ਪਰਲਜ਼ ਗਰੁੱਪ ਘਪਲੇ 'ਚ ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ! ਪ੍ਰਸ਼ਾਂਤ ਮੰਜਰੇਕਰ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ

Saturday, Jul 20, 2024 - 03:02 PM (IST)

ਪਰਲਜ਼ ਗਰੁੱਪ ਘਪਲੇ 'ਚ ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ! ਪ੍ਰਸ਼ਾਂਤ ਮੰਜਰੇਕਰ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ

ਮੋਹਾਲੀ (ਨਿਆਮੀਆਂ): ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਇਮੀਗ੍ਰੇਸ਼ਨ ਟੀਮ ਦੇ ਸਹਿਯੋਗ ਨਾਲ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀ.ਏ.ਸੀ.ਐੱਲ.) ਮੁਕੱਦਮੇ ’ਚ ਸਨਰੰਜੀਵਨ ਇਨਫਰਾਸਟਰਕਚਰ ਐਂਡ ਪ੍ਰਾਜੈਕਟ ਪ੍ਰਾਈਵੇਟ ਲਿਮਟਿਡ ਦੇ ਲੋੜੀਂਦੇ ਭਗੌੜੇ ਮੁਲਜ਼ਮ ਡਾਇਰੈਕਟਰ ਪ੍ਰਸ਼ਾਂਤ ਮੰਜਰੇਕਰ ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ। ਉਹ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਮੁੰਬਈ ਹਵਾਈ ਅੱਡੇ ਤੋਂ ਦੁਬਈ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। 

