ਬਾਜਵਾ ਨੇ ਚੁੱਕਿਆ ਲੋਕਾਂ ਦੀ ਜਾਨ ਨਾਲ ਹਵਾਈ ਜਹਾਜ਼ਾਂ ''ਚ ਹੋ ਰਹੇ ਖਿਲਵਾੜ ਦਾ ਮੁੱਦਾ

Thursday, Feb 06, 2020 - 08:37 PM (IST)

ਬਾਜਵਾ ਨੇ ਚੁੱਕਿਆ ਲੋਕਾਂ ਦੀ ਜਾਨ ਨਾਲ ਹਵਾਈ ਜਹਾਜ਼ਾਂ ''ਚ ਹੋ ਰਹੇ ਖਿਲਵਾੜ ਦਾ ਮੁੱਦਾ

ਗੁਰਦਾਸਪੁਰ,(ਹਰਮਨ)-ਕਾਂਗਰਸ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਦੇਸ਼ ਦੇ ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਪੱਤਰ ਲਿਖ ਕੇ ਹਵਾਈ ਜਹਾਜ਼ਾਂ ਵਿਚ ਸਫਰ ਕਰਦੇ ਲੱਖਾਂ ਦੇਸ਼ ਵਾਸੀਆਂ ਦੀ ਜਾਨ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਦੀ ਮੰਗ ਕੀਤੀ ਹੈ। ਇਸ ਪੱਤਰ ਰਾਹੀਂ ਬਾਜਵਾ ਨੇ 24 ਜਨਵਰੀ ਨੂੰ ਮੁੰਬਈ ਤੋਂ ਹੈਦਰਾਬਾਦ ਲਈ ਉਡਾਨ ਭਰਨ ਵਾਲੇ ਇੰਡੀਗੋ ਕੰਪਨੀ ਦੇ ਜਹਾਜ਼ ਏ. 320 ਨੀਊ ਦੇ ਇੰਜਣ 'ਚ ਆਈ ਤਕਨੀਕੀ ਖਰਾਬੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਜਹਾਜ਼ ਵਿਚ ਆਈ ਖਰਾਬੀ ਨਾਲ ਜਹਾਜ਼ ਨੂੰ ਵਾਪਸ ਮੁੰਬਈ ਆ ਕੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ। ਪਿਛਲੇਂ 2 ਸਾਲਾਂ ਦੌਰਾਨ ਇਹ 22ਵਾਂ ਮਾਮਲਾ ਹੈ ਜਦੋਂ ਇੰਡੀਗੋ ਦੇ ਜਹਾਜ਼ 'ਚ ਅਜਿਹੀ ਤਕਨੀਕੀ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਵਲ ਐਵੀਏਸ਼ਨ ਦੇ ਡਾਇਰੈਕਟਰ ਜਨਰਲ ਨੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 31 ਜਨਵਰੀ 2020 ਤੱਕ ਅਜਿਹੇ ਸਾਰੇ ਜਹਾਜ਼ਾਂ ਵਿਚ ਮੋਡੀਫਾਈਡ ਇੰਜਣ ਲਾਉਣ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਸੀ ਪਰ ਇਸ ਸਮਾਂ ਸੀਮਾ ਨੂੰ ਹੁਣ 5 ਮਹੀਨਿਆਂ ਤੱਕ ਵਧਾ ਦਿੱਤਾ ਗਿਆ ਹੈ ਜਦਕਿ ਯੂਰਪੀਅਨ ਯੂਨੀਅਨ ਐਵੀਏਸ਼ਨ ਸੇਫਟੀ ਏਜੰਸੀ ਨੇ ਦਸੰਬਰ 2019 ਵਿਚ ਵੀ ਅਜਿਹੇ ਜਹਾਜ਼ਾਂ ਸਬੰਧੀ ਚਿਤਾਵਨੀ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਮੌਜੂਦਾ ਸਮੇਂ ਦੌਰਾਨ ਬਹੁ-ਗਿਣਤੀ ਜਹਾਜ਼ ਇਸ ਖਤਰੇ ਨੂੰ ਨਜ਼ਰਅੰਦਾਜ਼ ਕਰ ਕੇ ਸਿਰਫ ਇਸ ਭਰੋਸੇ ਉਡਾਨ ਭਰ ਰਹੇ ਹਨ ਕਿ ਇਹ ਇੰਜਣ ਖਰਾਬ ਨਹੀਂ ਹੋਣਗੇ। ਇਸ ਕਾਰਣ ਸਥਿਤੀ ਇਹ ਬਣੀ ਹੋਈ ਹੈ ਕਿ ਇੰਡੀਗੋ ਦੇ ਕਰੀਬ 70 ਜਹਾਜ਼ਾਂ ਵਿਚ ਅਜੇ ਵੀ ਇਹ ਇੰਜਣ ਬਦਲਣੇ ਬਾਕੀ ਹਨ। ਉਨ੍ਹਾਂ 29 ਦਸੰਬਰ 2018 ਨੂੰ ਲਾਇਨ ਏਅਰ ਫਲਾਈਟ 610 ਨਾਲ ਵਾਪਰੇ ਹਾਦਸੇ ਸਮੇਤ ਬੋਇੰਗ 737 ਮੈਕਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਦੇਸ਼ ਅੰਦਰ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਸਰਕਾਰ ਨੂੰ ਇਹ ਯਾਦ ਰੱਖਣ ਦੀ ਵੀ ਲੋੜ ਹੈ ਕਿ ਦੇਸ਼ ਵਿਚ ਬਾਹਰੋਂ ਆਉਣ ਵਾਲੇ ਯਾਤਰੀਆਂ ਸਮੇਤ ਦੇਸ਼ ਦੇ ਆਪਣੇ ਲੋਕਾਂ ਦੀ ਜਾਨ-ਮਾਲ ਨਾਲ ਹੋ ਰਹੇ ਖਿਲਵਾੜ ਨੂੰ ਰੋਕਣਾ ਜ਼ਰੂਰੀ ਹੈ। ਉਨ੍ਹਾਂ ਸਬੰਧਤ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਅਹਿਮ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ।


Related News