ਫਰੀਦਕੋਟ 'ਚ ਅਜੀਬੋ-ਗਰੀਬ ਮਾਮਲਾ, ਗਰਭਵਤੀ ਦੇ ਢਿੱਡ 'ਤੇ ਬੈਠ ਡਾਕਟਰ ਨੇ ਕੀਤੀ ਡਿਲਿਵਰੀ, ਬੱਚੇ ਦੀ ਮੌਤ
Thursday, May 20, 2021 - 09:57 AM (IST)
ਫ਼ਰੀਦਕੋਟ (ਜਸਬੀਰ ਸਿੰਘ) : ਫ਼ਰੀਦਕੋਟ ਵਿਖੇ ਇਕ ਵੱਖਰੀ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ ਇਕ ਗਰਭਵਤੀ ਬੀਬੀ ਦਾ ਪ੍ਰਸੂਤਾ ਕੇਸ ਕਰਨ ਲਈ ਡਾਕਟਰ ਨੇ ਉਸ ਦੇ ਢਿੱਡ ਦੇ ਉੱਪਰ ਬੈਠ ਕੇ ਡਿਲਿਵਰੀ ਕਰ ਦਿੱਤੀ। ਕੇਸ ਬੇਹੱਦ ਜ਼ਿਆਦਾ ਵਿਗੜਨ ’ਤੇ ਪੀੜਤਾ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ। ਜਦੋਂ ਇਸ ਸਬੰਧੀ ਪੀੜਤਾ ਦੇ ਪਤੀ ਨੇ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਉਸ ਨੂੰ ਹੀ ਪਰਚਾ ਕਰਨ ਦਾ ਡਰਾਵਾ ਦਿੱਤਾ ਗਿਆ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ 18-45 ਉਮਰ ਦੇ ਸਹਿ ਬੀਮਾਰੀਆਂ ਵਾਲੇ ਕੈਦੀਆਂ ਦਾ 'ਟੀਕਾਕਰਨ' ਸ਼ੁਰੂ
ਇਸ ਸਬੰਧੀ ਪੀੜਤਾ ਦੇ ਪਤੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਅਟਾਰੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਨ ਅਤੇ ਉਸ ਦੀ ਪਤਨੀ ਦੇ ਬੱਚਾ ਹੋਣ ਵਾਲਾ ਸੀ। ਜਦੋਂ ਪ੍ਰਸੂਤਾ ਪੀੜਾਂ ਉੱਠੀਆਂ ਤਾਂ ਉਹ ਆਪਣੀ ਪਤਨੀ ਨੂੰ ਨਰਸ ਰਾਜਿੰਦਰ ਕੌਰ ਸੇਖਾਂ ਵਾਲੀ ਬਸਤੀ ਜ਼ਿਲ੍ਹਾ ਫਿਰੋਜ਼ਪੁਰ ਕੋਲ ਲੈ ਗਿਆ, ਜਿੱਥੇ ਕੇਸ ਕਰਨ ਵਾਲੇ ਡਾਕਟਰ ਨੇ ਉਸ ਦੀ ਪਤਨੀ ਦੇ ਢਿੱਡ ਉਪਰ ਬੈਠ ਕੇ ਡਿਲਿਵਰੀ ਕਰਵਾ ਦਿੱਤੀ। ਉਸ ਨੇ ਦੱਸਿਆ ਕਿ ਇਕ ਵਾਰ ਤਾਂ ਬੱਚਾ ਢਿੱਡ ’ਚੋਂ ਬਾਹਰ ਆ ਗਿਆ ਪਰ ਜਿਵੇਂ ਹੀ ਡਾਕਟਰ ਢਿੱਡ ਤੋਂ ਉੱਠਿਆ ਤਾਂ ਬੱਚਾ ਦੁਬਾਰਾ ਢਿੱਡ ਅੰਦਰ ਚਲਾ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਨੇ ਫਿਰ ਟਵੀਟ ਕਰਕੇ ਕੈਪਟਨ ਬਾਰੇ ਕਹੀ ਵੱਡੀ ਗੱਲ, ਨਾਲ ਹੀ ਰੱਖੀ ਇਹ ਮੰਗ
ਇਸ ਤੋਂ ਬਾਅਦ ਉਸ ਦੀ ਪਤਨੀ ਦੀ ਹਾਲਤ ਹੋਰ ਵੀ ਜ਼ਿਆਦਾ ਗੰਭੀਰ ਹੋ ਗਈ। ਉਸ ਨੇ ਦੱਸਿਆ ਕਿ ਅਜਿਹਾ ਦੇਖ ਕੇ ਡਾਕਟਰ ਉਥੋਂ ਮੌਕੇ ਤੋਂ ਹੀ ਫ਼ਰਾਰ ਹੋ ਗਿਆ ਅਤੇ ਉਨ੍ਹਾਂ ਨੂੰ ਇਹ ਕਹਿ ਦਿੱਤਾ ਕਿ ਉਹ ਆਪਣੀ ਪਤਨੀ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਜਾਂ ਫਿਰ ਫਰੀਦਕੋਟ ਲੈ ਜਾਣ। ਉਸ ਨੇ ਇਹ ਵੀ ਕਿਹਾ ਕਿ ਨਰਸ ਰਾਜਿੰਦਰ ਕੌਰ ਨੇ ਉਨ੍ਹਾਂ ਕੋਲੋਂ ਪੰਦਰਾਂ ਹਜ਼ਾਰ ਰੁਪਏ ਦੀ ਮੰਗ ਵੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਫਿਰੋਜ਼ਪੁਰ ਦੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਉਣ ਲਈ ਗਿਆ ਤਾਂ ਉੱਥੋਂ ਦੇ ਮੁਨਸ਼ੀ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਅਤੇ ਦਰਖ਼ਾਸਤ ਲਿਖ ਕੇ ਆਪਣੇ ਕੋਲ ਰੱਖ ਲਈ ਅਤੇ ਉਲਟਾ ਉਸ ਉੱਪਰ ਹੀ ਪਰਚਾ ਦਰਜ ਕਰਨ ਦਾ ਡਰਾਵਾ ਦੇ ਕੇ ਉਸ ਨੂੰ ਉੱਥੋਂ ਭਜਾ ਦਿੱਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪਟਿਆਲਾ 'ਚ 'ਬਲੈਕ ਫੰਗਸ' ਕਾਰਨ 2 ਲੋਕਾਂ ਦੀ ਮੌਤ, ਜਾਣੋ ਕੀ ਨੇ ਸ਼ੁਰੂਆਤੀ ਲੱਛਣ
ਪੀੜਤਾ ਮਮਤਾ ਅਤੇ ਉਸ ਦੇ ਪਤੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਅਟਾਰੀ ਜ਼ਿਲ੍ਹਾ ਫਿਰੋਜ਼ਪੁਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਨਾ ਕਰਨ ਵਾਲੇ ਪੁਲਸ ਅਧਿਕਾਰੀਆਂ /ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਦੋਂ ਇਸ ਮਾਮਲੇ ਨਾਲ ਸਬੰਧਿਤ ਨਰਸ ਰਾਮਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ਬਾਰੇ ਕੁੱਝ ਵੀ ਪਤਾ ਨਹੀਂ ਅਤੇ ਉਨ੍ਹਾਂ ਨੇ ਹੋਰ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