ਗਰਭਵਤੀ ਜਨਾਨੀਆਂ ਦੇ ਭਰੂਣ ਟੈਸਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਅਲਟਰਾਸਾਊਂਡ ਮਸ਼ੀਨ ਬਰਾਮਦ

Saturday, Oct 24, 2020 - 11:56 AM (IST)

ਗਰਭਵਤੀ ਜਨਾਨੀਆਂ ਦੇ ਭਰੂਣ ਟੈਸਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਅਲਟਰਾਸਾਊਂਡ ਮਸ਼ੀਨ ਬਰਾਮਦ

ਪਟਿਆਲਾ (ਬਲਜਿੰਦਰ, ਪਰਮੀਤ) : ਪੁਲਸ ਨੇ ਨਜ਼ਦੀਕੀ ਪਿੰਡ ਚੌਰਾ ਵਿਖੇ ਨਾਜਾਇਜ਼ ਤੌਰ 'ਤੇ ਇਕ ਘਰ 'ਚ ਚੱਲ ਰਹੇ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਇੱਥੋਂ ਭੋਲੇ-ਭਾਲੇ ਲੋਕਾਂ ਨੂੰ ਵਰਗਲਾ ਕੇ ਗਰਭਵਤੀ ਜਨਾਨੀਆਂ ਦੇ ਢਿੱਡ 'ਚ ਪਲ ਰਹੇ ਬੱਚੇ ਦਾ ਭਰੂਣ ਟੈਸਟ ਕਰਨ ਅਤੇ ਉਨ੍ਹਾਂ ਦਾ ਗਰਭਪਾਤ ਕਰਵਾਉਣ ਦੇ ਦੋਸ਼ 'ਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ 'ਚ ਮੀਨਾ ਰਾਣੀ ਪਤਨੀ ਲੇਟ ਰਵਿੰਦਰ ਸਿੰਘ ਵਾਸੀ ਸਟਾਰ ਸਿਟੀ ਚੌਰਾ, ਜਰਨੈਲ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸਵਾਜਪੁਰ, ਡਾ. ਅਨਿਲ ਕਪੂਰ ਪੁੱਤਰ ਸਵ. ਚੰਦ ਪ੍ਰਕਾਸ਼ ਕਪੂਰ ਵਾਸੀ ਗੁਰਬਖਸ਼ ਕਾਲੋਨੀ ਅਤੇ ਰਾਜੀਵ ਕੁਮਾਰ ਉਰਫ ਰਾਜੂ ਪੁੱਤਰ ਰਾਜਪਾਲ ਹਾਲ ਵਾਸੀ ਕਿਰਾਏਦਾਰ ਅਰਬਨ ਅਸਟੇਟ ਫੇਸ-1 ਪਟਿਆਲਾ ਸ਼ਾਮਲ ਹਨ। ਥਾਣਾ ਅਰਬਨ ਅਸਟੇਟ ਵਿਖੇ ਉਕਤ ਸਾਰਿਆਂ ਖ਼ਿਲਾਫ਼ ਦੀ ਪ੍ਰੀ ਨੇਟਲ ਡਾਇਗਨੋਸਟਿਕ ਟੈਕਨੀਕਸ (ਰੈਗੂਲੇਸ਼ਨ ਐਂਡ ਪ੍ਰੀਵੈਨਸ਼ਨ ਆਫ ਮਿਸਯੂਜ਼) ਐਕਟ 1994 ਦੀ ਧਾਰਾ 3 (1), 5 (1) (ਏ), 6 (ਏ), 18, 24 ਅਤੇ 29, 420, 308 ਅਤੇ 120 ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਇਨ੍ਹਾਂ ਵੱਲੋਂ ਅਣਅਧਿਕਾਰਤ ਤੌਰ 'ਤੇ ਵਰਤੀ ਜਾਣ ਵਾਲੀ ਲਿੰਗ ਜਾਂਚ ਕਰਨ ਵਾਲੀ ਅਲਟਰਾਸਾਊਂਡ ਮਸ਼ੀਨ ਅਤੇ ਕਾਫੀ ਮਾਤਰਾ 'ਚ ਦਵਾਈਆਂ ਬਰਾਮਦ ਕੀਤੀਆਂ ਗਈਆਂ। ਐੱਸ. ਐੱਸ. ਪੀ. ਨੇ ਦੱਸਿਆ ਕਿ ਸਿਵਲ ਸਰਜਨ ਵੱਲੋਂ ਸੂਚਨਾ ਮਿਲਣ 'ਤੇ ਇਕ ਸਪੈਸ਼ਲ ਟੀਮ ਦਾ ਗਠਨ ਐੱਸ. ਪੀ. ਸਿਟੀ ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਕੀਤਾ ਗਿਆ। ਇਸ 'ਚ ਡਾ. ਜਤਿੰਦਰ ਕਾਂਸਲ ਡੀ. ਐੱਫ. ਡਬਲਯੂ. ਓ. ਪਟਿਆਲਾ ਸਮੇਤ 3 ਮਾਹਿਰ ਡਾਕਟਰ ਸ਼ਾਮਲ ਸਨ। ਪੁਲਸ ਪਾਰਟੀ 'ਚ ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਇੰਸਪੈਕਟਰ ਹੈਰੀ ਬੋਪਾਰਾਏ ਸਮੇਤ ਇੰਸ. ਸ਼ਿਵ ਇੰਦਰ ਦੇਵ, ਮਹਿਲਾ ਇੰਸ. ਪੁਸ਼ਪਾ ਦੇਵੀ ਅਤੇ ਸੀ. ਆਈ. ਏ. ਪਟਿਆਲਾ ਦੀ ਟੀਮ ਸ਼ਾਮਲ ਸੀ। ਇਨ੍ਹਾਂ ਨੇ ਫੌਰੀ ਕਾਰਵਾਈ ਕਰਦਿਆਂ ਮੀਨਾ ਰਾਣੀ ਦੇ ਰਿਹਾਇਸ਼ੀ ਮਕਾਨ ਸਟਾਰ ਸਿਟੀ ਕਾਲੋਨੀ ਚੌਰਾ ਵਿਖੇ ਛਾਪਾ ਮਾਰਿਆ, ਜਿੱਥੇ ਡਰੱਗ ਇੰਸਪੈਕਟਰ ਮਨਦੀਪ ਮਾਨ ਅਤੇ ਸੰਤੋਸ਼ ਕੁਮਾਰ ਵੀ ਹਾਜ਼ਰ ਹੋ ਗਏ। ਰੇਡ ਦੌਰਾਨ ਉਕਤ ਚਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਅਲਟਰਾਸਾਊਂਡ ਦੀ ਮਸ਼ੀਨ ਬਰਾਮਦ ਕੀਤੀ ਗਈ।

ਦੁੱਗਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੱਲ ਸਾਹਮਣੇ ਆਈ ਕਿ ਡਾ. ਅਨਿਲ ਕਪੂਰ ਅਜਿਹੀਆਂ ਗਰਭਵਤੀ ਜਨਾਨੀਆਂ ਨੂੰ ਮੀਨਾ ਰਾਣੀ ਕੋਲ ਭੇਜਦੇ ਸਨ, ਜਿੱਥੇ ਮੀਨਾ ਰਾਣੀ ਆਪਣੇ ਸਾਥੀ ਜਰਨੈਲ ਸਿੰਘ, ਰਾਜੀਵ ਕੁਮਾਰ ਉਰਫ਼ ਰਾਜੂ ਨਾਲ ਮਿਲ ਕੇ ਅਲਟਰਾਸਾਊਂਡ ਮਸ਼ੀਨ ਦਾ ਬੰਦੋਬਸਤ ਕਰ ਕੇ ਗੈਰ-ਕਾਨੂੰਨੀ ਤਰੀਕੇ ਨਾਲ ਆਪਣੇ ਗ੍ਰਹਿ ਸਟਾਰ ਸਿਟੀ ਚੌਰਾ ਵਿਖੇ ਗਰਭਵਤੀ ਜਨਾਨੀਆਂ ਦੇ ਪੇਟ 'ਚ ਪਲ ਰਹੇ ਬੱਚੇ ਦਾ ਲਿੰਗ ਜਾਂਚ ਦਾ ਟੈਸਟ ਕਰ ਕੇ 40-50 ਹਜ਼ਾਰ ਰੁਪਏ ਲੈਂਦੇ ਸਨ। ਲਿੰਗ ਜਾਂਚ ਦਾ ਟੈਸਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਗਰਭਪਾਤ ਕਰਨ ਲਈ ਵੀ ਪ੍ਰੇਰਿਤ ਕਰਦੇ ਸਨ ਅਤੇ ਉਸ ਦੇ ਵੀ ਵੱਖਰੇ ਪੈਸੇ ਲੈਂਦੇ ਸਨ।

