ਸਿਵਲ ਹਸਪਤਾਲ ''ਚ ਇਲਾਜ ਲਈ ਤੜਫਦੀ ਰਹੀ ਗਰਭਵਤੀ ਬੀਬੀ
Friday, Jun 05, 2020 - 03:51 PM (IST)
ਖੰਨਾ (ਸੁਖਵਿੰਦਰ ਕੌਰ) : ਸਥਾਨਕ ਲਲਹੇੜੀ ਰੋਡ ਸਥਿਤ ਵਾਰਡ ਨੰਬਰ-5 ਦੀ ਇਕ ਗਰਭਵਤੀ ਬੀਬੀ ਨੂੰ ਸਿਵਲ ਹਸਪਤਾਲ 'ਚ ਦਾਖਲ ਨਾ ਕਰਨ ਸਬੰਧੀ ਔਰਤ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਗਰਭਵਤੀ ਬੀਬੀ ਦੇ ਇਲਾਜ ਲਈ ਹਸਪਤਾਲ ਪੁੱਜੇ ਤਾਂ ਪਹਿਲਾਂ ਤਾਂ ਉਨ੍ਹਾਂ ਨੂੰ ਕਿਸੇ ਵੀ ਡਾਕਟਰ ਨੇ ਦੇਖਿਆ ਨਹੀਂ ਅਤੇ ਉਨ੍ਹਾਂ ਦਾ ਮਰੀਜ਼ ਇਲਾਜ ਲਈ ਕਈ ਘੰਟੇ ਤਕਲੀਫ਼ ਨਾਲ ਤੜਫਦਾ ਰਿਹਾ।
ਫਿਰ ਜਦੋਂ ਉਨ੍ਹਾਂ ਬੇਨਤੀ ਕੀਤੀ ਤਾਂ ਡਾਕਟਰ ਕਹਿਣ ਲੱਗੇ ਕਿ ਹਸਪਤਾਲ 'ਚ ਮਹਿਲਾ ਡਾਕਟਰ ਨਹੀਂ ਹੈ, ਤੁਸੀਂ ਆਪਣੇ ਮਰੀਜ਼ ਨੂੰ ਪਟਿਆਲਾ ਲਿਜਾ ਸਕਦੇ ਹੋ। ਇਸ ਦੌਰਾਨ ਉਕਤ ਪਰਿਵਾਰ ਨੇ ਇੱਥੇ ਆਪਣੇ ਇਲਾਕੇ ਦੇ ਕੌਂਸਲਰ ਕ੍ਰਿਸ਼ਨਪਾਲ ਨੂੰ ਮੌਕੇ ’ਤੇ ਬੁਲਾ ਲਿਆ, ਜਿਨ੍ਹਾਂ ਦੇਖਿਆ ਡਲਿਵਰੀ ਕੇਸ ਹੋਣ ਕਰ ਕੇ ਔਰਤ ਦੀ ਹਾਲਤ ਕਾਫ਼ੀ ਨਾਜ਼ੁਕ ਹੈ। ਇਸ ਦੌਰਾਨ ਉਨ੍ਹਾਂ ਹਸਪਤਾਲ ਦੇ ਸੀਨੀਅਰ ਡਾਕਟਰਾਂ ਨਾਲ ਗੱਲਬਾਤ ਕੀਤੀ ਤਾਂ ਇਹ ਹੀ ਜਵਾਬ ਮਿਲਿਆ ਕਿ ਸਬੰਧਤ ਡਾਕਟਰ ਨਹੀਂ ਹਨ ਕਿਉਂਕਿ ਕੋਵਿਡ-19 ਕਾਰਣ ਮਹਿਲਾ ਡਾਕਟਰਾਂ ਦੀ ਡਿਊਟੀ ਲੱਗੀ ਹੋਈ ਹੈ, ਜਿਸ ਕਾਰਣ ਉਹ ਆਪਣੇ ਮਰੀਜ਼ ਨੂੰ ਪਟਿਆਲਾ ਹਸਪਤਾਲ ਲੈ ਜਾਣ। ਇਸ ਦੌਰਾਨ ਸਾਬਕਾ ਕੌਂਸਲਰ ਕ੍ਰਿਸ਼ਨ ਪਾਲ ਵਲੋਂ ਐਂਬੂਲੈਂਸ ਦਾ ਪ੍ਰਬੰਧ ਕਰਵਾ ਕੇ ਪੀੜਤ ਬੀਬੀ ਨੂੰ ਪਟਿਆਲਾ ਦੇ ਹਸਪਤਾਲ ਲਈ ਭੇਜਿਆ ਗਿਆ।