ਡਾਕਟਰਾਂ ਦੀ ਅਣਗਹਿਲੀ ਨੇ ਖ਼ਤਰੇ ''ਚ ਪਾਈ ਗਰਭਵਤੀ ਦੀ ਜਾਨ, ਚੱਲਦੀ ਕਾਰ ''ਚ ਦਿੱਤਾ ਬੱਚੀ ਨੂੰ ਜਨਮ

07/17/2020 5:18:05 PM

ਬੱਸੀ ਪਠਾਣਾ (ਰਾਜਕਮਲ) : ਪੰਜਾਬ ਸਰਕਾਰ ਵੱਲੋਂ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਨੂੰ ਦੇਖਦੇ ਹੋਏ ਜ਼ਰੂਰੀ ਸਾਵਧਾਨੀਆਂ ਨੂੰ ਅਮਲ ਵਿਚ ਲਿਆਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਸਿਹਤ ਮਹਿਕਮੇ ਨੂੰ ਵੀ ਹਸਪਤਾਲਾਂ ਅੰਦਰ ਹਰ ਆਉਣ ਵਾਲੇ ਮਰੀਜ਼ ਦੀ ਸਾਵਧਾਨੀ ਵਜੋਂ ਜਾਂਚ ਕਰਨ ਦੀ ਹਿਦਾਇਤ ਹੈ ਪਰ ਸਰਕਾਰ ਦੀਆਂ ਜਾਰੀ ਹਦਾਇਤਾਂ ਦਾ ਖ਼ਾਮਿਆਜਾ ਬੱਸੀ ਪਠਾਣਾ ਵਿਖੇ ਗਰੀਬ ਪਰਿਵਾਰ ਦੀ ਇੱਕ ਗਰਭਵਤੀ ਜਨਾਨੀ  ਨੂੰ ਭੁਗਤਣਾ ਪਿਆ। ਜਾਣਕਾਰੀ ਦਿੰਦਿਆ ਅਨਿਲ ਕੁਮਾਰ ਨੇ ਦੱਸਿਆ ਕਿ ਸੁਨੀਲ ਕੁਮਾਰ ਉਸ ਦੇ ਕੋਲ ਕੰਮ ਕਰਦਾ ਹੈ ਅਤੇ ਉਸਦੀ ਪਤਨੀ ਰੇਖਾ ਗਰਭਵਤੀ ਸੀ, ਜਿਸ ਦਾ ਇਲਾਜ ਸਿਵਲ ਹਸਪਤਾਲ ਬੱਸੀ ਪਠਾਣਾ ਵਿਖੇ ਚੱਲ ਰਿਹਾ ਸੀ। ਅੱਜ ਸਵੇਰੇ ਦਰਦ ਹੋਣ 'ਤੇ ਜਦੋਂ ਉਹ ਹਸਪਤਾਲ 'ਚ ਗਈ ਤਾਂ ਮੌਕੇ 'ਤੇ ਮੌਜੂਦ ਡਾਕਟਰ ਵੱਲੋਂ ਉਸਦਾ ਕੋਰੋਨਾ ਟੈਸਟ ਕਰਨ ਤੋਂ ਬਾਅਦ ਹੀ ਡਿਲੀਵਰੀ ਕੇਸ ਨੂੰ ਹੱਲ ਕਰਨ ਦੀ ਗੱਲ ਕਹੀ ਗਈ। ਇਸ ਦੌਰਾਨ ਰੇਖਾ ਵੱਲੋਂ ਡਾਕਟਰਾਂ ਨੂੰ ਆਪਣੇ ਪੇਟ 'ਚ ਪਲ ਰਹੇ ਬੱਚੇ ਦੀ ਜ਼ਿੰਦਗੀ ਬਚਾਉਣ ਦੀ ਗੁਹਾਰ ਵੀ ਲਗਾਈ ਗਈ ਪਰ ਉਸਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਜਿਸ ਕਰਕੇ ਨਿਰਾਸ਼ ਹੋ ਕੇ ਰੇਖਾ ਆਪਣੇ ਘਰ ਵਾਪਸ ਆ ਗਈ। ਡਿਲੀਵਰੀ ਦੀ ਪੀੜਾ ਦੁਬਾਰਾ ਹੋਣ 'ਤੇ ਉਸਨੇ ਆਪਣੇ ਪਤੀ ਸੁਨੀਲ ਨੂੰ ਜਾਣਕਾਰੀ ਦਿੱਤੀ, ਜਿਸ ਨੇ ਆਪਣੇ ਮਾਲਕ ਅਨਿਲ ਨੂੰ ਇਸ ਬਾਰੇ ਸੂਚਿਤ ਕੀਤਾ। ਜਿਸ ਤੋਂ ਬਾਅਦ ਅਨਿਲ ਕੁਮਾਰ ਵੱਲੋਂ ਆਪਣੀ ਨਿੱਜੀ ਕਾਰ 'ਚ ਰੇਖਾ ਨੂੰ ਬਿਠਾ ਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਜਦੋਂ ਲੈ ਕੇ ਜਾ ਰਿਹਾ ਸੀ ਤਾਂ ਸੰਤ ਨਾਮਦੇਵ ਰੋਡ 'ਤੇ ਹੀ ਕਾਰ ਦੇ ਅੰਦਰ ਰੇਖਾ ਨੇ ਲਹੂ-ਲੁਹਾਨ ਹਾਲਤ 'ਚ ਬੱਚੀ ਨੂੰ ਜਨਮ ਦੇ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਪਿੰਡ ਦੀ ਨਬਾਲਗ ਕੁੜੀ ਨੂੰ ਭਜਾ ਕੇ ਲਿਜਾਣ ਵਾਲੇ ਆਸ਼ਿਕ ਨੂੰ ਦਿਲ ਦਹਿਲਾਉਣ ਵਾਲੀ ਸਜ਼ਾ (ਤਸਵੀਰਾਂ)

