ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਬਾਜਵਾ ਨੇ ਲਿਖੀ ਕੈਪਟਨ ਨੂੰ ਚਿੱਠੀ
Monday, Aug 12, 2019 - 07:22 PM (IST)

ਚੰਡੀਗੜ੍ਹ : ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿੱਖ ਕੇ ਪਠਾਨਕੋਟ 'ਚ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਤੋਂ ਜਾਣੂ ਕਰਵਾਇਆ ਹੈ। ਬਾਜਵਾ ਨੇ ਕੈਪਟਨ ਨੂੰ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖਿਲਾਫ ਤੁਰੰਤ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਬਾਜਵਾ ਨੇ ਕਿਹਾ ਕਿ ਮਾਈਨਿੰਗ ਮਾਫੀਆ ਵਲੋਂ ਵੱਡੇ ਪੱਧਰ 'ਤੇ ਰੇਲਵੇ ਪੁੱਲ ਦੇ ਕਿਨਾਰੇ ਤੋਂ 100 ਫੁੱਟ ਹੇਠਾਂ ਤੱਕ ਚੱਕੀ ਨਦੀ 'ਚ ਡੂੰਘੀਆਂ ਖੱਡਾਂ ਕੱਢੀਆਂ ਗਈਆਂ ਹਨ ਅਤੇ ਇਹ ਖੱਡਾਂ ਪਠਾਨਕੋਟ ਜ਼ਿਲੇ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਨਾਲ ਜੋੜਨ ਵਾਲੇ ਪੁੱਲ ਲਈ ਖਤਰਾ ਬਣ ਗਈਆਂ ਹਨ। ਉਨ੍ਹਾਂ ਕਿਹਾ ਨਾਜਾਇਜ਼ ਮਾਈਨਿੰਗ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ, ਲਿਹਾਜ਼ਾ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇ ਕੇ ਤੁਰੰਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ।