ਪ੍ਰਤਾਪ ਬਾਜਵਾ ਦਾ ਦਾਅਵਾ, ਜਲੰਧਰ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਦੀ ਸਿਆਸਤ ’ਚ ਹੋਵੇਗਾ ਵੱਡਾ ਫੇਰਬਦਲ
Saturday, Jun 22, 2024 - 06:39 PM (IST)
ਜਲੰਧਰ- ਜਲੰਧਰ ਦੀ ਜ਼ਿਮਨੀ ਚੋਣ ਵਿਚਾਲੇ ਕਾਂਗਰਸ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਬਾਰੇ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਸ਼ੀਤਲ ਅੰਗੁਰਾਲ, ਰਿੰਕੂ ਅਤੇ ਸੱਤਾ ਧਿਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਭਾਜਪਾ ਸਭ ਗੈਰ-ਸੰਵਿਧਾਨਕ ਕਰ ਰਹੀ ਹੈ। ਜਿਸ ਵਿਅਕਤੀ ਨੇ ਆਪ੍ਰੇਸ਼ਨ ਲੋਟਸ ਦੇ ਦੋਸ਼ ਲਾਏ, ਅੱਜ ਉਹੀ ਸ਼ੀਤਲ ਅੰਗਰਾਲ ਉਨ੍ਹਾਂ ਦਾ ਉਮੀਦਵਾਰ ਹੈ। ਉਨ੍ਹਾਂ ਲੀਡਰਾਂ ’ਤੇ ਪੈਸੇ ਖਾਤਿਰ ਵਿਕਣ ਦੇ ਵੀ ਦੋਸ਼ ਲਾਏ। ਬਾਜਵਾ ਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਜਲੰਧਰ ਦੀ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਵੱਡਾ ਫੇਰਬਦਲ ਹੋਵੇਗਾ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-
ਜਿੱਤੇ ਵਿਅਕਤੀ ਅਸਤੀਫ਼ਾ ਦੇ ਜਾਂਦੇ ਹਨ, ਤੁਸੀਂ ਮੰਨਦੇ ਹੋ ਇਸ ਬਾਰੇ ਵੀ ਕੋਈ ਕਾਨੂੰਨ ਬਣਨਾ ਚਾਹੀਦਾ ਹੈ?
ਸਾਡੇ ਕਾਨੂੰਨ ’ਚ ਕਾਫ਼ੀ ਕਮੀਆਂ ਹਨ। ਮੈਂ ਖ਼ੁਦ ਮੰਨਦਾ ਹਾਂ। ਚੋਣ ਕਮਿਸ਼ਨ ਕਿਸੇ ਗੱਲ ਨੂੰ ਸੀਰੀਅਸ ਹੀ ਨਹੀਂ ਲੈ ਰਿਹਾ। ਜਲੰਧਰ ਵੈਸਟ ਦੀ ਗੱਲ ਕਰ ਲਈਏ ਤਾਂ ਇਥੇ ਪਹਿਲਾਂ ‘ਆਪ’ਨੇ ਸ਼ੀਤਲ ਅੰਗੁਰਾਲ ਨੂੰ ਟਿਕਟ ਦਿੱਤੀ। ਅੰਗੁਰਾਲ ਨੇ ਐੱਮ. ਐੱਲ. ਏ. ਬਣਦੇ ਸਾਰ ਹੀ ਭਾਜਪਾ ’ਤੇ ਦੋਸ਼ ਲਗਾਏ ਕਿ ਭਾਜਪਾ ਵਿਧਾਇਕਾਂ ਨੂੰ ਖ਼ਰੀਦਣ ਦੀ ਗੱਲ ਕਰ ਰਹੀ ਹੈ। ਉਸ ਨੇ ਇਥੋਂ ਤਕ ਕਿਹਾ ਕਿ ਭਾਜਪਾ ਇਕ ਐੱਮ. ਐੱਲ. ਏ. ਨੂੰ 25 ਕਰੋੜ ਤਕ ਆਫਰ ਕਰ ਰਹੀ ਹੈ। ਇਸ ’ਤੇ ‘ਆਪ’ਨੇ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਹ ਮੁੱਦਾ ਚੁੱਕਿਆ ਅਤੇ ਫਿਰ ਪਰਚਾ ਵੀ ਦਰਜ ਕਰਵਾ ਦਿੱਤਾ। ਇਸ ਦੇ ਬਾਵਜੂਦ ਭਾਜਪਾ ਨੇ ਇਸ ਨੂੰ ਨਾ ਸਿਰਫ਼ ਆਪਣੀ ਪਾਰਟੀ ਵਿਚ ਸ਼ਾਮਲ ਕਰ ਲਿਆ ਸਗੋਂ ਉਸ ਤੋਂ ਅਸਤੀਫ਼ਾ ਦਿਵਾ ਕੇ ਹੁਣ ਮੁੜ ਉਹੀ ਉਮੀਦਵਾਰ ਵੀ ਐਲਾਨ ਦਿੱਤਾ, ਕੀ ਇਸ ਤੋਂ ਵੱਧ ਕੁਝ ਗੈਰ-ਸੰਵਿਧਾਨਕ ਹੋ ਸਕਦਾ ਹੈ। ਸ਼ੀਤਲ ਨੂੰ ਲੋਕਾਂ ਨੇ ਢਾਈ ਸਾਲ ਪਹਿਲਾਂ ਵਿਧਾਇਕ ਚੁਣਿਆ ਅਤੇ ਹੁਣ ਫਿਰ ਉਨ੍ਹਾਂ ਦੇ ਅਸਤੀਫ਼ੇ ਮਗਰੋਂ ਲੋਕਾਂ ਦੇ ਕਰੋੜਾਂ ਰੁਪਏ ਨਾਲ ਦੁਬਾਰਾ ਚੋਣਾਂ ਹੋਣ ਜਾ ਰਹੀਆਂ ਹਨ। ਖ਼ੁਦ ਸ਼ੀਤਲ ਨੂੰ ਹੁਣ ਦੱਸਣਾ ਚਾਹੀਦਾ ਹੈ ਕਿ ਆਖਿਰ ਜਿਸ ਪਾਰਟੀ ’ਤੇ ਉਹ ਦੋਸ਼ ਲਗਾ ਰਹੇ ਸਨ, ਉਹ ਉਸੇ ਦੇ ਉਮੀਦਵਾਰ ਕਿਵੇਂ ਬਣ ਗਏ।
ਇਹ ਵੀ ਪੜ੍ਹੋ- ਅੱਤਵਾਦੀ ਲੰਡਾ ਦੇ ਸਾਥੀਆਂ ਦਾ ਵੱਡਾ ਖ਼ੁਲਾਸਾ, ਚੋਹਲਾ ਸਾਹਿਬ ’ਚ ਵੀ 1 ਕਰੋੜ ਦੀ ਫਿਰੌਤੀ ਮੰਗਣ ਮਗਰੋਂ ਕੀਤੀ ਫਾਇਰਿੰਗ
ਸ਼ੀਤਲ ਤਾਂ ਕਹਿੰਦੇ ਨੇ ਮੈਨੂੰ ਪਾਰਟੀ ਨੇ ਸਕ੍ਰਿਪਟ ਦਿੱਤੀ ਮੈਂ ਬੋਲ ਦਿੱਤਾ, ਇਸ ਬਿਆਨ ਨੂੰ ਕਿਵੇਂ ਵੇਖਦੇ ਹੋ।
