ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਆਧਾਰ ''ਤੇ 10ਵੀਂ ਜਮਾਤ ਦੇ ਨਤੀਜੇ ਐਲਾਨਣ ਦੀ ਆਗਿਆ ਦੇਣ ਦੀ ਮੰਗ

04/29/2020 12:54:23 PM

ਮੋਹਾਲੀ (ਨਿਆਮੀਆਂ) : ਪੰਜਾਬ ਦੀ ਲਾਕ ਡਾਊਨ ਬਾਹਰ ਨਿਕਲਣ ਦੀ ਰਣਨੀਤੀ ਤਿਆਰ ਕਰਨ ਬਾਰੇ 20 ਮੈਂਬਰੀ ਮਾਹਿਰ ਕਮੇਟੀ ਵਲੋਂ ਇਕ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ ਗਈ। ਰਿਪੋਰਟ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਲਈ ਜਾਣ ਵਾਲੀ ਪ੍ਰੀਖਿਆ ਸਬੰਧੀ ਸਿਫਾਰਸ਼ ਕੀਤੀ ਕਿ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਆਧਾਰ 'ਤੇ 10ਵੀਂ ਜਮਾਤ ਦੇ ਨਤੀਜੇ ਐਲਾਨਣ ਦੀ ਆਗਿਆ ਦਿੱਤੀ ਜਾਵੇ। ਇਹ ਵੀ ਕਿਹਾ ਗਿਆ ਕਿ ਇਸ ਨਾਲ ਵਿਦਿਆਰਥੀ ਅਗਲੀ ਜਮਾਤ ਦੀ ਆਪਣੀ ਪੜ੍ਹਾਈ ਸ਼ੁਰੂ ਕਰ ਸਕਣਗੇ।

ਇਸ ਸਮੇਂ ਦੌਰਾਨ ਸਕੂਲ ਵੀ 11ਵੀਂ ਜਮਾਤ ਵਿਚ ਵਿਦਿਆਰਥੀਆਂ ਦਾ ਦਾਖਲਾ ਕਰ ਸਕਣਗੇ। ਕਮੇਟੀ ਵਲੋਂ ਇਹ ਵੀ ਕਿਹਾ ਗਿਆ ਕਿ 12ਵੀਂ ਜਮਾਤ ਦੀਆਂ 70 ਫੀਸਦੀ ਪ੍ਰੀਖਿਆਵਾਂ ਪਹਿਲਾਂ ਹੀ ਕਰਵਾਈਆਂ ਜਾ ਚੁੱਕੀਆਂ ਹਨ। ਬੋਰਡ ਆਪਸੀ ਦੂਰੀਆਂ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦਿਆਂ ਹੋਰ ਸੈਂਟਰ ਬਣਾ ਕੇ ਬਾਕੀ ਪ੍ਰੀਖਿਆਵਾਂ ਕਰਵਾਉਣ ਬਾਰੇ ਵਿਚਾਰ ਕਰ ਸਕਦਾ ਹੈ। ਕਮੇਟੀ ਨੇ ਇਹ ਵੀ ਕਿਹਾ ਕਿ ਆਨਲਾਈਨ ਪ੍ਰੀਖਿਆਵਾਂ ਨਾ ਲਈਆਂ ਜਾਣ। ਸਿੱਖਿਆ ਵਿਭਾਗ ਨੂੰ ਸਿਲੇਬਸ ਦੀਆਂ ਕਿਤਾਬਾਂ ਸਬੰਧੀ ਕਿਹਾ ਗਿਆ ਕਿ ਜਿੰਨਾਂ ਹੋ ਸਕੇ ਛੇਤੀ ਤੋਂ ਛੇਤੀ ਛਾਪੀਆਂ ਜਾਣ, ਤਾਂ ਜੋ 15 ਦਿਨਾਂ ਦੇ ਅੰਦਰ ਸਕੂਲਾਂ ਵਿਚ ਪਹੁੰਚਾਈਆਂ ਜਾ ਸਕਣ। ਲਾਕਡਾਊਨ ਵਿਚ ਡਿਪਟੀ ਕਮਿਸ਼ਨਰਾਂ ਵਲੋਂ ਕੁਝ ਢਿੱਲ ਦੇਣ ਨਾਲ ਸਾਵਧਾਨੀ ਵਰਤਦੇ ਹੋਏ ਇਨ੍ਹਾਂ ਨੂੰ ਵਿਦਿਆਰਥੀਆਂ ਤਕ ਪਹੁੰਚਾਇਆ ਜਾ ਸਕਦਾ ਹੈ।
 


Babita

Content Editor

Related News