ਘਰੋਂ ਸ਼ੱਕੀ ਹਾਲਾਤ ’ਚ ਲਾਪਤਾ ਹੋਈ ਗਰਭਵਤੀ ਔਰਤ ਦੀ ਮਿਲੀ ਲਾਸ਼, ਸੋਸ਼ਲ ਮੀਡੀਆ ’ਤੇ ਮਿਲੀ ਜਾਣਕਾਰੀ

Tuesday, Sep 06, 2022 - 04:52 PM (IST)

ਘਰੋਂ ਸ਼ੱਕੀ ਹਾਲਾਤ ’ਚ ਲਾਪਤਾ ਹੋਈ ਗਰਭਵਤੀ ਔਰਤ ਦੀ ਮਿਲੀ ਲਾਸ਼, ਸੋਸ਼ਲ ਮੀਡੀਆ ’ਤੇ ਮਿਲੀ ਜਾਣਕਾਰੀ

ਅਬੋਹਰ (ਰਹੇਜਾ) : ਨਵੀਂ ਆਬਾਦੀ ਗਲੀ ਨੰਬਰ 10 ਛੋਟੀ ਪੌੜੀ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਉਮਾ ਭਾਰਤੀ ਸੋਮਵਾਰ ਨੂੰ ਆਪਣੇ ਘਰੋਂ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਈ ਸੀ, ਜਿਸ ਦੀ ਲਾਸ਼ ਅੱਜ ਸਵੇਰੇ ਪਿੰਡ ਬਕਾਇਨ ਵਾਲਾ ਦੇ ਕੋਲ ਇਕ ਖਾਲੇ ਵਿਚੋਂ ਬਰਾਮਦ ਹੋਈ ਹੈ। ਉਮਾ ਭਾਰਤੀ ਦੀ ਲਾਸ਼ ਦੀ ਪਛਾਣ ਉਸ ਦੇ ਪਤੀ ਸੁਖਦੇਵ ਨੇ ਮੌਕੇ ’ਤੇ ਪਹੁੰਚ ਕੇ ਕੀਤੀ ਹੈ। ਸੂਚਨਾ ਮਿਲਣ ’ਤੇ ਅਬੋਹਰ ਦੇ ਡੀ.ਐੱਸ.ਪੀ. ਅਤੇ ਹੋਰ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਸ ਨੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਅਨੀਸ਼ ਨਰੂਲਾ ਅਤੇ ਸੋਨੂੰ ਗਰੋਵਰ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ।

ਜ਼ਿਕਰਯੋਗ ਹੈ ਕਿ ਉਮਾ ਭਾਰਤੀ ਦੇ ਪਤੀ ਸੁਖਦੇਵ ਨੇ ਦੱਸਿਆ ਕਿ ਉਹ ਸੋਮਵਾਰ ਸਵੇਰੇ 11 ਵਜੇ ਘਰੋਂ ਕੰਮ ’ਤੇ ਗਿਆ ਸੀ ਅਤੇ ਉਮਾ ਨੂੰ ਸਹੀ ਸਲਾਮਤ ਘਰ ਛੱਡ ਕੇ ਗਿਆ ਸੀ। ਜਦੋਂ ਉਹ ਦੁਪਹਿਰ ਦਾ ਖਾਣਾ ਖਾਣ ਲਈ ਘਰ ਆਇਆ ਤਾਂ ਘਰ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਸੀ ਅਤੇ ਉਸਦੀ ਪਤਨੀ ਲਾਪਤਾ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਆਲੇ-ਦੁਆਲੇ ਭਾਲ ਕੀਤੀ ਤਾਂ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਉਹ ਗੁਆਂਢੀਆਂ ਦੇ ਘਰੋਂ ਆਪਣੇ ਘਰ ਅੰਦਰ ਦਾਖਲ ਹੋਇਆ ਤਾਂ ਦੇਖਿਆ ਕਿ ਘਰ ਦੀਆਂ ਪੌੜੀਆਂ ’ਤੇ ਖੂਨ ਦੇ ਛਿੱਟੇ ਪਏ ਹੋਏ ਸਨ, ਜਦਕਿ ਚੂੜੀਆਂ ਵੀ ਟੁੱਟੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਉਮਾ ਭਾਰਤੀ ਦੋ ਮਹੀਨੇ ਦੀ ਗਰਭਵਤੀ ਸੀ। ਅੱਜ ਸਵੇਰੇ ਉਸ ਨੂੰ ਆਪਣੀ ਪਤਨੀ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਸੋਸ਼ਲ ਮੀਡੀਆ ਰਾਹੀਂ ਮਿਲੀ। ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।


author

Gurminder Singh

Content Editor

Related News