ਉਸ ਵੇਲੇ ਸ਼ੀਤਲ ਨੇ ਇਹ ਗੱਲ ਕਿਉਂ ਆਖੀ, ਕੀ ਸ਼ੀਤਲ ਇੰਨੇ ਸਟੈਂਡ ਜੋਗਾ ਵੀ ਨਹੀਂ ਕਿ ਉਸ ਨੂੰ ਆਪਣੀ ਕੋਈ ਸਮਝ ਹੀ ਨਹੀਂ ਹੈ। ਉਸ ਨੂੰ ਕੋਈ ਕੁਝ ਵੀ ਆਖੇ ਅਤੇ ਉਹ ਬੋਲ ਦੇਵੇਗਾ। ਮੈਨੂੰ ਤਾਂ ਲੱਗਦਾ ਹੈ ਕਿ ਸ਼ੀਤਲ ਨੇ ਹੁਣ 6 ਮਹੀਨੇ ਬਾਅਦ ਫਿਰ ਆਖ ਦੇਣਾ ਕਿ ਭਾਜਪਾ ਨੇ ਮੈਨੂੰ ਈ. ਡੀ. ਦਾ ਡਰ ਵਿਖਾ ਕੇ ਆਪਣੀ ਪਾਰਟੀ ਵਿਚ ਸ਼ਾਮਲ ਕਰ ਲਿਆ। ਇਸ ਤਰ੍ਹਾਂ ਦੇ ਲੋਕ ਵੋਟ ਲੈਣ ਦੇ ਹੱਕਦਾਰ ਨਹੀਂ। ਜਦ ਚੌਧਰੀ ਸਾਹਿਬ ਦੀ ਮੌਤ ਮਗਰੋਂ ਜਲੰਧਰ ਵਿਚ ਜ਼ਿਮਨੀ ਚੋਣ ਹੋਈ ਸੀ ਤਾਂ ਉਸ ਵੇਲੇ ਸੂਬੇ ਦੇ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਜਲੰਧਰ ਦੇ ਲੋਕਾਂ ਨੂੰ ਬਹੁਤ ਸੁਫ਼ਨੇ ਵਿਖਾਏ ਸਨ। ਅੱਜ ਸਭ ਤੋਂ ਵੱਧ ਗੰਦਗੀ ਸ਼ਹਿਰ ਵਿਚ ਹੈ। ਪਾਣੀ ਦਾ ਬੁਰਾ ਹਾਲ ਹੈ। ਸਪੋਰਟਸ ਯੂਨੀਵਰਸਿਟੀ ਦਾ ਵਾਅਦਾ ਤਾਂ ਕੀਤਾ ਗਿਆ ਪਰ ਅੱਜ ਤਕ ਇਕ ਇੱਟ ਵੀ ਨਹੀਂ ਰੱਖੀ ਗਈ। ਔਰਤਾਂ ਅਤੇ ਹੋਰ ਵਰਗਾਂ ਨਾਲ ਵਾਅਦੇ ਕੀਤੇ ਪਰ ਹੋਇਆ ਕੁਝ ਵੀ ਨਹੀਂ। ਭਗਵੰਤ ਮਾਨ ਨੇ ਇਹ ਸਭ ਤੋਂ ਵੱਡੀ ਸਿਆਸੀ ਗਲਤੀ ਕੀਤੀ ਹੈ। ਭਗਵੰਤ ਮਾਨ ਹੁਣ ਖ਼ੁਦ ਜਲੰਧਰ ਆ ਗਿਆ, ਜੇਕਰ ਤੁਸੀਂ ਚਾਹੁੰਦੇ ਹੋ ਕਿ ਅਜਿਹੀ ਸਰਕਾਰ ਜੋ ਖ਼ੁਦ ਇਹ ਮੰਨ ਰਹੀ ਹੈ ਕਿ ਅਸੀਂ ਨਸ਼ਿਆਂ ਦੇ ਵੱਡੇ ਦਰਿਆ ਨੂੰ ਰੋਕ ਨਹੀਂ ਪਾ ਰਹੇ, ਉਹ ਖ਼ੁਦ ਕਹਿ ਰਹੇ ਹਨ ਕਿ ਮੇਰੇ ਸਾਰੇ ਅਧਿਕਾਰੀ ਭ੍ਰਿਸ਼ਟ ਹਨ, ਜਿਸ ਕਾਰਨ ਅਸੀਂ 10 ਹਜ਼ਾਰ ਪੁਲਸ ਵਾਲਿਆਂ ਦੀਆਂ ਬਦਲੀਆਂ ਕਰ ਰਹੇ ਹਾਂ, ਹੋਮ ਵਿਭਾਗ ਦੇ ਖੁਦ ਇੰਚਾਰਜ ਹੋਣ ’ਤੇ ਕੀ ਇਹ ਜ਼ਿੰਮੇਵਾਰੀ ਉਨ੍ਹਾਂ ਦੀ ਨਹੀਂ ਬਣਦੀ ਸੀ।
ਹੁਣ ਕਾਂਗਰਸ ’ਚ ਬਗਾਵਤ ਮਗਰੋਂ ਪ੍ਰਧਾਨਗੀ ਦੀ ਦੌੜ ਸ਼ੁਰੂ ਹੋ ਗਈ ਹੈ। ਕੀ ਬਦਲਾਅ ਹੋ ਸਕਦਾ ਹੈ।