ਮੀਨਾ ਰਾਣੀ ਭੋਲੇ-ਭਾਲੇ ਲੋਕਾਂ ਨੂੰ ਧੋਖਾ ਦੇਣ ਲਈ ਆਪਣੇ ਆਪ ਨੂੰ ਇਸ ਕੰਮ ਲਈ ਆਥੋਰਾਈਜ਼ਡ ਅਤੇ ਕੁਆਲੀਫਾਈਡ ਦੱਸਦੀ ਸੀ। ਇਸ ਤਰ੍ਹਾਂ ਉਹ ਉਕਤ ਵਿਅਕਤੀਆਂ ਨਾਲ ਮਿਲ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਗਰਭਵਤੀ ਜਨਾਨੀਆਂ ਦੀ ਜ਼ਿੰਦਗੀ ਨਾਲ ਖਿਲਵਾਡ਼ ਕਰ ਰਹੇ ਸਨ। ਉਨ੍ਹਾਂ ਵੱਲੋਂ ਅਜਿਹਾ ਕਰਨ ਨਾਲ ਕਿਸੇ ਸਮੇਂ ਵੀ ਗਰਭਵਤੀ ਜਨਾਨੀਆਂ ਦੀ ਜਾਨ ਜਾ ਸਕਦੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੀਨਾ ਰਾਣੀ ਖ਼ਿਲਾਫ਼ ਪਹਿਲਾਂ ਵੀ ਲਿੰਗ ਚੈੱਕ ਕਰਨ ਅਤੇ ਗਰਭਪਾਤ ਕਰਨ ਸਬੰਧੀ 4 ਕੇਸ ਦਰਜ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਅਇਆ ਕਿ ਉਹ ਫੜ੍ਹੇ ਜਾਣ ਤੋਂ ਬਾਅਦ ਆਪਣਾ ਟਿਕਾਣਾ ਬਦਲ ਲੈਂਦੀ ਸੀ।
ਕੀ ਕੁਝ ਮਿਲਿਆ ਸਾਮਾਨ
ਪੁਲਸ ਨੇ ਛਾਪੇ ਤੋਂ ਬਾਅਦ ਜਦੋਂ ਜਾਂਚ ਕੀਤੀ ਤਾਂ ਅਲਟਰਾਸਾਊਂਡ ਮਸ਼ੀਨ, 12 ਤਰ੍ਹਾਂ ਦੀ ਐਲੋਪੈਥਿਕ ਦਵਾਈਆਂ ਜਿਨ੍ਹਾਂ 'ਚ 703 ਗੋਲੀਆਂ, 150 ਕੈਪਸੂਲ, 19 ਟਿਊਬ ਕਰੀਮ, 32 ਟੀਕੇ, 57 ਸ਼ੀਸ਼ੀਆਂ ਅਯੂਰਵੈਦਿਕ ਜੋ ਵੱਖ-ਵੱਖ ਮਾਰਕਾ, 10 ਪੀਸ ਕਾਪਰ-ਟੀ ਸ਼ਾਮਲ ਹਨ।
 


author

Babita

Content Editor

Related News