੀ ਰਾਜਸਥਾਨ ਕਿਸੇ ਸਮੇਂ ਰਿਐਲਟੀ ਦਿੰਦਾ ਰਿਹਾ ਹੈ ਤੇ ਹੁਣ ਜਿਵੇਂ ਦਿੱਲੀ ਸਰਕਾਰ ਨੇ ਰਿਐਲਟੀ ਹਿਮਾਚਲ ਸਰਕਾਰ ਤੇ ਦਿੱਲੀ ਸਰਕਾਰ ਨੂੰ ਹਰਿਆਣਾ ਵਲੋਂ ਰਿਐਲਟੀ ਦੇਣ ਸਬੰਧੀ ਜੋ ਫੈਸਲਾ ਕੀਤਾ ਗਿਆ ਹੈ ਤੇ ਕੁਦਰਤੀ ਤੌਰ 'ਤੇ ਪੰਜਾਬ ਵੀ ਰਾਜਸਥਾਨ ਤੋਂ ਪਾਣੀਆਂ ਦੀ ਰਿਐਲਟੀ ਵਸੂਲ ਕਰੇਗਾ ਕਿਉਂਕਿ ਪਾਣੀਆਂ ਦਾ ਅਸਲ ਮਾਲਕ ਤਾਂ ਪੰਜਾਬ ਹੈ ਤੇ ਮਾਲਕ ਆਪਣੀ ਚੀਜ਼ ਦਾ ਮੁੱਲ ਕਦੇ ਵੀ ਲੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਸੀ. ਏ. ਏ. ਮੁੱਦੇ 'ਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਵਲੋਂ ਸਵਾਗਤ ਕੀਤਾ ਗਿਆ ਹੈ। ਇਹ ਗੱਲ ਵੱਖਰੀ ਹੈ ਕਿ ਅਕਾਲੀ ਦਲ ਵਲੋਂ ਉਸ ਕਾਨੂੰਨ 'ਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕਰਨ ਨੂੰ ਲੈ ਕੇ ਸੋਧ ਦੀ ਮੰਗ ਕੀਤੀ ਜਾ ਰਹੀ ਹੈ ਪਰ ਜੋ ਕਾਂਗਰਸ ਵਲੋਂ ਇਸ 'ਤੇ ਵਾਦ-ਵਿਵਾਦ ਖੜ੍ਹੇ ਕੀਤੇ ਜਾ ਰਹੇ ਹਨ। ਉਨ੍ਹਾਂ ਦਿੱਲੀ ਵਿਧਾਨ ਸਭਾ ਚੋਣਾਂ ਸਬੰਧੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਸਥਾਨਕ ਆਗੂਆਂ ਵਰਕਰਾਂ ਨੂੰ ਆਪਣੀ ਸਥਿਤੀ ਦੇਖ ਕੇ ਫੈਸਲਾ ਕਰਨ ਲਈ ਕਿਹਾ ਗਿਆ ਹੈ ਜਦਕਿ ਖੁੱਲ੍ਹੇ ਤੌਰ 'ਤੇ ਕਿਸੇ ਦੀ ਵੀ ਹਮਾਇਤ ਜਾਂ ਵਿਰੋਧ ਲਈ ਨਹੀਂ ਕਿਹਾ ਗਿਆ ਮੱਧ ਪ੍ਰਦੇਸ਼ ਦੇ ਕਾਂਗਰਸੀ ਮੁੱਖ ਮੰਤਰੀ ਕਮਲ ਨਾਥ ਨੂੰ ਦਿੱਲੀ ਵਿਧਾਨ ਸਭਾ ਚੋਣਾਂ 'ਚ ਸਟਾਰ ਪ੍ਰਚਾਰਕ ਲਾਉਣ ਦੀ ਨਿਖੇਧੀ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਵਾਲੀ ਗੱਲ ਹੈ ਤੇ ਕਾਂਗਰਸ ਨੂੰ ਇਤਿਹਾਸ ਤੋਂ ਸਬਕ ਸਿਖਣਾ ਚਾਹੀਦਾ ਹੈ ਕਿਉਂਕਿ ਜਿੱਥੇ ਕਮਲਨਾਥ ਦਾ ਕਥਿਤ ਤੌਰ ਤੇ '84 ਦੇ ਸਿੱਖ ਕਤਲੇਆਮ ਹੱਥ ਹੈ। 

ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ 'ਤੇ ਕਾਂਗਰਸੀ ਆਗੂਆਂ 'ਤੇ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ, ਜੇਕਰ ਪੰਜਾਬ ਸਰਕਾਰ ਨੇ ਤੱਤ ਸਾਹਮਣੇ ਨਾ ਲਿਆਂਦੇ ਤੇ ਮੌਕ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਨਾ ਦਿੱਤੀ ਤਾਂ ਸ਼੍ਰੋਮਣੀ ਅਕਾਲੀ ਦਲ ਅਦਾਲਤ ਦਾ ਕੁੰਡਾ ਖੜਕਾਏਗਾ।


Gurminder Singh

Content Editor

Related News