ਅਜੇ ਇਸ ਤਰ੍ਹਾਂ ਦੀ ਕੋਈ ਵੀ ਤਬਦੀਲੀ ਦਾ ਚਾਂਸ ਨਹੀਂ ਹੈ। ਇਸ ਵੇਲੇ ਅਜਿਹਾ ਕੋਈ ਬਦਲਾਅ ਨਹੀਂ ਹੈ ਅਤੇ ਇਸ ਵੇਲੇ ਅਸੀਂ 18 ਤੋਂ 38 ਤੱਕ ਆ ਗਏ ਹਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਅੱਜ ਤੋਂ 2019 ਤੱਕ ਦਾ ਵਿਸ਼ਲੇਸ਼ਣ ਹੀ ਕਰਨਾ ਹੈ ਤਾਂ 2019 ਵਿਚ ‘ਆਪ’ਕੋਲ 1 ਸੀਟ ਸੰਗਰੂਰ ਦੀ ਸੀ, ਜਿੱਥੇ 'ਆਪ' ਕੋਲ 7 ਫ਼ੀਸਦੀ ਵੋਟਾਂ ਸਨ। ਢਾਈ ਸਾਲਾਂ ਵਿਚ ਜਦੋਂ ਤੱਕ 2022 ਆਇਆ। ਉਨ੍ਹਾਂ ਨੇ ਆਪਣਾ ਵੋਟ 7 ਤੋਂ 42 ਫ਼ੀਸਦੀ ਕਰ ਲਿਆ। ਇਹੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਤਾਂ ਪਹਿਲਾਂ ਤੋਂ ਹੀ 27 ਫ਼ੀਸਦੀ ’ਤੇ ਹਾਂ। ਉਹ 7 ਤੋਂ 42 ’ਤੇ ਆ ਗਏ ਸਨ। ਅਸੀਂ ਇਥੋਂ 42-43 ਤੱਕ ਜਾਣਾ ਹੈ ਅਤੇ ਜਿਉਂ-ਜਿਉਂ ‘ਆਪ’ਡਿੱਗਣੀ ਹੈ। ਦੇਸ਼ ਭਰ ਵਿਚ ‘ਆਪ’ਹੇਠਾਂ ਵੱਲ ਆ ਰਹੀ ਹੈ। ਹਰਿਆਣਾ, ਦਿੱਲੀ, ਗੁਜਰਾਤ ’ਚ ਪਾਰਟੀ ਦਾ ਗ੍ਰਾਫ਼ ਡਿੱਗ ਗਿਆ ਹੈ। ਪੂਰੇ ਹਿੰਦੁਸਤਾਨ ਵਿਚ ਇਨ੍ਹਾਂ ਦੀਆਂ ਵਿਕਟਾਂ ਡਿੱਗਣ ਲੱਗੀਆਂ ਹਨ। ਇਸ ਤੋਂ ਮੈਂ ਸਮਝਦਾ ਹਾਂ ਕਿ ਇਨ੍ਹਾਂ ਦਾ ਇਹ ਲਾਸਟ ਪੈਟਰਨ ਰਹਿ ਗਿਆ, ਜਿਸ ਵਿਚੋਂ ਰਿਕਵਰੀ ਦਾ ਕੋਈ ਮੌਕਾ ਨਹੀਂ ਕਿਉਂਕਿ ਇਨ੍ਹਾਂ ਦਾ ਵੱਡਾ ਪਲੇਅਰ ਜਿਹੜਾ ਮੈਨੂੰ ਨਜ਼ਰ ਆ ਰਿਹਾ ਹੈ, ਇਸ ਨੂੰ ਤਬਦੀਲ ਕਰਨਾ ਪਵੇਗਾ।
ਇਹ ਵੀ ਪੜ੍ਹੋ- ਹੈਰਾਨੀਜਨਕ ਖ਼ੁਲਾਸਾ: ਹਵਾ ਦੇ ਪ੍ਰਦੂਸ਼ਣ ਨਾਲ ਭਾਰਤ ’ਚ ਹੋਈਆਂ 23 ਲੱਖ ਮੌਤਾਂ, ਸੰਤ ਸੀਚੇਵਾਲ ਨੇ ਜਤਾਈ ਚਿੰਤਾ
ਭਾਜਪਾ ਦੇ ਜਿਵੇਂ ਪੰਜਾਬ ਵਿਚ ਪੈਰ ਪਸਰ ਰਹੇ ਹਨ, ਇਸ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ?