ਡਾਕਟਰਾਂ ਤੇ ਸਟਾਫ਼ 'ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ
ਪੀੜਤ ਪਰਿਵਾਰ ਵੱਲੋਂ ਇਸ ਘਟਨਾ ਸਬੰਧੀ ਹੈਲਪਲਾਈਨ 112 ਨੂੰ ਵੀ ਜਾਣਕਾਰੀ ਦੇ ਦਿੱਤੀ ਗਈੇ। ਅਨਿਲ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਧੀਆ ਸਿਹਤ ਸਹੂਲਤਾਂ ਦਿਵਾਉਣ ਦੇ ਦਾਅਵੇ ਕਰਦੀ ਆ ਰਹੀ ਹੈ ਪਰ ਬੱਸੀ ਪਠਾਣਾ 'ਚ ਇਨ੍ਹਾਂ ਦਾਅਵਿਆਂ ਦਾ ਕੋਈ ਵਜੂਦ ਨਹੀਂ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਹੈਪੀ ਅਤੇ ਭਾਜਪਾ ਦੇ ਐੱਸ. ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਿਹਤ ਸੇਵਾਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਿਤ ਡਾਕਟਰਾਂ ਅਤੇ ਸਟਾਫ਼ 'ਤੇ ਬਣਦੀ ਕਾਰਵਾਈ ਅਮਲ ਵਿਚ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਜੋਕੇ ਸਮੇਂ 'ਚ ਸਿਹਤ ਸਹੂਲਤਾਂ ਫੇਲ ਹੋ ਚੁੱਕੀਆਂ ਹਨ। 

ਇਹ ਵੀ ਪੜ੍ਹੋ : ਮੁਕਤਸਰ 'ਚ ਵੱਡੀ ਵਾਰਦਾਤ, ਪਤਨੀ ਦੇ ਸਾਹਮਣੇ ਬੇਰਹਿਮੀ ਨਾਲ ਪਤੀ ਦਾ ਕਤਲ

ਕੀ ਕਹਿਣਾ ਹੈ ਐੱਸ. ਐੱਮ. ਓ. ਦਾ
ਜਦੋਂ ਇਸ ਸਬੰਧੀ ਸਿਵਲ ਹਸਪਤਾਲ ਬੱਸੀ ਪਠਾਣਾ ਦੀ ਐੱਸ. ਐੱਮ. ਓ. ਡਾ. ਨਿਰਮਲ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਰੀਜ ਸਵੇਰੇ ਰੂਟੀਨ ਟੈਸਟ ਲਈ ਜ਼ਰੂਰ ਆਈ ਸੀ ਅਤੇ ਉਸ ਕੋਲ ਨਾ ਹੀ ਪਿਛਲੇ ਟੈਸਟ ਸਬੰਧੀ ਕੋਈ ਰਿਪੋਰਟ ਸੀ, ਜਿਸ ਕਰਕੇ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਉਸਨੂੰ ਕੋਰੋਨਾ ਟੈਸਟ ਕਰਵਾਉਣ ਬਾਰੇ ਕਿਹਾ ਗਿਆ ਸੀ ਜਿਸ ਤੋਂ ਬਾਅਦ ਉਹ ਵਾਪਸ ਚਲੀ ਗਈ। ਉਨ੍ਹਾਂ ਕਿਹਾ ਕਿ ਹਸਪਤਾਲ 'ਚ ਗਰਭਵਤੀ ਕੇਸ ਦੇਖਣ ਵਾਲਾ ਕੋਈ ਵੀ ਡਾਕਟਰ ਨਹੀਂ ਹੈ ਅਤੇ ਉਨ੍ਹਾਂ ਵੱਲੋਂ ਆਪਣੇ ਤੌਰ 'ਤੇ ਹੀ ਅਜਿਹੇ ਕੇਸਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਸਿਵਲ ਸਰਜਨ ਫ਼ਤਹਿਗੜ• ਸਾਹਿਬ ਨੂੰ ਵੀ ਜਾਣਕਾਰੀ ਹੈ। ਮਰੀਜ਼ ਵੱਲੋਂ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ 'ਤੇ ਲਗਾਏ ਗਏ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਜਦੋਂ ਇਸ ਸਬੰਧੀ ਬੱਸੀ ਪਠਾਣਾ ਦੇ ਇੱਕ ਨਿਜੀ ਹਸਪਤਾਲ ਦੇ ਡਾ. ਕੁਲਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦਾਖਲ ਰੇਖਾ ਰਾਣੀ ਅਤੇ ਉਸਦੀ ਬੱਚੀ ਦੀ ਹਾਲਤ ਇਸ ਸਮੇਂ ਠੀਕ ਹੈ।


Anuradha

Content Editor

Related News