ਅਕਾਲੀ-ਕਾਂਗਰਸੀ ਟ੍ਰਾਂਸਪੋਟਰਾਂ ਦੇ ਪ੍ਰਕਾਸ਼ ਪੁਰਬ ਮੌਕੇ ਵਾਰੇ ਨਿਆਰੇ

Wednesday, Nov 06, 2019 - 03:49 PM (IST)

ਅਕਾਲੀ-ਕਾਂਗਰਸੀ ਟ੍ਰਾਂਸਪੋਟਰਾਂ ਦੇ ਪ੍ਰਕਾਸ਼ ਪੁਰਬ ਮੌਕੇ ਵਾਰੇ ਨਿਆਰੇ

ਬਠਿੰਡਾ (ਵੈੱਬ ਡੈਸਕ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੰਗਤਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਜਿੱਥੇ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਟੈਂਟ ਸਿਟੀ ਬਣਾਈ ਗਈ ਹੈ, ਉਥੇ ਹੀ ਸੰਗਤਾਂ ਦੇ ਆਉਣ-ਜਾਣ ਲਈ ਮੁਫਤ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਇਸ ਨਾਲ ਜਿੱਥੇ ਸਰਕਾਰੀ ਖਜ਼ਾਨੇ ਨੂੰ ਢਾਹ ਲੱਗ ਰਹੀ ਹੈ, ਉਥੇ ਹੀ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਹੋਈ ਪਈ ਹੈ, ਜਿਸ ਦਾ ਲਾਹਾ ਅਕਾਲੀ ਅਤੇ ਕਾਂਗਰਸੀ ਆਗੂਆਂ ਦੀ ਟਰਾਂਸਪੋਰਟ ਨੂੰ ਮਿਲ ਰਿਹਾ ਹੈ।

ਪੰਜਾਬ ਸਰਕਾਰ ਨੇ ਪ੍ਰਕਾਸ਼ ਪੁਰਬ ਸਮਾਰੋਹਾਂ ਲਈ ਪੀ.ਆਰ.ਟੀ.ਸੀ. ਤੋਂ 480 ਬੱਸਾਂ ਅਤੇ ਪੰਜਾਬ ਰੋਡਵੇਜ਼ ਤੋਂ 600 ਬੱਸਾਂ ਲਈਆਂ ਹਨ। ਵੇਰਵਿਆਂ ਅਨੁਸਾਰ ਪੀ.ਆਰ.ਟੀ.ਸੀ. ਕੋਲ ਇਸ ਵੇਲੇ ਕੁੱਲ 1100 ਬੱਸਾਂ ਹਨ, ਜਿਨ੍ਹਾਂ 'ਚੋਂ ਲਗਭਗ 600 ਬੱਸਾਂ ਸੜਕਾਂ 'ਤੇ ਰਹਿ ਗਈਆਂ ਹਨ। ਪੀ.ਆਰ.ਟੀ.ਸੀ. ਦੀ ਗੈਰਹਾਜ਼ਰੀ ਕਰਕੇ ਪ੍ਰਾਈਵੇਟ ਬੱਸ ਮਾਲਕਾਂ ਦੀ ਸਵਾਰੀ ਵਧ ਗਈ ਹੈ। ਬਠਿੰਡਾ-ਚੰਡੀਗੜ੍ਹ ਅਤੇ ਬਠਿੰਡਾ- ਲੁਧਿਆਣਾ ਲਈ ਸਵਾਰੀਆਂ ਕੋਲ ਪ੍ਰਾਈਵੇਟ ਬੱਸਾਂ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਦੋ ਦਿਨਾਂ ਤੋਂ ਪ੍ਰਾਈਵੇਟ ਟਰਾਂਸਪੋਰਟ ਦੀ ਬੁਕਿੰਗ ਕਾਫ਼ੀ ਵਧ ਗਈ ਹੈ। ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ (ਅਪਰੇਸ਼ਨ) ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਰੁਟੀਨ ਵਿਚ 80 ਬੱਸਾਂ ਸਰਕਾਰ ਨੇ ਲਈਆਂ ਹਨ ਜਦੋਂ ਕਿ ਕੁਝ ਦਿਨਾਂ ਲਈ 400 ਹੋਰ ਲਈਆਂ ਗਈਆਂ ਹਨ, ਜਿਨ੍ਹਾਂ ਦੀ ਅਦਾਇਗੀ ਸਰਕਾਰ ਵਲੋਂ ਕੀਤੀ ਜਾਣੀ ਹੈ।

ਉਥੇ ਹੀ ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪ੍ਰਨੀਤ ਮਿਨਹਾਸ ਦਾ ਕਹਿਣਾ ਹੈ ਕਿ ਪ੍ਰਕਾਸ਼ ਪੁਰਬ ਸਮਾਰੋਹਾਂ ਲਈ 600 ਬੱਸਾਂ ਦਿੱਤੀਆਂ ਹਨ। ਪੰਜਾਬ ਰੋਡਵੇਜ਼ ਕੋਲ ਕੁੱਲ 1700 ਬੱਸਾਂ ਹਨ, ਜਿਨ੍ਹਾਂ 'ਚੋਂ 250 ਬੱਸਾਂ ਤਾਂ ਸਮਾਰੋਹਾਂ ਵਿਚ ਰੈਗੂਲਰ ਚੱਲ ਰਹੀਆਂ ਹਨ ਜਦੋਂਕਿ 600 ਬੱਸਾਂ ਅੱਜ ਸਰਕਾਰ ਨੇ ਵਾਧੂ ਲਈਆਂ ਸਨ। ਇਸੇ ਤਰ੍ਹਾਂ ਸਰਕਾਰ ਨੇ 12 ਨਵੰਬਰ ਦੇ ਸਮਾਰੋਹਾਂ ਲਈ 600 ਬੱਸਾਂ ਲਈਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਪ੍ਰਤੀ ਬੱਸ 4500 ਰੁਪਏ ਪ੍ਰਤੀ ਦਿਨ ਅਤੇ ਡੀਜ਼ਲ ਦਾ ਖਰਚਾ ਦਿੱਤਾ ਜਾਣਾ ਹੈ।


author

cherry

Content Editor

Related News