ਇਨ੍ਹਾਂ ਦਾ ਪੈਰ ਇਕ ਮੁੱਦੇ ’ਤੇ ਹੀ ਵਧਿਆ ਹੈ ਅਤੇ ਉਹ ਹੈ ਧਰਮ ਦੀ ਸਿਆਸਤ। ਇਨ੍ਹਾਂ ਨੂੰ 42 ਹਜ਼ਾਰ ਵੋਟ ਪਈ ਹੈ ਅਤੇ ਹੁਣ ਇਹ 30 ਹਜ਼ਾਰ ਨਹੀਂ ਪਾਰ ਕਰਦੇ! ਤੁਹਾਡੇ ਸਾਹਮਣੇ 15 ਦਿਨਾਂ ’ਚ ਨਤੀਜੇ ਆ ਜਾਣੇ ਹਨ। ਅਜੇ ਤਾਂ 15 ਦਿਨ ਹੀ ਹੋਏ ਹਨ ਚੋਣਾਂ ਹੋਈਆਂ ਨੂੰ। ਇਨ੍ਹਾਂ ਨੂੰ ਘੱਟੋ-ਘੱਟ 42000 ਵੋਟ ਰੀਟੇਨ ਤਾਂ ਕਰਨੀ ਚਾਹੀਦੀ ਹੈ। ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਇਨ੍ਹਾਂ ਦੀ ਵੋਟ 30 ਤੋਂ 32 ਹਜ਼ਾਰ ’ਤੇ ਆ ਜਾਣੀ ਹੈ। ਸਰਕਾਰ ਨੇ ਸਾਰਾ ਪੁਲਸ, ਗੁੰਡਾਗਰਦੀ ਤੇ ਪੈਸੇ ਦਾ ਜ਼ੋਰ ਅਜ਼ਮਾਉਣਾ ਹੈ। ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਹਾਂ ਕਿ ਭਾਜਪਾ ਨੇ 12-12 ਕਰੋੜ ਰੁਪਏ ਪਾਰਲੀਮੈਂਟ ਦੀਆਂ ਚੋਣਾਂ ਵਿਚ ਉਮੀਦਵਾਰਾਂ ਨੂੰ ਦਿੱਤਾ। ਕੋਈ ਤਾਮ-ਜਾਮ ਤੇ ਪੈਸੇ ਵੱਲੋਂ ਕਮੀ ਤਾਂ ਨਹੀਂ ਰਹਿਣ ਦਿੱਤੀ ਤੇ ਨਾ ਹੁਣ ਭਾਜਪਾ ਵਾਲੇ ਰਹਿਣ ਦੇਣਗੇ ਪਰ ਭਾਜਪਾ 30 ਤੋਂ 32 ਹਜ਼ਾਰ ਵੋਟ ’ਤੇ ਆ ਜਾਵੇਗੀ। ਇਨ੍ਹਾਂ ਦਾ 10 ਹਜ਼ਾਰ ਵੋਟਾਂ ਦਾ ਗ੍ਰਾਫ ਹੇਠਾਂ ਆ ਜਾਵੇਗਾ। ‘ਆਪ’ ਥੋੜ੍ਹੀ-ਬਹੁਤੀ ਵੋਟ ਜ਼ਰੂਰ ਵਧਾਏਗੀ ਪਰ 15 ਤੋਂ 45 ਹਜ਼ਾਰ ਤਕ ਕਿਸ ਤਰ੍ਹਾਂ ਪਹੁੰਚੇਗੀ। 