ਇਹ ਖ਼ਬਰ ਵੀ ਪੜ੍ਹੋ - ਪਾਣੀ ਦੀ ਵਾਰੀ ਲਗਾ ਰਹੇ ਪਿਓ-ਪੁੱਤ ਦੇ ਕਤਲਕਾਂਡ ਦੀ ਗੁੱਥੀ ਸੁਲਝੀ, ਪੁਲਸ ਨੇ 24 ਘੰਟਿਆਂ 'ਚ ਕਾਬੂ ਕੀਤੇ ਮੁਲਜ਼ਮ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਪਿੰਡ ਘੋਲੂਮਾਜਰਾ, ਤਹਿਸੀਲ ਡੇਰਾਬਸੀ, ਜ਼ਿਲਾ ਐੱਸ.ਏ.ਐੱਸ.ਨਗਰ ’ਚ ਪੀ.ਏ.ਸੀ.ਐੱਲ. ਲਿਮਟਿਡ ਦੀਆਂ ਜਾਇਦਾਦਾਂ ਦੀ ਗ਼ੈਰ-ਕਾਨੂੰਨੀ ਵਿਕਰੀ ’ਚ ਸ਼ਮੂਲੀਅਤ ਸਬੰਧੀ ਥਾਣਾ ਸਦਰ ਸਿਟੀ ਜ਼ੀਰਾ, ਜ਼ਿਲਾ ਫ਼ਿਰੋਜ਼ਪੁਰ ’ਚ ਦਰਜ ਆਈ.ਪੀ.ਸੀ. ਦੀ ਧਾਰਾ 406, 420, 467, 468, 471 ਤੇ 120-ਬੀ ਤਹਿਤ ਦਰਜ ਮੁਕੱਦਮੇ ’ਚ ਲੋੜੀਂਦਾ ਸੀ। ਮੁਲਜ਼ਮ ਇਸ ਗੱਲ ਤੋਂ ਜਾਣੂ ਸੀ ਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਪੀ.ਏ.ਸੀ.ਐੱਲ. ਲਿਮਟਿਡ ਨੂੰ ਪਿੰਡ ਘੋਲੂਮਾਜਰਾ ਅਤੇ ਹੋਰ ਥਾਵਾਂ ’ਤੇ ਪੀ.ਏ.ਸੀ.ਐੱਲ. ਕੰਪਨੀ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਜਾਇਦਾਦਾਂ ਨੂੰ ਵੇਚਣ ਆਦਿ ’ਤੇ ਰੋਕ ਲਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਫੀਨੋਮੀਨਲ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਤੇ ਸਨਰੰਜੀਵਨ ਇਨਫਰਾਸਟਰਕਚਰ ਐਂਡ ਪ੍ਰਾਜੈਕਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ/ਪ੍ਰਮੋਟਰਾਂ ਨੇ ਹੋਰਨਾਂ ਦੀ ਮਿਲੀਭੁਗਤ ਨਾਲ 2018-19 ’ਚ ਪਿੰਡ ਘੋਲੂਮਾਜਰਾ ਵਿਖੇ ਪੀ.ਏ.ਸੀ.ਐੱਲ. ਦੀ ਅਦਾਲਤ ਵੱਲੋਂ ਵਿਵਾਦਿਤ ਕਰਾਰ ਦਿੱਤੀ 115 ਬਿੱਘੇ ਜ਼ਮੀਨ 'ਤੇ ਬੇਲਾ ਵਿਸਟਾ-01 ਤੇ ਬੇਲਾ ਵਿਸਟਾ-02 ਨਾਮਕ ਦੋ ਕਲੋਨੀਆਂ ਤਿਆਰ ਕੀਤੀਆਂ ਸਨ। ਮੁਲਜ਼ਮ ਡਿਵੈਲਪਰਾਂ ਨੇ ਦੋਵਾਂ ਕਲੋਨੀਆਂ ’ਚ ਲੋਕਾਂ ਨੂੰ ਪਲਾਟ/ਮਕਾਨ ਵੇਚ ਕੇ ਮੋਟਾ ਪੈਸਾ ਕਮਾਇਆ, ਜਿਸ ਕਰਕੇ ਵਿਜੀਲੈਂਸ ਬਿਊਰੋ ਵੱਲੋਂ ਉਕਤ ਮੁਕੱਦਮੇ ’ਚ ਇਨ੍ਹਾਂ ਕੰਪਨੀਆਂ ਦੇ ਪ੍ਰਮੋਟਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਭਿਆਨਕ ਸੜਕ ਹਾਦਸੇ 'ਚ ਸਕੂਲ ਬੱਸ ਦੇ ਡਰਾਈਵਰ ਦੀ ਨਿਕਲੀ ਜਾਨ, 2 ਬੱਚੀਆਂ ਸਿਰੋਂ ਉੱਠਿਆ ਪਿਓ ਦਾ ਸਾਇਆ

ਜ਼ਿਕਰਯੋਗ ਹੈ ਕਿ ਪੀ.ਏ.ਸੀ.ਐੱਲ. ਲਿਮਟਿਡ ਦੀਆਂ ਜਾਇਦਾਦਾਂ ਨੂੰ ਵੇਚਣ ਤੇ ਇਸ ਵਿਕਰੀ ਨਾਲ ਇਕੱਤਰ ਕੀਤੀ ਰਾਸ਼ੀ ਇਸ ਕੰਪਨੀ ਵੱਲੋਂ ਪੇਸ਼ ਕੀਤੀ ਸਮੂਹਿਕ ਨਿਵੇਸ਼ ਯੋਜਨਾ ’ਚ ਆਪਣੀ ਮਿਹਨਤ ਦੀ ਕਮਾਈ ਲਾਉਣ ਵਾਲੇ ਨਿਵੇਸ਼ਕਾਂ ਨੂੰ ਵਾਪਸ ਕਰਨ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਸਟਿਸ (ਸੇਵਾਮੁਕਤ) ਆਰ.ਐਮ. ਲੋਢਾ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਕਤ ਮੁਲਜ਼ਮ ਦਾ ਟਰਾਂਜ਼ਿਟ ਰਿਮਾਂਡ ਲੈ ਲਿਆ ਗਿਆ ਹੈ ਤੇ ਉਸ ਨੂੰ ਪੰਜਾਬ ਦੀ ਸਬੰਧਤ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News