3 ਗੁਣਾ ਵੋਟਾਂ ਕਿਸ ਤਰ੍ਹਾਂ ਵਧਾਵੇਗੀ, 15 ਤੋਂ 45 ਤੱਕ ਪਹੁੰਚਣ ਦਾ ਚਾਂਸ ਹੀ ਕੋਈ ਨਹੀਂ। ਹੁਣ ਲੋਕਾਂ ਨੇ ਵੀ ਮਨ ਬਣਾ ਲਿਆ ਹੈ ਕਿ ਭਗਵੰਤ ਨੂੰ ਤੇ ‘ਆਪ’ ਨੂੰ ਡਿਸਪੈਚ ਆਫ ਕਰਨਾ ਹੈ। ਮੇਰੀ ਇਹ ਸਿਆਸਤਦਾਨ ਹੋਣ ਵਜੋਂ ਸੋਚ ਹੈ ਕਿ ਇਸ ਮੁਕਾਬਲੇ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਦੇ ਤੌਰ ’ਤੇ ਟਿਕ ਨਹੀਂ ਪਾਏਗਾ। ਹਾਈਕਮਾਨ ਮੁੱਖ ਮੰਤਰੀ ਬਦਲਣਗੇ ਅਤੇ ਨਵੀਂ ਤਬਦੀਲੀ ਤੇ ਨਵਾਂ ਐਕਸਪੈਰੀਮੈਂਟ ਕਰਨਗੇ ਕਿਉਂਕਿ ਇਹ ਐਕਸਪੈਰੀਮੈਂਟ ਤੇ ਤਬੀਦੀਲੀ ਪੰਜਾਬ ਵਿਚ ਫੇਲ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਜਲੰਧਰ ਦੀ PAP ਗਰਾਊਂਡ 'ਚ ਲੱਗੀਆਂ ਰੌਣਕਾਂ, ਪੁਲਸ ਮੁਲਾਜ਼ਮਾਂ ਨੇ ਟਰੇਨਿੰਗ ਵਾਲੇ ਬੱਚਿਆਂ ਨਾਲ ਪਾਇਆ ਭੰਗੜਾ
‘ਨਸ਼ੇ ਤੇ ਸੱਟੇ ਦਾ ਅੱਡਾ ਹੈ ਜਲੰਧਰ ਵੈਸਟ’
ਜਲੰਧਰ ਵੈਸਟ ਵਿਚ ਸਭ ਤੋਂ ਵੱਧ ਦੜੇ ਤੇ ਨਸ਼ੇ ਦਾ ਕੰਮ ਹੈ। ਇਥੋਂ ਦੀ ਸਿਆਸਤ ਜ਼ਿਆਦਾਤਰ ਸੈਂਟਰਲ ਜੇਲ ਜਲੰਧਰ ਤੋਂ ਚਲਦੀ ਹੈ ਜੋ ਗੈਂਗਸਟਰ ਚਲਾਉਂਦੇ ਹਨ। ਜੋ 2 ਉਮੀਦਵਾਰ ਹਨ ਇਸ ਵੇਲੇ, ਇਕ ਐੱਮ. ਪੀ. ਰਿਹਾ ਅਤੇ ਇਕ ਐੱਮ. ਐੱਲ. ਏ., ਇਨ੍ਹਾਂ ਬਾਰੇ ਤੁਸੀਂ ਕਿਸੇ ਅਧਿਕਾਰੀ ਨਾਲ ਗੱਲ ਕਰਕੇ ਵੇਖ ਲਓ, ਉਹ ਤਾਂ ਖ਼ੁਦ ਹੈਰਾਨ ਹਨ ਕਿ ਭਾਜਪਾ ਨੂੰ ਇਨ੍ਹਾਂ ਤੋਂ ਇਲਾਵਾ ਕੋਈ ਉਮੀਦਵਾਰ ਨਹੀਂ ਲੱਭਿਆ। ਮੈਂ ਜਲੰਧਰ ਦੇ ਵੋਟਰਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਕਿ ਜਿਸ ਆਦਮੀ ਨੇ ਪਹਿਲਾਂ ਕਾਂਗਰਸ ਛੱਡੀ ਤੇ 'ਆਪ' ਵਿਚ ਸ਼ਾਮਲ ਹੋਇਆ। ਪਹਿਲੀ ਵਾਰ ਮੈਂ ਵੇਖਿਆ ਕਿ ਇਕ ਸੀਟਿੰਗ ਐੱਮ. ਪੀ. ਹੋਵੇ, ਮੁੜ ਉਮੀਦਵਾਰ ਐਲਾਨ ਦਿੱਤਾ ਗਿਆ ਹੋਵੇ ਅਤੇ ਫਿਰ ਉਹ ਆਪਣੀ ਸੀਟ ਛੱਡ ਕੇ ਪੈਸੇ ਲੈ ਕੇ ਭਾਜਪਾ ਵਿਚ ਸ਼ਾਮਲ ਹੋ ਗਿਆ ਹੋਵੇ, ਉਸ ਨੂੰ ਲੋਕਾਂ ਨੇ ਵੱਡੇ ਫਰਕ ਨਾਲ ਹਰਾ ਦਿੱਤਾ।
ਭਾਜਪਾ ਬਾਰੇ ਤਾਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਉਸਨੇ ਆਪਣੇ ਹਰ ਉਮੀਦਵਾਰ ਨੂੰ 12 ਕਰੋੜ ਰੁਪਏ ਦਿੱਤਾ ਹੈ। ਭਾਜਪਾ ਨੇ ਕੀ ਉਮੀਦਵਾਰ ਐਲਾਨਣ ਸਮੇਂ ਇਕ ਵਾਰ ਵੀ ਨਹੀਂ ਸੋਚਿਆ ਆਹ ਕਿਸ ਤਰ੍ਹਾਂ ਦੇ ਉਮੀਦਵਾਰ ਲੈ ਆਂਦੇ। ਜਾਖੜ ਸਾਹਿਬ ਤਾਂ ਬੜੇ ਅਸੂਲਾਂ ਦੀ ਗੱਲ ਕਰਦੇ ਹਨ, ਪਰ ਜਦੋਂ ਜਲੰਧਰ ਤੋਂ ਇਨ੍ਹਾਂ ਨੂੰ ਉਮੀਦਵਾਰ ਬਣਾਇਆ ਤਾਂ ਤੁਸੀਂ ਇਕ ਵਾਰ ਤਾਂ ਸੋਚ ਲੈਂਦੇ। ਇਕ ਸਮਾਂ ਸੀ ਜਦ ਭਾਰਤ ਆਜ਼ਾਦ ਹੋਇਆ ਤਾਂ ਜਲੰਧਰ ਸੂਬੇ ਦੀ ਕੁਝ ਦੇਰ ਲਈ ਰਾਜਧਾਨੀ ਵੀ ਰਿਹਾ। ਛੋਟਾ ਸ਼ਹਿਰ ਸੀ ਤੇ ਕਾਫੀ ਸਾਫ-ਸੁਥਰਾ ਸੀ ਪਰ ਅੱਜ ਇਹ ਤਾਂ ਰਹਿਣ ਦੇ ਕਾਬਿਲ ਵੀ ਨਹੀਂ ਰਿਹਾ। ਸ਼ਹਿਰ ਵਿਚ ਅੱਜ ਗੰਦਗੀ, ਨਸ਼ਾ ਅਤੇ ਗੁੰਡਾਗਰਦੀ ਵਧੀ ਪਈ ਹੈ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਦੀ ਤਾਂ ਇਥੇ ਕਾਂਗਰਸ ਨੇ ਜ਼ਿਮਨੀ ਚੋਣ ਲਈ ਇਕ ਬਿਹਤਰੀਨ ਤੇ ਔਰਤ ਉਮੀਦਵਾਰ ਮੈਦਾਨ ਵਿਚ ਉਤਾਰੀ ਹੈ।
ਇਹ ਵੀ ਪੜ੍ਹੋ- ਪੁੱਤਰਾਂ ਨਾਲ ਮਿਲ ਵਿਧਵਾ ਔਰਤ ਚਲਾ ਰਹੀ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਇਤਰਾਜ਼ਯੋਗ ਹਾਲਾਤ 'ਚ ਫੜੇ ਕੁੜੀਆਂ-ਮੁੰਡੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।